ਘੜਾਮ (ਪਟਿਆਲਾ) ਵਿਖੇ ਸਥਿਤ ਪੀਰ ਭੀਖਮ ਸ਼ਾਹ ਜੀ ਦੀ ਦਰਗਾਹ
-ਪ੍ਰੋ. ਬਲਵਿੰਦਰ ਸਿੰਘ ਥਿੰਦ (ਡਾ.)
ਇਤਿਹਾਸਕ ਪਿੰਡ ਘੜਾਮ ਦੀ ਵਿਸ਼ੇਸ਼ ਵਿਲੱਖਣਤਾ ਇਸ ਕਰਕੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਅਲੋਕਿਕ ਚਮਕ ਮਹਿਸੂਸ ਕਰਨ ਵਾਲੇ ਜਗਤ ਪ੍ਰਸਿੱਧ ਪੀਰ ਭੀਖਮ ਸ਼ਾਹ ਜੀ ਦੀ ਦਰਗਾਹ ’ਤੇ ਇਕੋ ਸਮੇਂ ‘ਗੁਰੂ ਗ੍ਰੰਥ ਸਾਹਿਬ’ ਦਾ ਪਾਠ ‘ਰਾਮਾਇਣ’ ਦਾ ਪਾਠ ਅਤੇ ‘ਨਮਾਜ਼’ ਅਦਾ ਕੀਤੀ ਜਾਂਦੀ ਹੈ ਜੋ ਕਿ ਸਰਬ ਧਰਮਾਂ ਦੀ ਸਾਂਝੀਵਾਲਤਾ ਦੇ ਪ੍ਰਤੀਕ ਦੇ ਨਾਲ-ਨਾਲ ਭਾਈਚਾਰਕ ਸਾਂਝ ਨੂੰ ਪਕੇਰਾ ਕਰਨ ਦੀ ਵਿਲੱਖਣ ਮਿਸਾਲ ਹੈ।
ਪੰਜਾਬ ਦੀ ਧਰਤੀ ਦੇ ਮਾਲਵਾ ਖੇਤਰ ਵਿਚ ਪਟਿਆਲਾ ਜ਼ਿਲ੍ਹੇ ਦੀ ਧਰਤੀ ਨੂੰ ਅਨੇਕਾਂ ਪੀਰਾਂ, ਫ਼ਕੀਰਾਂ ਦਰਵੇਸ਼, ਭਗਤਾਂ ਅਤੇ ਗੁਰੂ ਸਹਿਬਾਨ ਦੀ ਜਿਥੇ ਚਰਨਛੋਹ ਪ੍ਰਾਪਤ ਹੈ, ਉਥੇ ਇਹ ਧਰਤੀ ਅਨੇਕਾਂ ਭਾਰਤੀ ਰਾਜਿਆਂ ਤੋਂ ਬਿਨਾਂ ਅੰਗਰੇਜ਼ਾਂ ਦੀ ਹਕੂਮਤ ਦਾ ਹਿੱਸਾ ਵੀ ਰਹੀ ਹੈ। ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਦੱਖਣ-ਪੂਰਬ ਦਿਸ਼ਾ ਵੱਲ ਕਰੀਬ 35 ਕਿਲੋਮੀਟਰ ਦੀ ਵਿੱਥ ’ਤੇ ਦੱਖਣ-ਪੂਰਬ ਦਿਸ਼ਾ ਵੱਲ ਘੱਗਰ ਦਰਿਆ ਤੋਂ ਪਾਰ ਵੱਸਿਆ ਹੈ ਨਗਰ ਘੜਾਮ।
ਲੱਗਪਗ 3 ਹਜ਼ਾਰ ਦੀ ਆਬਾਦੀ ਅਤੇ 1193 ਏਕੜ ਜ਼ਮੀਨੀ ਰਕਬੇ ਵਾਲੇ ਪਿੰਡ ਘੜਾਮ ਦਾ ਇਤਿਹਾਸਕ ਪਿਛੋਕੜ ਬਹੁਤ ਹੀ ਅਮੀਰ ਤੇ ਪ੍ਰਾਚੀਨ ਹੈ। ਇਸ ਨਗਰ ਨੇ ਤ੍ਰੇਤਾ ਯੁੱਗ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਇਤਿਹਾਸਕ ਪ੍ਰਭਾਵਾਂ ਦੇ ਇਤਿਹਾਸ ਨੂੰ ਆਪਣੀ ਗਰਭ ’ਚ ਸਾਂਭਿਆ ਹੋਇਆ ਹੈ। ਇਥੇ ਸਮੇਂ ਸਮੇਂ ਹਿੰਦੂ, ਮੁਸਲਮਾਨ, ਸਿੱਖ, ਅੰਗਰੇਜ਼ ਆਦਿ ਸ਼ਾਸਕਾਂ ਨੇ ਰਾਜ ਕੀਤਾ ਹੈ।
ਕਿਹਾ ਜਾਂਦਾ ਹੈ ਕਿ ਤ੍ਰੇਤਾ ਯੁੱਗ ਵਿਚ ਰਾਜਾ ਦਸ਼ਰਥ ਦਾ ਵਿਆਹ ਇਥੋਂ ਦੇ ਰਾਜੇ ਭਾਨੂਮੰਤ ਦੀ ਪੁੱਤਰੀ ਕੌਸ਼ੱਲਿਆ ਨਾਲ ਹੋਇਆ ਸੀ। ਉਸ ਸਮੇਂ ਇਸ ਨਗਰ ਦਾ ਨਾਮ ਕੌਸ਼ਲਪੁਰ/ਕੌਸ਼ਲਦੇਸ਼ ਸੀ ਜੋ ਕਿ ਪੰਜਾਬ ਦੇ ਇਕ ਹਿੱਸੇ ਵਜੋਂ ਜਾਣਿਆ ਜਾਂਦਾ ਸੀ। ਇਸ ਉਲੇਖ ਦਾ ਜਿਕਰ ‘ਰਾਮਾਇਣ’ ਵਿਚ ਵੀ ਆਉਂਦਾ ਹੈ। ਹਿੰਦੂ ਮੱਤ ਵਿਚ ਪ੍ਰਚੱਲਿਤ ਰਵਾਇਤ ਮੁਤਾਬਿਕ ਔਰਤ ਆਪਣੇ ਪਹਿਲੇ ਬੱਚੇ ਨੂੰ ਪੇਕੇ ਘਰ ਜਨਮਦੀ ਹੈ। ਇਸ ਕਰਕੇ ਘੜਾਮ ਭਾਵ ਕੌਸ਼ਲਦੇਸ਼ ਰਾਮਚੰਦਰ ਦਾ ਨਾਨਕਾ ਪਿੰਡ ਹੋਣ ਕਰਕੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਜੇਕਰ ਇਤਿਹਾਸ ਵਿਚ ਕੋਈ ਰਾਮਚੰਦਰ ਹੋਇਆ ਹੈ ਤਾਂ ਉਸ ਦਾ ਜਨਮ 'ਘੜਾਮ' ਦਾ ਹੈ। ਇਸ ਗੱਲ ਦਾ ਹਵਾਲਾ ਪੰਜਾਬ ਯੂਨੀਵਰਸਿਟੀ ਵਲੋਂ ਛਪੀ ਪੁਸਤਕ ‘ਗ੍ਰੰਥ ਆਫ਼ ਫੋਕਲੋਰ’ ਅਤੇ ਕੁਝ ਹੋਰ ਕਿਤਾਬਾਂ ਤੋਂ ਵੀ ਮਿਲਦਾ ਹੈ। ਇਸ ਨਗਰ ਦਾ ਨਾਮ ਰਾਮਚੰਦਰ ਦੇ ਜਨਮ ਤੋਂ ਬਾਅਦ ਕੌਸ਼ਲਪੁਰ ਤੋਂ ‘ਕੋਹੇਰਾਮ’ ਭਾਵ ‘ਰਾਮ ਦੀ ਪਹਾੜੀ’ ਪੈ ਗਿਆ, ਕਿਉਂਕਿ ਰਾਮ ਪਿੰਡ ਵਿਚਲੇ ਪਹਾੜੀ ਵਰਗੇ ਥੇਹ ’ਤੇ ਖੇਡਿਆ ਕਰਦਾ ਸੀ। ਨਗਰ ਕੋਹੇਰਾਮ ਦਾ ਹਵਾਲਾ ਆਇਨ-ਏ-ਅਕਬਰੀ ਅਤੇ ਹੋਰ ਇਸਲਾਮਿਕ ਇਤਿਹਾਸ ਵਿਚ ਵੀ ਮੌਜ਼ੂਦ ਹੈ। ਕੋਹੇਰਾਮ ਤੋਂ ਬਾਅਦ ਇਸ ਨਗਰ ਦਾ ਨਾਮ 'ਘੂ-ਰਾਮ' ਭਾਵ ‘ਰਾਮ ਦਾ ਘਰ’ ਪੈ ਗਿਆ। ਮੁਗਲ ਹਾਕਮਾਂ ਸਮੇਂ ਇਸ ਪਿੰਡ ਦਾ ਨਾਮ ਘੜਾਮ ਪੈ ਗਿਆ ਕਿਉਂਕਿ ਮੁਗਲ ‘ਰਾਮ’ ਦਾ ਨਾਮ ਲੈਣਾ ਨਹੀਂ ਚਾਹੁੰਦੇ ਸਨ। ਪਟਿਆਲਾ ਰਿਆਸਤ ਦੇ ਰਾਜਾ ਕਰਮ ਸਿੰਘ ਨੇ ਇਸ ਪਿੰਡ ਦਾ ਨਾਮ ‘ਰਾਮਗੜ੍ਹ’ ਵੀ ਰੱਖਿਆ ਅਤੇ ਥੇਹ ’ਤੇ ਬਣੇ ਕਿਲੇ ਦੀ ਮੁਰੰਮਤ ਕਰਵਾਈ। ਪੰਜਾਬ ਸਟੇਟ ਗਜਟੀਅਰ 1904 ਵਿਚ ਅੰਗਰੇਜ਼ਾਂ ਸਮੇਂ ਇਸ ਪਿੰਡ ਦਾ ਨਾਮ ‘ਘੂੜਾਮ’ ਦੱਸ ਕੇ ਰਾਮਚੰਦਰ ਦੇ ਨਾਨਕੇ ਪਿੰਡ ਵਜੋਂ ਦੱਸਿਆ ਹੈ। ਇਹੀ ਹਵਾਲਾ ਸਾਨੂੰ ਇਕ ਹੋਰ ਰੈਫਰੈਂਸ ਬੁੱਕ ‘ਏ ਗਾਇਡ ਟੂ ਪੈਪਸੂ 1956’ ਵਿਚੋਂ ਵੀ ਮਿਲਦਾ ਹੈ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਘੜਾਮ ਦੇ ਚੜ੍ਹਦੇ ਪਾਸੇ ਉਸ ਤਲਾਬ ਦੀਆਂ ਨਿਸ਼ਾਨੀਆਂ ਕੁਝ ਸਮਾਂ ਪਹਿਲਾਂ ਤੱਕ ਮੌਜ਼ੂਦ , ਜਿੱਥੇ ਰਾਜਾ ਦਸ਼ਰਥ ਨੇ ਸ਼ਿਕਾਰ ਖੇਡਦਿਆਂ ਸਰਵਣ ਨੂੰ ਤੀਰ ਮਾਰਿਆ ਸੀ, ਜਿਹੜਾ ਆਪਣੇ ਅੰਨ੍ਹੇ ਮਾਂ-ਪਿਓ ਨੂੰ ਵਹਿੰਗੀ ਵਿਚ ਬਿਠਾ ਕੇ ਤੀਰਥਾਂ ਦੀ ਯਾਤਰਾ ਕਰਵਾਉਣ ਲਿਜਾ ਰਿਹਾ ਸੀ। ਨਗਰ ਘੜਾਮ ਵਿਚ ਇਕ ਸ਼ਿਵ ਦਾ ਪ੍ਰਾਚੀਨ ਮੰਦਰ ਵੀ ਮੌਜ਼ੂਦ ਹੈ। ਪ੍ਰਾਚੀਨ ਵੇਰਵਿਆਂ ਤੋਂ ਬਿਨਾਂ ਨਗਰ ਘੜਾਮ ਦੀ ਵਿਸ਼ਵ ਭਰ ਵਿਚ ਪ੍ਰਸਿੱਧੀ ਹਜ਼ਰਤਪੀਰ ਦਸਤਗੀਰ ਖੁਆਜ਼ਾ ਸ਼ਾਹ ਸਈਅਦ ਪੀਰ ਭੀਖਮ ਸ਼ਾਹ ਦੀ ਦਰਗਾਹ ਕਰਕੇ ਹੈ। ਪੀਰ ਭੀਖਮ ਸ਼ਾਹ ਸਿੱਖ ਧਰਮ ਵਿਚ ਪ੍ਰਵਾਨਿਤ ਪੰਜ ਸ਼ਾਹਾਂ ਵਿਚੋਂ ਸਨਮਾਨਯੋਗ ਸ਼ਾਹ ਹੋਏ ਹਨ। ਪੀਰ ਭੀਖਮ ਸ਼ਾਹ ਖੁਆਜ਼ਾ ਮੁਇਨੂਦੀਨ ਚਿਸ਼ਤੀ ਸੰਪ੍ਰਦਾਇ ਦੇ 15ਵੇਂ ਗੱਦੀ ਨਸ਼ੀਨ ਹੋਏ ਹਨ ਅਤੇ ਅਬੁਲ ਸ਼ਾਹ ਮੁਆਲੀ ਦੇ ਮੁਰੀਦ ਸਨ। ਭੀਖਮ ਸ਼ਾਹ ਦਾ ਜਨਮ ਪਿੰਡ ਸਿਆਨਾ (ਅੱਜਕਲ ਤਹਿਸੀਲ ਪਿਹੋਵਾ ਹਰਿਆਣਾ ਪ੍ਰਾਂਤ) ਵਿਚ ਹੋਇਆ। ਭੀਖਮ ਸ਼ਾਹ ਦਾ ਬਹੁਤਾ ਦੁਨਿਆਵੀ ਸਮਾਂ ਇਸੇ ਇਲਾਕੇ ਵਿਚ ਹੀ ਬੀਤਿਆ। ਇਥੇ ਬਣੀ ਦਰਗਾਹ ਅੰਦਰ ਪੀਰ ਭੀਖਮ ਸ਼ਾਹ ਜੀ ਦਾ ਮਜ਼ਾਰ ਹੈ, ਜਿਥੇ ਹਰ ਮਹੀਨੇ ਚੰਦਰਮਾ ਦੀ 11ਵੀਂ ਅਤੇ ਹਰ ਸਾਲ ਮੱਘਰ ਮਹੀਨੇ ਨੂੰ ਬਹੁਤ ਵੱਡਾ ਮੇਲਾ ਲਗਦਾ ਹੈ। ਇਸ ਮੇਲੇ ਮੌਕੇ ਅਰਬ ਦੇਸ਼ਾਂ ਤੋਂ ਮਸ਼ਹੂਰ ਕੱਵਾਲ ਆ ਕੇ ਪੀਰ ਦੀ ਦਰਗਾਹ ’ਤੇ ਹਾਜ਼ਰੀ ਭਰਦੇ ਹਨ। ਇਸ ਦਰਗਾਹ ਦੇ ਮੌਜੂਦਾ ਗੱਦੀ ਨਸ਼ੀਨ ਮਸਤ ਦੀਵਾਨਾ ਬੁਲ੍ਹੇ ਸ਼ਾਹ ਜੀ ਹਨ ਅਤੇ ਉਹ ਮਸਤ ਦੀਵਾਨੀ ਬੀਬੀ ਭੋਲੂ ਸ਼ਾਹ ਜੀ ਪਾਸੋਂ ਦਰਗਾਹ ਦੀ ਸੇਵਾ ਸੰਭਾਲ ਕਰਵਾ ਰਹੇ ਹਨ। ਇਸ ਜਗ੍ਹਾ ’ਤੇ ਪੀਰ ਭੀਖਮ ਸ਼ਾਹ ਜੀ ਦੇ ਵੇਲੇ ਦਾ ਖੂਹ ਅਤੇ ਇਕ ਛੋਟਾ ਜਿਹਾ ਤਲਾਬ ਵੀ ਮੌਜ਼ੂਦ ਹੈ, ਜਿਥੇ ਪੀਰ ਜੀ ਖ਼ੁਦਾ ਦੀ ਬੰਦਗੀ ਕਰਿਆ ਕਰਦੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ ਤਾਂ ਬਾਲ ਗੋਬਿੰਦ ਦੇ ਜਨਮ ਦੀ ਅਲੋਕਿਕ ਚਮਕ ਸਭ ਤੋਂ ਪਹਿਲਾਂ ਪੀਰ ਭੀਖਮ ਸ਼ਾਹ ਜੀ ਨੂੰ ਨਜ਼ਰ ਆਈ। ਕਿਹਾ ਜਾਂਦਾ ਹੈ ਕਿ ਉਸ ਦਿਨ ਦੀ ਨਮਾਜ਼ ਪੀਰ ਭੀਖਮ ਸ਼ਾਹ ਜੀ ਨੇ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਅਦਾ ਕੀਤੀ ਅਤੇ ਮੁਰੀਦਾਂ ਨੂੰ ਕਿਹਾ ਕਿ ਅੱਜ ‘ਉਚ ਦਾ ਪੀਰ’ ਮੁਹੰਮਦ ਸਾਹਿਬ ਚੜ੍ਹਦੇ ਵੱਲ ਪ੍ਰਗਟ ਹੋਏ ਹਨ। ਬਾਅਦ ਵਿਚ ਪੀਰ ਭੀਖਮ ਸ਼ਾਹ ਜੀ ਚਮਤਕਾਰੀ ਜੋਤ ਦੇ ਦਰਸ਼ਨਾਂ ਲਈ ਪਟਨੇ ਪਹੁੰਚੇ ਤੇ ਪ੍ਰਚਲਿਤ ਗਾਥਾ ਅਨੁਸਾਰ ਪੀਰ ਜੀ ਨੇ ਬਾਲ ਗੋਬਿੰਦ ਅੱਗੇ ਮਠਿਆਈ ਦੀਆਂ ਦੋ ਮਟਕੀਆਂ ਭੇਟ ਕੀਤੀਆਂ। ਕੁਝ ਲਿਖਤਾਂ ਵਿੱਚ ਦਹੀਂ ਦੀਆਂ ਮਟਕੀਆਂ ਵੀ ਦੱਸਿਆ ਹੈ। ਬਾਲ ਗੋਬਿੰਦ ਨੇ ਦੋਹਾਂ ਮਟਕੀਆਂ ’ਤੇ ਹੱਥ ਰੱਖਿਆ। ਮੁਰੀਦਾਂ ਦੇ ਪੁੱਛਣ ’ਤੇ ਪੀਰ ਜੀ ਨੇ ਦੱਸਿਆ ਕਿ ਮੈਂ ਮਹਿਸੂਸ ਕਰਨਾ ਚਾਹੁੰਦਾ ਸੀ ਕਿ ਇਹ ਵਲੀ ਹਿੰਦੂਆਂ ਦਾ ਪੱਖ ਕਰੇਗਾ ਜਾਂ ਮੁਸਲਮਾਨਾਂ ਦਾ। ਸੋ ਮੇਰੇ ਦਿਲ ਦੀ ਜਾਣ ਕੇ ਬਾਲ ਗੋਬਿੰਦ ਨੇ ਮੈਨੂੰ ਨਿਸ਼ਚੈ ਕਰਵਾ ਦਿੱਤਾ ਹੈ ਕਿ ਇਹ ਦੋਹਾਂ ਧਰਮਾਂ ਦੀ ਸਰਪ੍ਰਸਤੀ ਕਰੇਗਾ ਅਤੇ ਇਸ ਦੀ ਜ਼ੁਲਮ ਨਾਲ ਟੱਕਰ ਹੋਵੇਗੀ।
ਕੁਝ ਸਮੇਂ ਬਾਅਦ ਪੀਰ ਭੀਖਮ ਸ਼ਾਹ ਜੀ ਨੇ ਬਿਰਧ ਅਵਸਥਾ ਵਿਚ ਫੁਰਨੇ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਯਾਦ ਕੀਤਾ ਕਿ ਮੈਨੂੰ ਦਰਸ਼ਨ ਦੇ ਕੇ ਨਦਿਰੋ ਨਦਿਰ ਨਿਹਾਲ ਕਰੋ। ਓਧਰ ਘਟ-ਘਟ ਕੇ ਅੰਤਰ ਕੀ ਜਾਨਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਵੀ ਪੀਰ ਭੀਖਮ ਸ਼ਾਹ ਦੀ ਮਿਲਾਪ ਤੜਪ ਨੂੰ ਮਹਿਸੂਸ ਕਰਦਿਆਂ 1693 ਈ: ਨੂੰ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ, ਲੱਖੀ ਜੰਗਲ, ਧਮਤਾਨ ਸਾਹਿਬ ਆਦਿ ਥਾਵਾਂ ਤੋਂ ਹੁੰਦੇ ਹੋਏ ਬਾਂਗਰ ਦੇਸ਼ ਦੇ ਦੌਰੇ ’ਤੇ ਗਏ। ਬਾਂਗਰ ਦੇਸ਼ ਦੀ ਵਾਪਸੀ ’ਤੇ ਕੁਰੂਕਸ਼ੇਤਰ, ਪਿਹੋਵਾ, ਕਰ੍ਹਾ ਸਾਹਿਬ ਤੇ ਸਿਆਣਾ ਸੈਦਾਂ ਆਦਿ ਥਾਵਾਂ ਤੋਂ ਹੁੰਦੇ ਹੋਏ ਘੜਾਮ ਨਗਰ ਦੇ ਬਾਹਰਵਾਰ ਬਾਉਲੀ ਸਾਹਿਬ ਵਾਲੇ ਅਸਥਾਨ ’ਤੇ ਬਿਰਾਜਮਾਨ ਹੋਏ। ਮਨੌਤ ਹੈ ਕਿ ਇਹ ਬਾਉਲੀ ਤ੍ਰੇਤਾ ਯੁੱਗ ਵੇਲੇ ਦੀ ਮੌਜ਼ੂਦ ਹੈ। ਕਿਹਾ ਜਾਂਦਾ ਹੈ ਕਿ ਇਸੇ ਜਗ੍ਹਾ ’ਤੇ ਹੀ ਕੌਸ਼ੱਲਿਆ ਨੂੰ ਵਿਆਹੁਣ ਆਏ ਰਾਜਾ ਦਸ਼ਰਥ ਦੀ ਬਰਾਤ ਵਿਸ਼ਰਾਮ ਲਈ ਠਹਿਰੀ ਸੀ ਅਤੇ ਇਸ ਬਾਉਲੀ ਨੂੰ ਰਾਜਾ ਭਾਨੂਮੰਤ ਨੇ ਬਣਵਾਇਆ ਸੀ। ਇਹ ਬਾਉਲੀ ਪ੍ਰਾਚੀਨ ਕਲਾ ਦਾ ਉਤਮ ਨਮੂਨਾ ਹੈ।
ਦੂਜੇ ਪਾਸੇ ਘੜਾਮ ਨਗਰ ਤੋਂ ਚੱਲ ਕੇ ਪੀਰ ਭੀਖਮ ਸ਼ਾਹ ਜੀ ਆਪਣੇ ਮੁਰੀਦਾਂ ਸਣੇ ਬਾਉਲੀ ਵਾਲੇ ਅਸਥਾਨ ’ਤੇ ਆਣ ਪਹੁੰਚੇੇ। ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਜੀ ਨੂੰ ਤੋਹਫ਼ੇ ਵਜੋਂ ਕੁਝ ਬਸਤਰ ਭੇਟ ਕੀਤੇ। ਇਸੇ ਕਰਕੇ ਇਸ ਇਤਿਹਾਸਕ ਯਾਦਗਾਰ ਵਿਚ ਇਹ ਪਵਿੱਤਰ ਅਸਥਾਨ ‘ਗੁਰਦੁਆਰਾ ਬਾਉਲੀ ਸਾਹਿਬ ਮਿਲਾਪਸਰ’ ਨਾਮ ਨਾਲ ਪ੍ਰਸਿੱਧ ਹੈ।
ਰਾਜਸੀ ਪਿਛੋਕੜ ਪੱਖੋਂ ਵੀ ਘੜਾਮ ਨਗਰ ਬਾਦਸ਼ਾਹ ਮੁਹੰਮਦ ਗੋਰੀ, ਖਿਲਜੀ ਅਤੇ ਮੁਹੰਮਦ ਤੁਗਲਕ ਵੇਲੇ ਮੁੱਖ ਕੇਂਦਰ ਰਿਹਾ। ਸੰਨ 1192 ਈਸਵੀ ਨੂੰ ਮੁਹੰਮਦ ਗੋਰੀ ਨੇ ਗਜ਼ਨੀ ਦੀ ਵਾਪਸੀ ਵੇਲੇ ਘੜਾਮ ਅਤੇ ਸਮਾਣਾ ਦੇ ਇਲਾਕੇ ਕੁਤਬਦੀਨ ਐਬਕ ਦੇ ਹਵਾਲੇ ਕਰ ਦਿੱਤੇ ਸਨ। ਕੁਤਬਦੀਨ ਐਬਕ ਨੇ ਘੜਾਮ ਨੂੰ ਆਪਣੀ ਫ਼ੌਜ ਦਾ ਹੈੱਡ ਕੁਆਰਟਰ ਬਣਾ ਕੇ ਮੇਰਠ ’ਤੇ ਹਮਲਾ ਕੀਤਾ ਤੇ ਫਿਰ ਦਿੱਲੀ ਨੂੰ ਜਿੱਤਿਆ। ਕੁਤਬਦੀਨ ਐਬਕ ਬਾਅਦ ਵਿਚ 1206 ਈਸਵੀ ਨੂੰ ਲਾਹੌਰ ਵਿਖੇ ਹਿੰਦੁਸਤਾਨ ਦੇ ਪਹਿਲੇ ਬਾਦਸ਼ਾਹ ਦੇ ਤੌਰ ’ਤੇ ਗੱਦੀ ਉਤੇ ਬੈਠਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਫ਼ੌਜ ਦੀ ਅਗਵਾਈ ਕਰਦਿਆਂ 26 ਨਵੰਬਰ 1709 ਈ: ਨੂੰ ਸਮਾਣਾ ਜਿੱਤਣ ਤੋਂ ਬਾਅਦ ਘੜਾਮ ਨਗਰ ਨੂੰ ਮੁਗਲ ਪਠਾਣਾਂ ਤੋਂ ਆਜ਼ਾਦ ਕਰਵਾਇਆ ਅਤੇ ਥੇਹ ’ਤੇ ਬਣੇ ਕਿਲੇ ’ਤੇ ਕਬਜ਼ਾ ਕਰਕੇ ਇਹ ਇਲਾਕਾ ਸਮਾਣਾ ਦੇ ਫ਼ੌਜਦਾਰ ਭਾਈ ਫ਼ਤਿਹ ਸਿੰਘ ਦੇ ਸਪੁਰਦ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਦਰਸਾਉਂਦਾ ਇਸ ਪਿੰਡ ਵਿਚ ‘ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ’ ਮੌਜ਼ੂਦ ਹੈ।
ਇਸ ਨਗਰ ਵਿਚ ਲਗਪਗ 200 ਫੁੱਟ ਉੱਚਾ ਥੇਹ ਹੈ, ਜਿਸ ਦੀ ਸਾਬਕਾ ਰਾਸ਼ਟਰਪਤੀ ਅਤੇ ਪੰਜਾਬ ਵਿਚ 1971 ਦੇ ਤਤਕਾਲੀਨ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੇ ਹੁਕਮਾਂ ਨਾਲ ਪੁਰਾਤਤਵ ਵਿਭਾਗ ਨੇ ਖ਼ੁਦਵਾਈ ਕੀਤੀ ਸੀ। ਇਸ ਖ਼ੁਦਵਾਈ ਮੌਕੇ ਪ੍ਰਾਚੀਨ ਕਾਲ ਨੂੰ ਦਰਸਾਉਂਦੇ ਕਾਫੀ ਸਬੂਤ ਮਿਲੇ ਸਨ ਪਰ ਫੰਡਾਂ ਦੀ ਘਾਟ ਅਤੇ ਕੁਝ ਹੋਰ ਕਾਰਨਾਂ ਕਰਕੇ ਇਹ ਖ਼ੁਦਵਾਈ ਦਾ ਕੰਮ ਅਧਵਾਟੇ ਹੀ ਰੋਕ ਦਿੱਤਾ ਗਿਆ ਸੀ। ਨਗਰ ਘੜਾਮ ਵਿਚਲੇ ਥੇਹ ’ਤੇ ਖੰਡਰ ਹੋਏ ਕਿਲੇ ਦਾ ਕੁਝ ਹਿੱਸਾ ਅਜੇ ਵੀ ਮੌਜ਼ੂਦ ਹੈ। ਕਿਲੇ ’ਤੇ ਬਣਵਾਏ ਜਾ ਰਹੇ ਗੁਰਦੁਆਰਾ ਸਾਹਿਬ ਅਤੇ ਮੰਦਰ ਦੀ ਸੇਵਾ ‘ਸੱਭਿਆਚਾਰ ਅਤੇ ਵਿਰਸਾ ਸੰਭਾਲ ਸੋਸਾਇਟੀ’ ਦੇ ਪ੍ਰਧਾਨ ਰਹੇ ਅਤੇ ‘ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ’ ਦੇ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਰੰਧਾਵਾ ਦੀ ਕੋਸ਼ਿਸ਼ ਸਦਕਾ ਨੇਪਰੇ ਚੜ੍ਹ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੂਹਰੇ ਮਾਤਾ ਕੌਸ਼ੱਲਿਆ ਦੀ ਗੋਦ ਵਿਚ ਬੈਠੇ ਸ੍ਰੀ ਰਾਮ ਦੀ ਮੂਰਤੀ ਨੂੰ ਰੱਖਣ ’ਤੇ ਕੁਝ ਲੋਕਾਂ ਵਲੋਂ ਇਤਰਾਜ਼ ਵੀ ਪ੍ਰਗਟਾਇਆ ਗਿਆ ਹੈ।
ਗੁਰੂ ਘਰ ਨਾਲ ਸਬੰਧਿਤ ਪਵਿੱਤਰ ਅਸਥਾਨ ਦੀ ਸੇਵਾ ਕਾਰ ਸੇਵਾ ਅਧੀਨ ਚੱਲ ਰਹੀ ਹੈ। ਗੁਰਦੁਆਰਾ ਬਾਉਲੀ ਸਾਹਿਬ ਮਿਲਾਪਸਰ ਵਿਖੇ ਹਰ ਸਾਲ ਵਿਸਾਖੀ ਅਤੇ ਹਰ ਮਹੀਨੇ ਮੱਸਿਆ ਨੂੰ ਵੱਡੀ ਗਿਣਤੀ ’ਚ ਮੇਲਾ ਲੱਗਦਾ ਹੈ, ਜਿਸ ਮੌਕੇ ਪ੍ਰੰਪਰਾ ਅਨੁਸਾਰ ਗੁਰਦੁਆਰਾ ਮਿਲਾਪਸਰ ਤੋਂ ਨਗਰ ਕੀਰਤਨ ਪੀਰ ਭੀਖਮ ਸ਼ਾਹ ਜੀ ਦੀ ਦਰਗਾਹ ’ਤੇ ਜਾਂਦਾ ਹੈ।
ਇਸ ਪਿੰਡ ਦੀ ਬਹੁਤੀ ਵਸੋਂ ਖੇਤੀ ਪ੍ਰਧਾਨ ਹੈ ਅਤੇ ਪਾਕਿਸਤਾਨ ਤੋਂ ਦੇਸ਼ ਦੀ ਵੰਡ ਵੇਲੇ ਉਜੜ ਕੇ ਆਏ ਪੰਜਾਬੀ ਸਰਦਾਰਾਂ ਦੀ ਹੈ। ਕੁਝ ਲੋਕ ਜੱਦੀ ਵਸਨੀਕ ਵੀ ਹਨ। ਇਹ ਨਗਰ ਹੁਣ ਮੁੱਖ ਸੜਕ ਤੋਂ ਹੱਟਵਾਂ ਹੋਣ ਕਾਰਨ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ। ਇਸ ਨਗਰ ਦੇ ਵਸਨੀਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਨਗਰ ਨੂੰ ਵਿਰਾਸਤ ਵਜੋਂ ਸੰਭਾਲ ਕੇ ‘ਪਵਿੱਤਰ ਨਗਰੀ’ ਦਾ ਦਰਜਾ ਦਿੱਤਾ ਜਾਵੇ ਅਤੇ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।
ਇਸ ਤਰ੍ਹਾਂ ਪਿੰਡ ਘੜਾਮ ਪਟਿਆਲਾ ਸ਼ਹਿਰ ਤੋਂ ਵੀ ਹਜ਼ਾਰਾਂ ਸਾਲ ਪੁਰਾਣਾ ‘ਤ੍ਰੇਤੇ ਯੁੱਗ’ ਵਿਚ ਵੱਸਿਆ ਹੋਇਆ ਹੈ। ਇਹ ਨਗਰ ਤਿੰਨ ਵੱਖ-ਵੱਖ ਧਰਮਾਂ ਦੀ ਆਪਸੀ ਸਾਂਝ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਨਗਰ ਘੜਾਮ ਦੂਰੋਂ ਨੇੜਿਉਂ ਆਈਆਂ ਸੰਗਤਾਂ ਲਈ ਜਿਥੇ ਧਾਰਮਿਕ, ਸੱਭਿਆਚਾਰਕ, ਭਾਈਚਾਰਕ, ਰਾਜਨੀਤਕ ਆਦਿ ਗਤੀਵਿਧੀਆਂ ਦਾ ਕੇਂਦਰ ਹੈ, ਉਥੇ ਅਧਿਆਤਮਿਕ ਧਾਰਾ ਦਾ ਵੀ ਕੇਂਦਰ ਬਿੰਦੂ ਹੈ।
ਪਿੰਡ ਘੜਾਮ ਦੀ ਵਿਸ਼ੇਸ਼ ਵਿਲੱਖਣਤਾ ਇਸ ਕਰਕੇ ਹੈ ਕਿ ਇਸ ਪਿੰਡ ਵਿਚ ਜਗਤ ਪ੍ਰਸਿੱਧ ਪੀਰ ਭੀਖਮ ਸ਼ਾਹ ਜੀ ਦੀ ਦਰਗਾਹ ’ਤੇ ਇਕੋ ਸਮੇਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਪਾਠ ‘ਰਾਮਾਇਣ’ ਦਾ ਪਾਠ ਅਤੇ ‘ਨਮਾਜ਼’ ਅਦਾ ਕੀਤੀ ਜਾਂਦੀ ਹੈ ਜੋ ਕਿ ਸਰਬ ਧਰਮਾਂ ਦੀ ਸਾਂਝੀਵਾਲਤਾ ਦੇ ਪ੍ਰਤੀਕ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਪਕੇਰਾ ਕਰਨ ਦੀ ਵਿਲੱਖਣ ਮਿਸਾਲ ਹੈ।
ਡਾ. ਬਲਵਿੰਦਰ ਸਿੰਘ ਥਿੰਦ,
ਸਹਾਇਕ ਪ੍ਰੋਫੈਸਰ ਅਤੇ ਮੁਖੀ ਪੀ.ਜੀ. ਪੰਜਾਬੀ ਵਿਭਾਗ,
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ (ਜਲੰਧਰ) ਪਿੰਨ 144101.
ਮੋਬਾਈਲ ਨੰਬਰ 9417606572 ,
ਈਮੇਲ : thindbsingh72@gmail.com