ਪੇਸ਼ਕਰਤਾ:- ਡਾ. ਬਲਵਿੰਦਰ ਸਿੰਘ ਥਿੰਦ
ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਲਿਖਤ "ਗੁਰੁ ਸ਼ਬਦ ਰਤਨਾਗਰ : ਮਹਾਨਕੋਸ਼" ਦਾ ਛੇਵਾਂ ਸੰਸਕਰਣ 'ਭਾਸ਼ਾ ਵਿਭਾਗ ਪੰਜਾਬ, ਪਟਿਆਲਾ' ਵੱਲੋਂ 1999 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਇਸ ਮਹਾਨ ਕੋਸ਼ ਦੇ ਪੰਨਾ ਨੰਬਰ 167 'ਤੇ "ਸਰਬਲੋਹ" ਗ੍ਰੰਥ ਬਾਰੇ ਕੀਤੇ ਖੁਲਾਸੇ ਦਾ ਜਿਉਂ ਦਾ ਤਿਉਂ ਹਵਾਲਾ ਪੇਸ਼ ਹੈ:-
ਸਰਬਲੋਹ ਗ੍ਰੰਥ, ਜਿਸ ਦਾ ਦੂਜਾ ਨਾਉਂ "ਮੰਗਲਾਚਰਨ" ਹੈ। ਇਸ ਗ੍ਰੰਥ ਦੇ ਮੁੱਢ ਸ਼੍ਰੀ ਮੁਖਵਾਕ ਪਾਤਸ਼ਾਹੀ ੧੦ ਪਾਠ ਹੈ, ਪਾਠਕਾਂ ਦੇ ਗਿਆਨ ਲਈ ਸਰਬ ਲੋਹ ਦਾ ਖੁਲਾਸਾ ਲਿਖਦੇ ਹਾਂ:-
ਸਰਬਲੋਹ ਦੇ ਪੰਜ ਭਾਗ/ਅਧਿਆਇ ਹਨ-
ਪਹਿਲਾ ਅਧਿਆਏ- "ਦੇਵੀ ਅਤੇ ਆਕਾਲ ਦੀ ਮਹਿਮਾ, ਦੈਤਾਂ ਤੋਂ ਹਾਰ ਕੇ ਦੇਵਤਿਆਂ ਦਾ ਦੇਵੀ ਦੀ ਸ਼ਰਣ ਆਉਣਾ, ਦੇਵੀ ਨੇ ਹੋਰ ਦੇਵਤਿਆਂ ਦੀਆਂ ਸ਼ਕਤੀਆਂ ਨੂੰ ਨਾਲ ਲੈ ਕੇ ਭੀਮਨਾਦ ਦੈਂਤ ਨਾਲ ਲੜਨਾ ਅਤੇ ਉਸ ਨੂੰ ਮਾਰਨਾ" ਬਾਰੇ ਵਰਣਨ ਹੈ।
ਦੂਜਾ ਅਧਿਆਏ - "ਭੀਮਨਾਦ ਦੀ ਇਸਤ੍ਰੀ ਦਾ ਸਤੀ ਹੋਣਾ, ਭੀਮਨਾਦ ਦੇ ਭਾਈ ਬ੍ਰਿਜਨਾਦ (ਵੀਯੰਨਾਦ) ਨੇ ਦੇਵਤਿਆਂ ਨਾਲ ਲੜਨ ਦੀ ਤਿਆਰੀ ਕਰਨੀ, ਇੰਦ੍ਰ ਨੇ ਸਭ ਦੇਵਤਿਆਂ ਨੂੰ ਸਹਾਇਤਾ ਵਾਸਤੇ ਚਿੱਠੀਆਂ ਲਿਖਣੀਆਂ" ਬਾਰੇ ਵਰਣਨ ਹੈ।
ਤੀਜਾ ਅਧਿਆਏ - "ਦੋਹਾਂ ਦਲਾਂ ਦੀ ਚੜ੍ਹਾਈ, ਵਿਸ਼ਨੂੰ ਵੱਲੋਂ ਬ੍ਰਿਜਨਾਦ ਕੋਲ ਨਾਰਦ ਦਾ ਦੂਤ ਹੋ ਕੇ ਜਾਣਾ, ਬ੍ਰਿਜਨਾਦ ਨੇ ਸੁਲਹ ਤੋਂ ਇਨਕਾਰ ਕਰਕੇ ਜੰਗ ਕਰਨ ਦਾ ਇਰਾਦਾ ਕਰਨਾ, ਜੰਗ ਵਿੱਚ ਬ੍ਰਿਜਨਾਦ ਦੇ 11 ਸੈਨਾਪਤੀਆਂ ਦਾ ਮਰਨਾ" ਬਾਰੇ ਵਰਣਨ ਹੈ।
ਚੌਥਾ ਅਧਿਆਏ - "ਘੋਰ ਸੰਗ੍ਰਾਮ ਹੋਣਾ, ਜੰਗ ਵਿੱਚ ਮਰੇ ਹੋਏ ਦੇਵਤਿਆਂ ਨੂੰ ਅੰਮ੍ਰਿਤ ਦੇ ਕੇ ਵਿਸ਼ਨੂੰ ਨੇ ਜਿਵਾਉਣਾ, ਅੰਤ ਨੂੰ ਦੈਂਤਾਂ ਨੇ ਜੰਗ ਜਿੱਤ ਕੇ ਇੰਦ੍ਰ ਨੂੰ ਕੈਦ ਕਰਨਾ, ਵਿਸ਼ਨੂੰ ਨੇ ਇੰਦ੍ਰ ਦੇ ਬੰਧਨ ਕੱਟਣੇ, ਬ੍ਰਿਜਨਾਦ ਨੇ ਫਤੇ ਪਾ ਕੇ ਇੰਦ੍ਰਪੁਰੀ ਪੁਰ ਕਬਜ਼ਾ ਕਰਨਾ" ਬਾਰੇ ਵਰਣਨ ਹੈ।
ਪੰਜਵਾਂ ਅਧਿਆਏ - "ਦੇਵਤਿਆਂ ਦਾ ਦੁਖੀ ਹੋ ਕੇ ਈਸ਼ਵਰ ਅੱਗੇ ਪੁਕਾਰਨਾ, ਪਰਮਾਤਮਾ ਨੇ ਸਰਬਲੋਹ ਅਵਤਾਰ ਧਾਰਨਾ. ਯਥਾ - "ਸਰਬ ਅੰਗ ਬਜਰੰਗ ਹੇ, ਧਾਰਿਓ ਪੁਰਖ ਅਸੰਗ ਹੇ, ਸਰਬਲੋਹ ਅਵਤਾਰ" (ਛੰਦ ੬੫) ਸਰਬਲੋਹ ਵੱਲੋਂ ਬ੍ਰਿਜਨਾਦ ਪਾਸ ਗਣੇਸ਼ ਦਾ ਦੂਤ ਹੋ ਕੇ ਜਾਣਾ, ਸੁਲਹਿ ਦੀਆਂ ਸ਼ਰਤਾਂ ਨਾਮਨਜ਼ੂਰ ਹੋਣ ਪੁਰ ਪਰਸਪਰ ਸੰਗ੍ਰਾਮ ਮੱਚਣਾ, ਦੇਵੀ ਅਤੇ ਹੋਰ ਸ਼ਕਤੀਆਂ ਦਾ ਸਹਾਇਤਾ ਲਈ ਜੰਗ ਅੰਦਰ ਆਉਣਾ, ਸਰਬਲੋਹ ਨੇ ਬ੍ਰਿਜਨਾਦ ਤੋਂ ਛੁੱਟ ਬਾਕੀ ਸਾਰੇ ਦੇਵਤਿਆਂ ਅਤੇ ਦੈਤਾਂ ਨੂੰ ਆਪਣੇ ਵਿੱਚ ਲੀਨ ਕਰਨਾ, ਬ੍ਰਿਜਨਾਦ ਨੇ ਸਰਬਲੋਹ ਦੀ ਉਸਤਤਿ ਕਰਕੇ ਪ੍ਰਾਰਥਨਾ ਕਰਨੀ ਕਿ ਫਿਰ ਪ੍ਰਗਟ ਹੋ ਕੇ ਮੇਰੇ ਨਾਲ ਜੰਗ ਕਰੋ, ਸਰਬਲੋਹ ਨੇ ਫਿਰ ਭਿਆਨਕ ਰੂਪ ਧਾਰ ਕੇ ਭਾਰੀ ਜੰਗ ਕਰਨਾ ਅਤੇ ਬ੍ਰਿਜਨਾਦ ਦਾ ਸਿਰ ਕੱਟ ਕੇ ਸ਼ਿਵ ਨੂੰ ਮੂੰਡਮਾਲਾ (ਗਲ਼ ਵਿੱਚ ਸਿਰਾਂ ਦੀ ਮਾਲਾ) ਦਾ ਮੇਰੁ ਬਣਾਉਣਾ ਲਈ ਦੇਣਾ ਅਤੇ ਸਭ ਦੇਵਤਿਆਂ ਨੂੰ ਖਿਲਤ (ਸਿਰੋਪਾ) ਦੇ ਕੇ ਵਿਦਾ ਕਰਨਾ" ਦਾ ਵਰਣਨ ਹੈ।"
ਭਾਈ ਕਾਹਨ ਸਿੰਘ ਜੀ "ਗੁਰੁ ਸ਼ਬਦ ਰਤਨਾਗਰ : ਮਹਾਨਕੋਸ਼" ਵਿੱਚ ਅੱਗੇ ਲਿਖਦੇ ਹਨ, “ਪੰਡਿਤ ਤਾਰਾ ਸਿੰਘ ਜੀ ਦੀ ਖੋਜ ਅਨੁਸਾਰ ਸਰਬਲੋਹ ਗ੍ਰੰਥ ਭਾਈ ਸੁੱਖਾ ਸਿੰਘ ਦੀ ਰਚਨਾ ਹੈ, ਜੋ ਪਟਨੇ ਸਾਹਿਬ ਦਾ ਗ੍ਰੰਥੀ ਸੀ। ਉਸ ਨੇ ਪ੍ਰਗਟ ਕੀਤਾ ਕਿ ਮੈਨੂੰ ਇਹ ਗ੍ਰੰਥ ਜਗੰਨਾਥ ਦੀ ਝਾੜੀ ਵਿੱਚ ਰਹਿਣ ਵਾਲੇ ਇੱਕ ਅਵਧੂਤ ਉਦਾਸੀ ਤੋਂ ਮਿਲਿਆ ਹੈ, ਜੋ ਕਲਗੀਧਰ ਦੀ ਰਚਨਾ ਹੈ।
"ਸਰਬਲੋਹ" ਗ੍ਰੰਥ ਬਾਬਤ ਭਾਈ ਕਾਹਨ ਸਿੰਘ ਨਾਭਾ ਦੀ ਅੱਗੇ ਟਿੱਪਣੀ ਹੈ,
"ਅਸੀਂ ਭੀ ਸਰਬਲੋਹ ਨੂੰ ਦਸ਼ਮੇਸ਼ ਦੀ ਰਚਨਾ ਮੰਨਣ ਲਈ ਤਿਆਰ ਨਹੀਂ, ਕਿਉਂਕਿ ਇਸ ਵਿੱਚ ਰੂਪਦੀਪ ਭਾਸ਼ਾ ਪਿੰਗਲ ਦਾ ਜਿਕਰ ਆਇਆ ਹੈ। ਰੂਪਦੀਪ ਦੀ ਰਚਨਾ ਸੰਮਤ ੧੭੭੬ (ਸੰਨ 1719 ਈਸਵੀ) ਵਿੱਚ ਹੋਈ ਹੈ ਅਤੇ ਕਲਗੀਧਰ ਸੰਮਤ ੧੭੬੫ (ਸੰਨ 1708 ਈਸਵੀ) ਵਿੱਚ ਜੋਤੀ-ਜੋਤਿ ਸਮਾਏ ਹਨ। ਜੇ ਇਹ ਗ੍ਰੰਥ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਦਾ ਹੈ, ਤਦ ਖਾਲਸੇ ਦਾ ਪ੍ਰਸੰਗ ਅਤੇ ਗ੍ਰੰਥ ਪੰਥ ਨੂੰ ਗੁਰੁਤਾ ਦਾ ਜ਼ਿਕਰ ਕਿਸ ਤਰ੍ਹਾਂ ਆ ਸਕਦਾ ਹੈ? ਜੇ ਅੰਮ੍ਰਿਤ ਸੰਸਕਾਰ ਤੋਂ ਪਿਛੋਂ ਦੀ ਰਚਨਾ ਹੈ, ਤਦ ਦਾਸ ਗੋਬਿੰਦ, ਸ਼ਾਹ ਗੋਬਿੰਦ ਆਦਿਕ ਨਾਮ ਕਿਉਂ?"
ਵਿਸ਼ੇਸ ਨੁਕਤਾ:- ਸਰਬਲੋਹ ਗ੍ਰੰਥ ਸਹੀ ਹੈ ਜਾਂ ਗਲਤ ? ਇਹ ਉਪਰੋਕਤ ਲਿਖਤ ਦਾ ਵਿਸ਼ਾ ਨਹੀਂ ਹੈ।