ਐਤਵਾਰ, 7 ਨਵੰਬਰ, 2021 ਨੂੰ ਸਵਰਗੀ ਮਾਤਾ ਦਲਜੀਤ ਕੌਰ ਜੀ ਨਮਿਤ ਅੰਤਿਮ ਅਰਦਾਸ ਸਮਾਰੋਹ ਮੌਕੇ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਅੇਵੇਨਿਊ ਸਥਿਤ ਗੁਰਦੁਆਰਾ ਸਾਹਿਬ ਵਿਖੇ 'ਪੰਜਾਬੀ ਜਾਗਰਣ' ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਉਨ੍ਹਾਂ ਦੇ ਪੁੱਤਰ ਵਰਜੀਤ ਸਿੰਘ ਵਾਲੀਆ IAS, ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ 'ਦੈਨਿਕ ਜਾਗਰਣ' (ਜਲੰਧਰ) ਦੇ ਸੰਪਾਦਕ ਅਮਿਤ ਸ਼ਰਮਾ ਵਿਖਾਈ ਦੇ ਰਹੇ ਹਨ।
ਜਲੰਧਰ: ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ਅੰਦਰ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ਚ ਅੱਜ (7 ਨਵੰਬਰ, 2021 ਨੂੰ) ਮਾਹੌਲ ਕੁਝ ਸੋਗਵਾਰ ਪਰ ਡਾਢਾ ਸਕਾਰਾਤਮਕ ਸੀ। ‘ਪੰਜਾਬੀ ਜਾਗਰਣ’ ਦੇ ਸੰਪਾਦਕ ਸ. ਵਰਿੰਦਰ ਸਿੰਘ ਵਾਲੀਆ ਦੇ ਸਵਰਗੀ ਮਾਤਾ ਦਲਜੀਤ ਕੌਰ ਜੀ ਨਮਿਤ ਅੰਤਿਮ ਅਰਦਾਸ ਮੌਕੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕੁਲਵਿੰਦਰ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ। ਦੱਸ ਦੇਈਏ ਕਿ ਮਾਤਾ ਦਲਜੀਤ ਕੌਰ ਜੀ 3 ਨਵੰਬਰ, 2021 ਨੂੰ 96 ਸਾਲ ਦੀ ਉਮਰੇ ਅਕਾਲ–ਚਲਾਣਾ ਕਰ ਗਏ ਸਨ। ਉਹ ਪਿਛਲੇ ਕੁਝ ਸਮੇਂ ਤੋਂ ਬਜ਼ੁਰਗੀ ਦੇ ਆਲਮ ’ਚ ਆਮ ਹੋਣ ਵਾਲੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ।
ਸਵਰਗੀ ਮਾਤਾ ਦਲਜੀਤ ਕੌਰ ਜੀ ਦੀ ਪੁਰਾਣੀ ਤਸਵੀਰ
ਇਸ ਮੌਕੇ ਸ. ਵਾਲੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪੁੱਜੇ ਉਨ੍ਹਾਂ ਕੁਝ, ਜਾਣਕਾਰਾਂ, ਮਿੱਤਰ–ਪਿਆਰਿਆਂ ਤੇ ਹੋਰ ਲੋਕਾਂ ਨੂੰ ਵੀ ਆਪੋ–ਆਪਣੀਆਂ ਸਦਾ ਲਈ ਵਿੱਛੜੀਆਂ ਮਾਂਵਾਂ ਚੇਤੇ ਆ ਰਹੀਆਂ ਸਨ ਪਰ ਜੁੱਗੋ–ਜੁੱਗ ਅਟੱਲ ਅਕਾਲ ਪੁਰਖ ਦਾ ਭਾਣਾ ਤਾਂ ਸਭ ਨੂੰ ਮੰਨਣਾ ਹੀ ਪੈਂਦਾ ਹੈ।
ਲਗਭਗ ਤਿੰਨ ਕੁ ਸਾਲਾਂ ਪਿੱਛੋਂ ਜਲੰਧਰ ਗਿਆ ਸਾਂ ਇਸ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ। ਸੰਪਾਦਕ ਸ. ਵਰਿੰਦਰ ਸਿੰਘ ਵਾਲੀਆ ਜੀ ਇਸ ਬੇਹੱਦ ਦੁੱਖ ਦੀ ਘੜੀ ’ਚ ਲਗਭਗ ਹਰੇਕ ਵਿਅਕਤੀ ਦਾ ਖ਼ਿਆਲ ਰੱਖ ਰਹੇ ਸਨ; ਹਰੇਕ ਨੂੰ ਲੰਗਰ ਛਕ ਕੇ ਜਾਣ ਤੇ ਚਾਹ–ਪਾਣੀ ਪੀਣ ਲਈ ਆਖ ਰਹੇ ਸਨ। ਸੱਚਮੁਚ ਇੱਕ ਇੰਜਣ ਬਣ ਕੇ ਅੱਗੇ ਲੱਗੀ ਸ਼ਖ਼ਸੀਅਤ ਨੂੰ ਕਿਵੇਂ ਲੋਕਾਂ ਸਾਹਮਣੇ ਆਪਣੇ ਸਾਰੇ ਦੁੱਖ–ਦਰਦ ਸੀਨੇ ’ਚ ਦਬਾ ਕੇ ਰੱਖਣੇ ਪੈਂਦੇ ਹਨ – ਉਹ ਸਭ ਲੁਕਾਉਂਦਿਆਂ ਅੱਜ ਮੈਂ ਵਾਲੀਆ ਸਾਹਿਬ ਨੂੰ ਤੱਕਿਆ। ਕੀ ਅੱਜ ਉਨ੍ਹਾਂ ਨੂੰ ਆਪਣੇ ਬਚਪਨ ਦੇ ਦਿਨ ਚੇਤੇ ਨਹੀਂ ਆ ਰਹੇ ਹੋਣਗੇ, ਜਦੋਂ ਮਾਤਾ ਜੀ ਉਨ੍ਹਾਂ ਨੂੰ ਖਿਡਾਉਂਦੇ ਹੋਣਗੇ, ਪਿਆਰ ਨਾਲ ਚੂਰੀ ਕੁੱਟ ਕੇ ਖਵਾਉਂਦੇ ਹੋਣਗੇ। ਕੀ ਉਨ੍ਹਾਂ ਨੂੰ ਇਹ ਯਾਦ ਨਹੀਂ ਆ ਰਿਹਾ ਹੋਵੇਗਾ ਕਿ ਮਾਂ ਆਪ ਭਾਵੇਂ ਕਿੰਨੀ ਵੀ ਦੁਖੀ ਕਿਉਂ ਨਾ ਹੋਵੇ, ਉਹ ਆਪਣੇ ਬੱਚੇ ਦੇ ਹਰ ਦੁੱਖ ’ਚ ਕਿਵੇਂ ਦੁਖੀ ਹੋ ਜਾਇਆ ਕਰਦੀ ਸੀ ਤੇ ਉਸ ਦੇ ਹਰ ਸੁੱਖ ’ਚ ਉਸ ਨੂੰ ਕਿਵੇਂ ਚਾਅ ਚੜ੍ਹ ਜਾਂਦਾ ਸੀ।
ਪਰ ਵਾਲੀਆ ਸਾਹਿਬ ਨੇ ਅੱਜ ਆਪਣਾ ਅਜਿਹਾ ਕੋਈ ਵੀ ਭਾਵ ਕਿਸੇ ਦੇ ਸਾਹਮਣੇ ਨਹੀਂ ਆਉਣ ਦਿੱਤਾ – ਜੋ ਇੱਕ ਵਧੀਆ ਜਰਨੈਲ ਦੀ ਨਿਸ਼ਾਨੀ ਹੁੰਦੀ ਹੈ; ਉਸ ਦਾ ਆਪਣਾ ਦਿਲ ਭਾਵੇਂ ਕਿੰਨਾ ਵੀ ਨਿਰਾਸ਼ ਕਿਉਂ ਨਾ ਹੋਵੇ, ਉਹ ਆਪਣੀ ਫ਼ੌਜ ਨੂੰ ਕਦੇ ਆਪਣੇ ਅਜਿਹੇ ਦੁੱਖ ਦੀ ਭਾਫ਼ ਨਹੀਂ ਲੱਗਣ ਦਿੰਦਾ; ਬਿਲਕੁਲ ਉਵੇਂ ਜਿਵੇਂ ਇੱਕ ਚੰਗਾ ਡਾਕਟਰ ਆਪਣੇ ‘ਛੇਤੀ ਮਰਨ ਵਾਲੇ ਮਰੀਜ਼’ ਲਈ ਵੀ ਕਦੇ ਨਾਂਹ–ਪੱਖੀ ਸ਼ਬਦ ਅੱਗੇ ਨਹੀਂ ਆਉਣ ਦਿੰਦਾ – ਉਸ ਦੀ ਕੋਸ਼ਿਸ਼ ਹਰ ਵੇਲੇ ਮਰੀਜ਼ ਨੂੰ ਹਾਂ–ਪੱਖੀ ਵਿਚਾਰਾਂ ਨਾਲ ਸਰਾਬੋਰ ਕਰ ਕੇ ਹੀ ਰੱਖਣ ਦੀ ਰਹਿੰਦੀ ਹੈ। ਇੰਝ ਹੀ ਇੱਕ ਚੰਗਾ ਵਕੀਲ ਕਦੇ ਆਪਣੇ ਮੁਵੱਕਿਲ ਨੂੰ ਕਦੇ ਨਹੀਂ ਆਖੇਗਾ ਕਿ ਉਹ ਕੇਸ ਹਾਰ ਜਾਵੇਗਾ – ਉਹ ਸਦਾ ਜਿੱਤਣ ਦੀ ਹੀ ਗੱਲ ਕਰੇਗਾ। ਬੱਸ ਇਹੋ ਜਿਹਾ ਹੀ ਇੱਕ ਮੋਹਰੀ ਆਗੂ ਦਾ ਰੂਪ ਹੀ ਅੱਜ ਮੈਂ ਸ. ਵਰਿੰਦਰ ਸਿੰਘ ਵਾਲੀਆ ਦਾ ਵੇਖਿਆ।
ਅੱਜ ਦੇ ਇਸ ਸੋਗਵਾਰ ਸਮਾਰੋਹ ਦੇ ਬਹਾਨੇ ਆਪਣੇ ਪੁਰਾਣੇ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਬਿਲਕੁਲ ਇੰਝ ਜਾਪਿਆ, ਜਿਵੇਂ ਆਪਣੇ ਥੋੜ੍ਹੇ ਸਮੇਂ ਲਈ ਵਿੱਛੜੇ ਪਰਿਵਾਰਕ ਮੈਂਬਰਾਂ ’ਚ ਆ ਗਿਆ ਹੋਵਾਂ।
ਇਸ ਮੌਕੇ ਇੱਕ ਕੋਣੇ ’ਚ ਖਲੋਤੇ ਸਤਵਿੰਦਰ ਸਿੰਘ ਧੜਾਕ (ਸਟਾਫ਼ ਰਿਪੋਰਟਰ ਤੇ ਜ਼ਿਲ੍ਹਾ ਇੰਚਾਰਜ, ਮੋਹਾਲੀ) ਅਤੇ ਯਾਦਵਿੰਦਰ ਸਿੰਘ ਭੁੱਲਰ (ਯਾਦੂ ਭੁੱਲਰ) 'ਮਾਂ' ਬਾਰੇ ਲਿਖੀਆਂ ਆਪੋ–ਆਪਣੀਆਂ ਕਾਵਿ–ਟੂਕਾਂ ਸਾਂਝੀਆਂ ਕਰ ਰਹੇ ਸਨ।
ਯਾਦੂ ਭੁੱਲਰ ਨੇ ਮਾਂ ਨੂੰ ਸਮਰਪਿਤ ਆਪਣੀ ਇਹ ਰਚਨਾ ਸੁਣਾਈ:
ਸਾਨੂੰ ਰੋਂਦੇ ਛੱਡ ਗਈ ,
ਜੋ ਠੰਡੀ ਛਾਂ ਹੁੰਦੀ ਸੀ।
ਹੁਣ ਕਿੱਥੋਂ ਲੱਭਾ...
ਮਮਤਾ ਦੀ ਮੂਰਤ,
ਮੇਰੀ ਮਾਂ ਹੁੰਦੀ ਸੀ॥
ਫਿਰ ਸਤਵਿੰਦਰ ਸਿੰਘ ਧੜਾਕ ਹੁਰੀਂ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ, ਉਨ੍ਹਾਂ ਇਰਸ਼ਾਦ ਫ਼ਰਮਾਇਆ:
‘ਜਦੋਂ ਪੈਰ ਜ਼ਮੀਨ ’ਤੇ ਥਿਰਕ ਪੈਂਦੇ,
ਫੜ ਉਂਗਲੀ ਡਿੱਗਣੋਂ ਬਚਾ ਲੈਂਦੀ,
ਮੈਂ ਤਾਂ ਆਲੂ ਨੂੰ ਵੀ ਆਗੂ ਆਖਦਾ ਸੀ,
ਬੇਬੇ ਆਪੇ ਸਮਝ ਕੇ ਖੁਆ ਲੈਂਦੀ।
ਬਿਨਾ ਚਿਮਟੇ ਤੋਂ ਰੋਟੀ ਥੱਲਦੀ ਸੀ,
ਹੱਥਾਂ ਉੱਤੇ ਅੰਗਿਆਰੇ ਝੱਲਦੀ ਸੀ।
ਤੰਗੀ–ਤੋਟੀ ਦੇ ਤੂਫ਼ਾਨਾਂ ਨਾਲ ਜੰਗ ਲੜ ਕੇ,
ਮੇਰੀ ਮਾਂ ਸਕੂਲ ਨੂੰ ਘੱਲਦੀ ਸੀ।’
ਇੰਝ ਉੱਥੇ ਮਾਹੌਲ ਚੁਪਾਸੇ ਅਜਿਹਾ ਹੀ ‘ਮਮਤਾਮਈ’ ਸੀ। ਇੱਕ ਪਾਸੇ ਨਰਿੰਦਰ ਸਿੰਘ ਸੱਤੀ ਆਪਣੇ ਸਬੰਧਤ ਤਜਰਬੇ ਸਾਂਝੇ ਕਰ ਰਹੇ ਸਨ, ਉੱਥੇ ਹੀ ਅਰੁਣਦੀਪ ਤੇ ਹਰਜੀਤ ਸਿੰਘ ਹੁਰੀਂ ਵੀ ਵਰਿੰਦਰ ਸਿੰਘ ਜੀ ਵਾਲੀਆ ਤੇ ਉਨ੍ਹਾਂ ਦੀ ਸਵਰਗੀ ਮਾਂ ਨਾਲ ਸਬੰਧਤ ਪੁਰਾਣੀਆਂ ਯਾਦਾਂ ਚੇਤੇ ਕਰ ਕੇ ਆਪਣੇ ਹੋਰ ਸਾਥੀਆਂ ਦੀ ਜਾਣਕਾਰੀ ’ਚ ਵਾਧਾ ਕਰ ਰਹੇ ਸਨ।
ਜਤਿੰਦਰ ਪੰਮੀ (ਸਟਾਫ਼ ਰਿਪੋਰਟਰ ਤੇ ਜ਼ਿਲ੍ਹਾ ਇੰਚਾਰਜ, ਜਲੰਧਰ) ਨੇ ਕਿਉਂਕਿ ਸ਼ਾਇਦ ਆਪਣੇ ਅਖ਼ਬਾਰ ‘ਪੰਜਾਬੀ ਜਾਗਰਣ’ ਲਈ ਰਿਪੋਰਟ ਤਿਆਰ ਕਰਨੀ ਹੋਵੇਗੀ, ਇਸ ਲਈ ਉਹ ਉੱਧਰ ਹਰ ਗਤੀਵਿਧੀ ਉੱਤੇ ਬਾਰੀਕਬੀਨੀ ਨਾਲ ਨਜ਼ਰ ਰੱਖ ਰਹੇ ਸਨ।
ਤੇਜਿੰਦਰ ਕੌਰ ਥਿੰਦ ਅਤੇ ਬਲਵਿੰਦਰ ਸਿੰਘ ਥਿੰਦ ਦੀ ਜੋੜੀ ਨੇ ਵੀ ਵਾਲੀਆ ਸਾਹਿਬ ਤੇ ਉਨ੍ਹਾਂ ਦੇ ਮਾਤਾ ਜੀ ਬਾਰੇ ਕਈ ਗੱਲਾਂ ਦੱਸੀਆਂ। ਉਨ੍ਹਾਂ ਦੱਸਿਆ ਕਿ ਵਾਲੀਆ ਸਾਹਿਬ ਛੇਤੀ ਕਿਤੇ ਬਹੁਤੀ ਖ਼ੁਸ਼ੀ ਵਿੱਚ ਕਦੇ ਵੀ ਵਧੇਰੇ ਖ਼ੁਸ਼ੀ ਦਾ ਪ੍ਰਗਟਾਵਾ ਨਹੀਂ ਕਰਦੇ ਅਤੇ ਗ਼ਮੀ ’ਚ ਜ਼ਿਆਦਾ ਦੁੱਖੀ ਨਹੀਂ ਹੁੰਦੇ। ਉਨ੍ਹਾਂ ਦੀ ਜ਼ਿਆਦਾਤਰ ਕੋਸ਼ਿਸ਼ ਇਹੋ ਹੁੰਦੀ ਹੈ ਕਿ ਕੋਈ ਉਨ੍ਹਾਂ ਨਾਲ ਦੁੱਖ ਨਾ ਪ੍ਰਗਟਾਵੇ – ਬੱਸ ਆਪਣੀ ਡਿਊਟੀ ਨਿਭਾਵੇ ਤੇ ਅੱਗੇ ਵਧਦਾ ਰਹੇ – ਕਿਉਂਕਿ ਜੋ ਭਾਣਾ ਵਰਤ ਚੁੱਕਾ ਹੈ, ਉਸ ਦੀ ਵਾਪਸੀ ਤਾਂ ਕਦੇ ਹੋਣੀ ਨਹੀਂ ਹੈ।
‘ਪੰਜਾਬੀ ਜਾਗਰਣ’ ਦੇ ਜਲੰਧਰ ਸਥਿਤ ਅਮਲੇ–ਫੈਲੇ ਦੇ ਮੈਨੇਜਰ ਸ੍ਰੀ ਨੀਰਜ ਸ਼ਰਮਾ ਵੀ ਇਸ ਮੌਕੇ ਮਿਲੇ, ਜੋ ਇੱਥੇ ਵੀ ਕੁਝ ਪ੍ਰਬੰਧਕੀ ਕਾਰਜਾਂ ’ਚ ਰੁੱਝੇ ਹੋਏ ਸਨ।
ਯਾਦਵਿੰਦਰ ਦੀਦਾਵਰ, ਤੇਜਿੰਦਰ ਕੁਮਾਰ, ਰਵਿੰਦਰ ਸਿੰਘ, ਸੰਦੀਪ ਮਹੇ, ਸੁਖਵਿੰਦਰ ਸੁੱਖੀ, ਲਲਿਤ ਸੋਢੀ, ਹਰਮੀਤ ਸਿੰਘ, ਨੀਰਜ ਕੁਮਾਰ, ਰਵਿੰਦਰ ਪਾਲ, ਮਨਦੀਪ ਕੁਮਾਰ, ਜੈ ਸਿੰਘ ਛਿੱਬਰ, ਜੱਗੀ ਕਲੇਰ, ਅਵਤਾਰ ਸਿੰਘ ਪਾਬਲਾ ਜਿਹੇ ਸਾਥੀਆਂ ਨੂੰ ਮਿਲ ਕੇ ਅੱਜ ਮਨ ਸੱਚਮੁਚ ਤਰੋਤਾਜ਼ਾ ਹੋ ਗਿਆ ਤੇ ਇਹ ਅੰਤਿਮ ਅਰਦਾਸ ਸਮਾਰੋਹ ਸੱਚਮੁਚ ਇੱਕ ਜਜ਼ਬਾਤੀ ਪਰ ‘ਹਰ ਹਾਲ ਵਿੱਚ ਸਦਾ ਅੱਗੇ ਵਧਦੇ ਰਹਿਣ’ ਲਈ ਪ੍ਰੇਰਿਤ ਕਰਨ ਦਾ ‘ਸਕਾਰਾਤਮਕ’ (ਹਾਂ–ਪੱਖੀ – Positive) ਸੁਨੇਹਾ ਦੇ ਗਿਆ।
ਹਾਂ, ਇੱਕ ਟੀਸ ਜ਼ਰੂਰ ਰਹਿ ਗਈ ਕਿ ਜੇ ਅੱਜ ਕਿਤੇ ਸੁਸ਼ੀਲ ਖੰਨਾ (ਨਿਊਜ਼ ਐਡੀਟਰ, ਪੰਜਾਬੀ ਜਾਗਰਣ), ਅਸ਼ੋਕ ਅਜਨਬੀ, ਡਾ. ਗੁਰਪ੍ਰੀਤ ਸਿੰਘ ਲਾਡੀ, ਪਰਮਜੀਤ ਸਿੰਘ ਜੀ ਸਾਸਨ, ਸੰਦੀਪ ਕੁਮਾਰ, ਰਾਮਮੂਰਤੀ, ਕੁਲਵਿੰਦਰ, ਮਾਨ ਸਿੰਘ ਹੁਰਾਂ ਨੂੰ ਮਿਲਣ ਦਾ ਸੁਭਾਗ ਮਿਲਦਾ, ਤਦ ਮੇਰੇ ਲਈ ਨਿਜੀ ਤੌਰ 'ਤੇ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਣੀ ਸੀ।
ਐਡੀਟਰ ਸ੍ਰੀ ਵਰਿੰਦਰ ਸਿੰਘ ਵਾਲੀਆ ਦੀ ਯੋਗ ਅਗਵਾਈ ਹੇਠ ‘ਪੰਜਾਬੀ ਜਾਗਰਣ’ ਦੀ ਇਸ ਉਪਰੋਕਤ ਸਮੁੱਚੀ ਮਜ਼ਬੂਤ ਟੀਮ ਨਾਲ ਅਸਿਸਟੈਂਟ ਐਡੀਟਰ ਵਜੋਂ ਗੁਜ਼ਾਰਿਆ ਇੱਕ ਸਾਲ (20 ਜੁਲਾਈ, 2017 ਤੋਂ 11 ਜੂਨ, 2018) ਜਿਵੇਂ ਮੈਂ ਤਾਉਮਰ ਨਹੀਂ ਭੁਲਾ ਸਕਾਂਗਾ, ਤਿਵੇਂ ਹੀ ਅੱਜ ਦਾ ਇਹ ਅੰਤਿਮ ਅਰਦਾਸ ਸਮਾਰੋਹ ਵੀ ਮੇਰੇ ਚੇਤਿਆਂ ਦੀ ਚੰਗੇਰ ’ਚ ਸਦਾ ਸਾਂਭਿਆ ਰਹੇਗਾ।