ਵਿਦਿਆਰਥੀਆਂ ਦੀ ਗਿਣਤੀ 48 ਤੋਂ 108 ਤੱਕ ਵਧਾਉਣ ਲਈ ਸਕੂਲ ਸਟਾਫ ਨੂੰ ਕੀਤਾ ਸਨਮਾਨਿਤ
ਕਾਹਨੂੰਵਾਨ, ਕੁਲਦੀਪ ਜਾਫਲਪੁਰ: ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਰੋੜਾਂ ਰੁਪਏ ਖਰਚ ਕੇ ਤਿਆਰ ਕੀਤੇ ਗਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾਂ ਦੀਆਂ ਸੁੰਦਰ ਇਮਾਰਤਾਂ ਦਾ ਉਦਘਾਟਨ ਕੀਤਾ। ਇਸ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਚਹਿਰੀ ਰੋਡ ਗੁਰਦਾਸਪੁਰ-2 ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਜਿਥੇ ਸਕੂਲ 'ਚ ਬਣੇ ਨਵੇਂ ਸਮਾਰਟ ਰੂਮ ਦਾ ਉਦਘਾਟਨ ਕੀਤਾ ਉਸ ਦੇ ਨਾਲ ਹੀ ਉਨਾਂ ਸਕੂਲ ਦੇ ਸੁੰਦਰ ਇੰਨਫਰਾਸਟਰਕਚਰ ਅਤੇ ਬੱਚਿਆਂ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ।
ਇਸ ਪ੍ਰੋਗਰਾਮ ਦੌਰਾਨ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਜਦੋਂ ਕਿ ਜ਼ਿਲ੍ਹਾ ਸਿਖਿਆ ਅਫਸਰ (ਐਲੀ) ਮਦਨ ਨਾਲ ਸ਼ਰਮਾ, ਡਿਪਟੀ ਡੀਈਓ ਬਲਬੀਰ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਬੀਪੀਈਓ ਰਾਕੇਸ਼ ਕੁਮਾਰ ਨੇ ਸਮੂਹ ਮਹਿਮਾਨਾਂ ਤੇ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਤੋਂ ਜਾਣੂ ਕਰਵਾਇਆ।
ਇਸ ਮੌਕੇ ਵਿਧਾਇਕ ਪਾਹੜਾ ਨੇ ਇਸ ਸਰਕਾਰੀ ਸਕੂਲ ਵਿਚ ਬੱਚਿਆਂ ਦੀ ਗਿਣਤੀ 48 ਤੋਂ 108 ਕੀਤੇ ਜਾਣ ਤੋਂ ਪ੍ਰਭਾਵਿਤ ਹੋ ਕੇ ਸਕੂਲ ਮੁਖੀ ਕੰਵਲਪ੍ਰੀਤ ਕੌਰ ਤੇ ਸਮੂਹ ਸਟਾਫ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਮੁਢਲੀਆਂ ਸਹੂਲਤਾਂ ਤੇ ਜਰੂਰਤਾਂ ਦੀ ਪੂਰਤੀ ਲਈ ਇਤਿਹਾਸਿਕ ਕਦਮ ਚੁੱਕਣ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਬਾਅਦ ਸਰਕਾਰੀ ਸਕੂਲਾਂ ਲਈ ਹੁਣ ਤੱਕ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਸਕੂਲਾਂ ਨਾਲ ਸਬੰਧਿਤ ਸਮੂਹ ਸਟਾਫ ਨੇ ਮਿਹਨਤ ਕਰਕੇ ਨਾ ਸਿਰਫ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਸਗੋਂ ਸਰਕਾਰੀ ਸਕੂਲਾਂ ਦੇ ਬੱਚੇ ਪੜਾਈ ਵਿਚ ਬਹੁਤ ਅੱਗੇ ਨਿਕਲ ਗਏ ਹਨ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਉਨਾਂ ਦੀ ਕੋਸ਼ਿਸ਼ ਰਹੇਗੀ ਕਿਸੇ ਵੀ ਸਕੂਲ ਵਿਚ ਕੋਈ ਕਮੀ ਨਾ ਰਹੇ। ਇਸ ਮੌਕੇ ਡੀਈਓ ਮਦਨ ਲਾਲ ਸ਼ਰਮਾ ਅਤੇ ਡਿਪਟੀ ਡੀਈਓ ਬਲਬੀਰ ਸਿੰਘ ਨੇ ਵਿਧਾਇਕ ਪਾਹੜਾ ਨੂੰ ਭਰੋਸਾ ਦਵਾਇਆ ਕਿ ਉਹ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਪੜਾਈ ਨੂੰ ਹੋਰ ਉੱਚਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡਣਗੇ।
ਸਕੂਲ ਮੁਖੀ ਕੰਵਲਪ੍ਰੀਤ ਕੌਰ ਨੇ ਵਿਧਾਇਕ ਪਾਹੜਾ ਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਕੂਲ ਵਿਚ ਕੁਝ ਹੀ ਮਹੀਨਿਆਂ ਵਿਚ ਨਾ ਸਿਰਫ ਪੜਾਈ ਦਾ ਪੱਧਰ ਉਚਾ ਚੁੱਕਿਆ ਹੈ ਸਗੋਂ ਬੱਚਿਆਂ ਦੀ ਗਿਣਤੀ 48 ਤੋਂ 108 ਕੀਤੀ ਹੈ।
ਇਸ ਮੌਕੇ ਵਿਧਾਇਕ ਪਾਹੜਾ ਨੇ ਸਮੂਹ ਸਿਖਿਆ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੌਰਾਨ ਉਪਰੋਕਤ ਅਧਿਕਾਰੀਆਂ ਦੇ ਇਲਾਵਾ ਜ਼ਿਲ੍ਹਾ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ, ਨਿਸ਼ਚਿੰਤ ਕੁਮਾਰ, ਰਣਜੀਤ ਸਿੰਘ, ਰਜਨੀਸ਼ ਕੁਮਾਰ, ਮੁਨੀਸ਼ ਕੁਮਾਰ, ਜਸਵੀਰ ਕੌਰ, ਮਨਿੰਦਰ ਕੌਰ, ਬਲਜਿੰਦਰ ਕੌਰ, ਜਸਵਿੰਦਰ ਕੌਰ ਆਦਿ ਮੌਜੂਦ ਸਨ।