ਕਾਹਨੂੰਵਾਨ, ਕੁਲਦੀਪ ਜਾਫਲਪੁਰ: ਜੀਵਨ ਜੋਤੀ ਪਬਲਿਕ ਸਕੂਲ ਭੈਣੀ ਮੀਆਂ ਖਾਂ ਦੀ ਹੋਣਹਾਰ ਅਧਿਆਪਕਾ ਨੀਤੂ ਛਾਬੜਾ ਨੂੰ "ਫੈਪ" ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਸਕੂਲ ਦੇ ਪ੍ਰਿੰ: ਅਨੁਜ ਛਾਬੜਾ ਅਤੇ ਵਾਈਸ ਚੇਅਰਮੈਨ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਅਧਿਆਪਕਾ ਨੀਤੂ ਛਾਬੜਾ ਨੂੰ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਏ ਗਏ ਇਕ ਉੱਚ ਪੱਧਰੀ ਅਵਾਰਡ ਸਮਾਗਮ ਵਿਚ ਹੋਣਹਾਰ ਅਧਿਆਪਕ ਦੇ ਤੌਰ ਤੇ "ਫੈਪ" ਨੈਸ਼ਨਲ ਐਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ।
ਇਹ ਸਮਾਗਮ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਾਈਵੇਟ ਸਕੂਲਾਂ ਦੇ 805 ਅਧਿਆਪਕਾਂ ਨੂੰ ਐਵਾਰਡ ਨਾਲ ਸਨਮਾਨਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਚਿੰਨ੍ਹ ਭਵਿੱਖ ਵਿੱਚ ਅਧਿਆਪਕਾਂ ਦੀ ਪਹਿਚਾਣ ਦਾ ਵਿਸ਼ੇਸ਼ ਚਿੰਨ੍ਹ ਹੋਵੇਗਾ। ਇਸ ਸਮਾਗਮ ਵਿਚ ਡਾ: ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਫੈਡਰੇਸ਼ਨ ਨੇ ਪਹਿਲੀ ਵਾਰ ਪ੍ਰਾਈਵੇਟ ਸੰਸਥਾਵਾਂ ਵਿਚ ਕੰਮ ਕਰਦੇ ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ।
ਸਮਾਗਮ ਮੌਕੇ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਹੀ ਤਰੀਕੇ ਨਾਲ ਸਿੱਖਣ ਅਤੇ ਬੋਲਣ ਤੇ ਵਿਚਾਰ ਚਰਚਾ ਵੀ ਕੀਤੀ। ਡਾ: ਸਤਿੰਦਰ ਸਰਤਾਜ, ਨੂਰਾ ਭੈਣਾਂ ਆਦਿ ਨੇ ਵੀ ਗਾਇਕੀ ਨਾਲ ਆਏ ਹੋਏ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ ।
ਅਖੀਰ 'ਚ ਸਕੂਲ ਦੇ ਪ੍ਰਿੰ: ਅਨੁਜ ਛਾਬੜਾ ਨੇ ਕਿਹਾ ਕਿ ਮੈਡਮ ਨੀਤੂ ਛਾਬੜਾ ਨੂੰ ਇਹ ਸਨਮਾਨ ਮਿਲਣਾ ਸਾਡੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਡਮ ਨੀਤੂ ਛਾਬੜਾ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਇਹ ਐਵਾਰਡ ਸਕੂਲ ਨੂੰ ਭੇਂਟ ਕਰ ਦਿੱਤਾ।