ਅਧਿਆਪਕ ਕੁਲਦੀਪ ਸਿੰਘ ਮਰਾਹੜ, ਸਕੂਲ 'ਚ ਬੂਟਿਆਂ ਨੂੰ ਪਾਣੀ ਲਾਉਂਦੇ ਹੋਏ
ਛੁੱਟੀ ਵਾਲੇ ਦਿਨ ਵੀ ਸਕੂਲ ਪਹੁੰਚਦੇ ਹਨ ਕੁਲਦੀਪ ਸਿੰਘ ਮਰਾਹੜ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ, ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਕੁਲਦੀਪ ਸਿੰਘ ਮਰਾਹੜ ਨੇ ਲਗਾਤਾਰ 1000 ਦਿਨ ਸਕੂਲ ਵਿੱਚ ਪਹੁੰਚ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਕੁਲਦੀਪ ਸਿੰਘ ਮਰਾਹੜ ਨੇ ਜਨਵਰੀ 2019 ਤੋਂ ਸਤੰਬਰ 2021 ਤੱਕ ਹਰ ਰੋਜ਼ ਸਕੂਲ ਪਹੁੰਚ ਕੇ ਸਕੂਲ ਦੀ ਦਿੱਖ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ,
ਕੁਲਦੀਪ ਸਿੰਘ ਮਰਾਹੜ ਐਤਵਾਰ, ਸਰਕਾਰੀ ਛੁੱਟੀਆਂ, ਜੂਨ -ਦਸੰਬਰ ਦੀਆਂ ਦੀਆਂ ਛੁੱਟੀਆਂ, ਤਾਲਾਬੰਦੀ ਦੌਰਾਨ ਸਕੂਲ ਪਹੁੰਚ ਕੇ ਸਕੂਲ ਭਲਾਈ ਕਾਰਜ ਕਰਵਾਉਂਦਾ ਰਿਹਾ ਹੈ। ਇਸ ਸਮੇਂ ਦੌਰਾਨ ਉਸ ਨੇ ਸਕੂਲ ਵਿੱਚ 500 ਨਵੇਂ ਬੂਟੇ, ਝੂਲਿਆਂ ਦਾ ਪਾਰਕ, ਸਾਇੰਸ ਲੈਬਾਟਰੀ, ਲਾਇਬ੍ਰੇਰੀ, ਮਿਡ ਡੇ ਮੀਲ ਬਰਾਂਡਾ, ਸਟੇਜ, ਖੇਡ ਮੈਦਾਨ, ਆਰਟ ਰੂਮ, ਸਟੇਡੀਅਮ ਦੀ ਚਾਰਦੀਵਾਰੀ, ਵਾਲੀਵਾਲ ਗਰਾਊਂਡ, ਬੈਡਮਿੰਟਨ ਕੋਰਟ, ਕਲਰ ਕੋਡਿੰਗ ਆਦਿ ਕਾਰਜਾਂ ਵਿੱਚ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ।
ਇਸ ਤੋਂ ਇਲਾਵਾ ਸਕੂਲ ਭਲਾਈ ਲਈ ਸਮਾਜ ਸੇਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ 7-8 ਲੱਖ ਰੁਪਏ ਇਕੱਠੇ ਕਰਕੇ ਸਕੂਲ ਭਲਾਈ ਕਾਰਜਾਂ ਵਿੱਚ ਲਗਾ ਚੁੱਕਾ ਹੈ ਅਤੇ ਸਕੂਲ ਦੀਆਂ ਦੋਵੇਂ ਬੱਸਾਂ ਦੀ ਸਾਂਭ-ਸੰਭਾਲ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਅਧਿਆਪਕ ਸਕੂਲ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਹੀ ਰੁੱਝਿਆ ਰਹਿੰਦਾ ਹੈ, ਜਿਸਦੇ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਪਿਛਲੇ ਚਾਰ ਸਾਲਾਂ ਦੇ ਸੌ ਫ਼ੀਸਦੀ ਰਹੇ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ,ਵਾਤਾਵਰਣ ਸੰਭਾਲ ਅਤੇ ਖੇਡਾਂ 'ਚ ਭਾਗ ਲੈਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।
ਕੁਲਦੀਪ ਸਿੰਘ ਮਰਾਹੜ ਦੀਆਂ ਅਧਿਆਪਨ ਅਤੇ ਹੋਰ ਸਹਿ ਸੇਵਾਵਾਂ ਤੋਂ ਪਿੰਡ , ਇਲਾਕਾ ਨਿਵਾਸੀ, ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ,ਸਟਾਫ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਬਹੁਤ ਖੁਸ਼ ਹਨ। ਸਕੂਲ ਦੇ ਪ੍ਰਿੰਸੀਪਲ ਮੈਡਮ ਸੁਖਜੀਤ ਕੌਰ ਸੋਹੀ ਨੇ ਦੱਸਿਆ ਕੁਲਦੀਪ ਸਿੰਘ ਮਰਾਹੜ ਦੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਕਤ ਅਧਿਆਪਕ ਦੀ ਜੋ ਵੀ ਡਿਊਟੀ ਲਗਾਈ ਜਾਂਦੀ ਹੈ ਉਸਨੂੰ ਇਹ ਖਿੜੇ ਮੱਥੇ ਨਿਭਾਉਂਦਾ ਹੈ। ਪਿੰਡ ਦੇ ਸਰਪੰਚ ਰਘਬੀਰ ਸਿੰਘ ਨੇ ਕਿਹਾ ਕਿ ਉਕਤ ਅਧਿਆਪਕ ਦੀਆਂ ਸੇਵਾਵਾਂ ਲਈ ਸਮੂਹ ਪੰਚਾਇਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਸ ਲਈ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਕੁਲਦੀਪ ਸਿੰਘ ਮਰਾਹੜ ਨੂੰ ਜਲਦ ਹੀ ਸਨਮਾਨਿਤ ਕੀਤਾ ਜਾਵੇਗਾ।