ਗੁਰੂ ਨਾਨਕ ਬਾਣੀ ਦੇ ਸਰੋਕਾਰ: 'ਕਾਲ' ਤੋਂ 'ਅਕਾਲ' ਦੀ ਯਾਤਰਾ
-ਡਾ. ਬਲਵਿੰਦਰ ਸਿੰਘ ਥਿੰਦ,
ਮੁਖੀ ਅਤੇ ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ (ਜਲੰਧਰ)
ਮੋਬਾਈਲ ਨੰਬਰ 9417606572, Email: thindbsingh72@gmail.com

ਬਾਣੀ ਸੰਸਾਰ ਵਿਚਲੇ ਪ੍ਰਵਚਨਾਂ ਦਾ ਮੂਲ ਝਰੋਖਾ ਨਾਨਕ ਬਾਣੀ ਹੈ। ਨਾਨਕ ਬਾਣੀ ਦਾ ਕੇਂਦਰੀ ਭਾਵ 'ਮੂਲ ਮੰਤਰ' ਵਿਚ ਹੈ। 'ਮੂਲ ਮੰਤਰ' ਵਿਚ 'ਬ੍ਰਹਮ' ਦੇ ਨਿਰਗੁਣ ਸਰੂਪ ਦੀਆਂ ਜੋ ਵਡਿਆਈਆਂ ਹਨ, ਉਨ੍ਹਾਂ ਦਾ ਪਾਸਾਰ ਹੀ ਨਾਨਕ ਬਾਣੀ ਦੇ ਆਰ-ਪਾਰ ਫੈਲਿਆ ਹੈ। ਜਿਹੜੇ ਸੰਦੇਸ਼ ਨਾਨਕ ਬਾਣੀ ਦਾ ਰਚਨਾਤਮਕ ਵਿਸਥਾਰ ਬਣੇ ਹਨ, ਉਨ੍ਹਾਂ ਸੰਦੇਸ਼ਾਂ ਨੂੰ ਹੀ ਬਾਕੀ ਗੁਰੂ ਸਾਹਿਬਾਨ ਨੇ ਰੱਬੀ ਸੁਰਤਿ ਅਤੇ ਆਲੋਕਿਕ ਗਿਆਨ ਰਾਹੀਂ ਵਿਸਥਾਰ ਦਿੱਤਾ ਹੈ। ਨਾਨਕ ਬਾਣੀ ਵਿਚਲੇ ਸੰਦੇਸ਼ਾਂ/ਵਿਚਾਰਾਂ/ਸਰੋਕਾਰਾਂ ਦੇ ਸੰਗ੍ਰਹਿਤ ਪ੍ਰਵਾਹ ਦਾ ਕਿਰਿਆਤਮਕ ਸਰੂਪ 'ਗੁਰਮਤਿ ਵਿਚਾਰਧਾਰਾ' ਹੈ। ਗੁਰਮਤਿ ਵਿਚਾਰਧਾਰਾ ਦੇ ਨੇਮ, ਸਿਧਾਂਤ ਅਤੇ ਸੰਰਚਨਾ ਦਾ ਵਿਆਕਰਣਿਕ ਅਤੇ ਸੰਗੀਤਕ ਸਰੂਪ ਵਿਚ ਸ਼ਬਦੀ ਪ੍ਰਗਟਾਵਾ 'ਗੁਰਮਤਿ ਕਾਵਿਧਾਰਾ' ਹੈ। ਅਰਥਾਤ ਗੁਰਮਤਿ ਕਾਵਿਧਾਰਾ ਦਾ ਆਧਾਰ, ਨਾਨਕ ਬਾਣੀ ਵਿਚਲੇ 'ਬ੍ਰਹਮ' ਦਾ ਸਰੂਪ ਅਤੇ ਇਲਾਹੀ ਅਨੁਭਵ ਦੀਆਂ ਰਚਨਾਤਮਕ ਪੈੜਾਂ ਹਨ। ਵਿਦਵਾਨਾਂ ਨੇ ਇਸ ਕਾਵਿਧਾਰਾ ਦੇ ਗੁਣਾਂ ਨੂੰ ਪਛਾਣਦਿਆਂ ਗੁਰਮਤਿ ਕਾਵਿਧਾਰਾ ਨੂੰ 'ਮੱਧਕਾਲੀ ਪੰਜਾਬੀ ਸਾਹਿਤ ਦੀ ਸੁਨਹਿਰੀ ਕਾਵਿਧਾਰਾ ਕਿਹਾ ਹੈ।' ਗੁਰਮਤਿ ਕਾਵਿਧਾਰਾ ਦੀ ਵਿਹਾਰਕ ਪਰੰਪਰਾ ਗੁਰਮਤਿ ਵਿਚਾਰਧਾਰਾ ਹੈ, ਜਿਸ ਵਿਚਲੀ ਰੂਹਾਨੀਅਤ, ਗਹਿਰਾਈ ਅਤੇ ਦੁਨਿਆਵੀ ਚਿੰਤਨ ਸਿੱਖ ਧਰਮ ਦੀ ਬੁਨਿਆਦ ਬਣੇ ਹਨ। ਨਾਨਕ ਬਾਣੀ ਦੇ 'ਨਿਰਭਉ' ਤੇ 'ਨਿਰਵੈਰੁ' ਸਰੋਕਾਰ ਗੁਰਸਿੱਖ/ਗੁਰਮੁਖ ਦੇ ਜੀਵਨ ਵਿਹਾਰ ਦਾ ਆਧਾਰ ਹਨ। ਇਹੀ ਕਾਰਨ ਹੈ ਕਿ ਗੁਰਮਤਿ ਵਿਚਾਰਧਾਰਾ ਦਾ ਪਾਂਧੀ ਜ਼ਿੰਦਗੀ ਅਤੇ ਮੌਤ ਨੂੰ ਸਮਸਰਿ/ਬਰਾਬਰ ਕਰਕੇ ਜਾਣਦਾ ਹੈ।
ਗੁਰੂ ਨਾਨਕ ਬਾਣੀ ਦਾ ਸੋਮਾ ਕਾਦਰ ਦੀ ਕੁਦਰਤ ਨਾਲ ਸੰਬੰਧਿਤ ਹੋਣ ਕਰਕੇ ਮੂਲ ਸੁਰ ਅਧਿਆਤਮਕ ਹੈ ਪਰ ਇਸ ਬਾਣੀ ਦੀਆਂ ਸੁਰਾਂ ਵਿਚਲਾ ਸੰਦੇਸ਼ ਕੁਦਰਤ ਦੀ ਕਾਇਨਾਤ ਧਰਤੀ 'ਤੇ ਵਸਦੇ ਜੀਵਾਂ ਲਈ ਹੈ। ਦੂਜੇ ਸ਼ਬਦਾਂ ਵਿਚ ਨਾਨਕ ਬਾਣੀ ਦਾ ਪਾਸਾਰ ਅਰਸ਼ ਤੋਂ ਫ਼ਰਸ਼ ਭਾਵ ਬ੍ਰਹਿਮੰਡ ਤੋਂ ਧਰਤੀ ਤੱਕ ਹੈ। ਗੁਰੂ ਸਾਹਿਬ ਨੇ ਇਲਾਹੀ ਪ੍ਰਵਚਨਾਂ ਰਾਹੀਂ ਲੋਕਾਈ ਨਾਲ ਸੰਵਾਦ ਰਚਾਉਂਦਿਆਂ ਜਿੱਥੇ ਕਾਦਰ ਦੀ ਪਛਾਣ ਕੁਦਰਤਿ 'ਚੋਂ ਦੱਸੀ ਹੈ, ਉਥੇ ਸੱਚੀ/ਸੁੱਚੀ ਕਿਰਤ 'ਚੋਂ ਕਾਦਰ ਪਛਾਣਨ ਦਾ ਰਾਹ ਦੱਸਿਆ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥1
ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਕਾਲ/ਮੌਤ ਦੇ ਭੈਅ ਤੋਂ ਮੁਕਤ ਕਰਦਿਆਂ ਅਣਖ ਨਾਲ ਜਿਊਣ ਦਾ ਪੈਗ਼ਾਮ ਦਿੱਤਾ। ਨਾਨਕ ਬਾਣੀ ਵਿਚ ਮੌਤ/ਕਾਲ ਤੋਂ ਸਦੀਵੀ ਜੀਵਨ/ਅਕਾਲ ਦਾ ਜੋ ਰਹੱਸ ਹੈ, ਉਹ ਬੜਾ ਪ੍ਰਸੰਗਿਕ ਅਤੇ ਮੁੱਲਵਾਨ ਹੈ। ਗੁਰਵਾਕ ਹੈ;
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥2
ਸੂਰਬੀਰਤਾ ਦੇ ਅਜਿਹੇ ਪੈਗ਼ਾਮ ਵਿਚ ਬੇਗ਼ੈਰਤ ਸ਼ਖ਼ਸ ਦੀ ਜ਼ਿੰਦਗੀ ਨੂੰ ਜਿੱਥੇ 'ਹਰਾਮ' ਆਖਿਆ, ਉਥੇ ਗ਼ੈਰਤਮੰਦ ਨੂੰ 'ਮੌਤ' ਵਿਚੋਂ 'ਅਮਰ ਜੀਵਨ' ਤਲਾਸ਼ਣ ਦਾ ਸੁਨੇਹਾ ਹੈ। 'ਕਾਲ' ਤੋਂ 'ਅਕਾਲ' ਨਾਲ ਜੁੜਨ ਦਾ ਸੱਦਾ ਹੈ। ਦਰਅਸਲ ਬਾਣੀ ਦਾ ਕਾਵਿ-ਸ਼ਾਸਤਰ ਅਜਿਹੇ ਖ਼ਾਲਸ ਵਿਚਾਰਾਂ ਦਾ ਧਾਰਨੀ ਹੈ, ਜਿਸ ਦਾ ਸ਼ਿਖਰ ਖ਼ਾਲਸ ਰਾਜ ਦੀ ਸਥਾਪਨਾ ਕਰਨਾ ਹੈ, ਧਰਤੀ ਨੂੰ ਧਰਮਸ਼ਾਲ ਬਣਾਉਣਾ ਹੈ। ਪ੍ਰੇਮਾ ਭਗਤੀ 'ਤੇ ਉਸਰੀ ਇਸ ਖ਼ਾਲਸ ਵਿਚਾਰਧਾਰਾ ਦੀ ਸਥਾਪਨਾ 'ਨਿਰਭਉ' ਤੇ 'ਨਿਰਵੈਰੁ' ਹੋਏ ਬਿਨਾਂ ਸੰਭਵ ਨਹੀਂ ਹੈ। ਅਜਿਹੀ ਖ਼ਾਲਸ ਵਿਚਾਰਧਾਰਾ ਵਿਚ ਦਾਖ਼ਲੇ ਦੀ ਪ੍ਰਵਾਨਗੀ ਲਈ 'ਆਪਾ ਵਾਰਨਾ' ਪੈਂਦਾ ਹੈ। ਗੁਰਵਾਕ ਹੈ;
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ ੨੦॥3
ਪਰਉਪਕਾਰ ਲਈ ਤਲੀ 'ਤੇ ਟਿਕਾਇਆ ਸਿਰ ਹੀ 'ਸੀਸ' ਦਾ ਰੁਤਬਾ ਹਾਸਲ ਕਰਦਾ ਹੈ। ਸਿਰ ਤੋਂ ਸੀਸ ਦੇ ਪੈਂਡੇ ਵਾਲੀ 'ਧਰਤ' ਨੂੰ ਲੋਕ ਸਮੂਹ 'ਸਾਹਿਬ' ਦੇ ਤਖੱਲਸ ਨਾਲ ਸਤਿਕਾਰਦਾ ਹੈ। 'ਸਿਰ ਤੋਂ ਸੀਸ' ਬਣਨ ਦੀ ਗਾਥਾ ਸੰਬੰਧਿਤ ਕੌਮ/ਧਰਮ ਵਿਚ ਕੁਕਨੂਸ ਪੈਦਾ ਕਰਦੀ ਹੈ। ਗੁਰਮਤਿ ਅਨੁਸਾਰ ਇਸ ਮਾਰਗ ਦੇ ਪਾਂਧੀਆਂ ਨੂੰ ਹੀ 'ਇਹ ਲੋਕ ਸੁਖੀਏ ਪਰਲੋਕ ਸੁਹੇਲੇ' ਵਾਲਾ ਪਿੜ ਹਾਸਲ ਹੈ। ਪ੍ਰਭੂ ਰੰਗ 'ਚ ਰੰਗੇ ਅਜਿਹੇ ਜੁਝਾਰੂ ਨੂੰ ਕਾਲ ਦੇ ਬੰਧਨ ਤੋਂ ਮੁਕਤੀ ਹੈ ਅਤੇ ਅਕਾਲ ਵਿਚ ਅਭੇਦ ਹੋਣ ਦੀ ਅਮਰ ਪ੍ਰਾਪਤੀ ਹੈ। ਇਸ ਵਿਚਾਰਧਾਰਾ ਦਾ ਪਾਂਧੀ ਉਹ ਗੁਰਮੁਖ ਹੈ ਜੋ ਖ਼ੁਦ ਨੂੰ ਮਨਫ਼ੀ ਕਰਦਾ ਹੋਇਆ 'ਪੰਜ ਵਿਕਾਰਾਂ' ਨੂੰ ਜਿੱਤਦਾ ਹੈ। ਅਜਿਹੀ ਮੌਤ ਦੀ ਉਪਮਾ 'ਸੁਖਮਨੀ' ਬਾਣੀ ਵਿਚ ਸਾਧ, ਸੰਤ, ਪੰਡਿਤ, ਬ੍ਰਹਮਗਿਆਨੀ ਦੇ ਸਾਕਾਰ ਅਰਥਾਂ ਵਿਚ ਛੁਪੀ ਹੈ।
ਹਿੰਦੁਸਤਾਨ ਦੀ ਤਵਾਰੀਖ਼ ਵਿਚ ਸਿੱਖ ਧਰਮ ਦਾ ਉਦੈ ਹੋਣਾ ਅਤੇ ਫਿਰ ਇਸ ਧਰਮ ਦੀਆਂ ਮਰਿਯਾਦਾਵਾਂ 'ਤੇ 'ਖਾਲਸਾ ਪੰਥ' ਦੀ ਸਾਜਣਾ ਦੋ ਅਜਿਹੀਆਂ ਅਹਿਮ ਘਟਨਾਵਾਂ ਹਨ, ਜਿਨ੍ਹਾਂ ਨੇ ਹਿੰਦੁਸਤਾਨ ਦੀ ਹੋਣੀ ਨੂੰ ਨਵਾਂ ਭਵਿੱਖ ਦਿੱਤਾ ਹੈ। ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ ਹੋਣ ਦੇ ਨਾਲ ਰੂਹਾਨੀ ਜਹਾਨ ਦੇ ਲਾਸਾਨੀ ਫ਼ਿਲਾਸਫ਼ਰ ਅਤੇ ਨਵੇਂ ਯੁਗ ਦੇ ਪਹਿਲੇ ਹਰਕਾਰੇ ਸਨ। ਜ਼ਿੰਦਗੀ ਤੋਂ ਬੇਪ੍ਰਵਾਹ ਹੁੰਦਿਆਂ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸੰਤ ਫ਼ਕੀਰ ਗੁਰੂ ਨੇ ਵਕਤੀ ਜ਼ੁਲਮੀ ਧਿਰਾਂ ਨੂੰ 'ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ ਬੈਠੇ ਸੁਤੇ॥4 ਕਹਿ ਕੇ ਵੰਗਾਰਿਆ ਸੀ। ਗੁਰੂ ਨਾਨਕ ਨੇ 'ਪਾਪ ਕੀ ਜੰਞ' ਦੇ ਮੁਹਾਵਰੇ ਰਾਹੀਂ ਵਕਤ ਦੇ ਜ਼ਾਲਮ ਹਮਲਾਵਰ ਬਾਬਰ ਨੂੰ ਜ਼ਾਬਰ ਕਹਿ ਕੇ ਭਾਰਤ ਦਾ ਭਵਿੱਖ ਤੈਅ ਕਰ ਦਿੱਤਾ ਸੀ ਕਿ ਗੁਰਮਤਿ ਵਿਚਾਰਧਾਰਾ ਦੇ ਪਾਂਧੀ ਇਸ ਧਰਤੀ ਦੇ ਵਾਰਿਸ ਬਣਨਗੇ। ਗੁਰੂ ਨਾਨਕ ਬਾਣੀ ਵਿਚ ਬਾਬਰ ਨਾਲ ਸੰਬੰਧਿਤ ਪ੍ਰਮਾਣ ਉਸ ਜ਼ਮਾਨੇ ਦੀ ਕੀਮਤੀ ਤਵਾਰੀਖ਼ ਹਨ। 'ਅਕਾਲ ਪੁਰਖੁ' ਦੇ ਹੁਕਮ ਮੁਤਾਬਿਕ ਗੁਰੂ ਨਾਨਕ ਸਾਹਿਬ ਦੀ ਭੂਮਿਕਾ ਹਿੰਦੁਸਤਾਨ ਦੀ ਮੁਰਦਾ ਹੋਈ ਲੋਕਾਈ ਨੂੰ ਮੌਤ ਦੇ ਭੈਅ ਤੋਂ ਮੁਕਤ ਕਰਵਾਉਂਦਿਆਂ ਅਸਲ ਜੀਵਨ ਜਿਊਣ ਦੀ ਜਾਚ/ਜੁਗਤ ਦੱਸਣ ਵਿਚ ਸੀ। ਗੁਰਮਤਿ ਆਸ਼ੇ ਮੁਤਾਬਕ 'ਕਾਲ' ਤੋਂ 'ਅਕਾਲ' ਵਿਚ ਅਭੇਦ ਹੋਣ ਲਈ ਮੌਤ ਦੇ ਭੈਅ ਤੋਂ ਮੁਕਤ ਹੋਣਾ ਪਹਿਲੀ ਸ਼ਰਤ ਹੈ। ਗੁਰਬਾਣੀ ਅਨੁਸਾਰ ਮੌਤ ਤਿੰਨ ਕਿਸਮ ਦੀ ਹੈ;
ਸਰੀਰਕ ਮੌਤ :-
ਸਰੀਰਕ ਮੌਤ ਕੁਦਰਤ ਦੇ ਨਿਯਮਾਂ ਅਧੀਨ ਹੈ ਜੋ ਕਿ ਹਰ ਪ੍ਰਾਣੀ 'ਤੇ ਆਉਣੀ ਹੀ ਹੈ। ਇਹ ਮੌਤ ਉਮਰ ਦੀ ਕਿਸੇ ਵੀ ਅਵੱਸਥਾ (ਬਚਪਨ, ਜੁਆਨੀ, ਬੁਢੇਪਾ) ਵਿਚ ਆ ਸਕਦੀ ਹੈ। ਗੁਰੂ ਨਾਨਕ ਬਾਣੀ ਦੇ ਸਰਬਕਾਲੀ ਸੱਚ ਅਜਿਹੀ ਮੌਤ ਦੀ ਹਾਮੀ ਭਰਦੇ ਹਨ ਕਿ ਹਰ ਜੀਵ 'ਅਕਾਲ ਪੁਰਖੁ' ਦੇ ਹੁਕਮ ਨਾਲ ਇਸ ਜਗਤ ਵਿਚ ਆਉਂਦਾ ਹੈ ਤੇ ਉਸ ਦੇ ਹੁਕਮ ਅਨੁਸਾਰ ਹੀ ਇਥੋਂ ਜਾਂਦਾ ਹੈ;
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥5
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ॥
ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬ ਸੰਮ੍ਰਾਲੇਹਾਂ॥
ਸਾਹਿਬੁ ਸਮ੍ਰਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ॥
ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ॥
ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ॥
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ॥6
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ॥
ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ॥7
ਗੁਰੂ ਨਾਨਕ ਸਾਹਿਬ ਤਾਂ ਮਨੁੱਖ ਨੂੰ ਇਥੋਂ ਤੱਕ ਦ੍ਰਿੜ ਕਰਵਾਉਂਦੇ ਹਨ ਕਿ ਅਸੀਂ ਆਦਮੀ ਇਕ ਦਮ (ਸਾਹ) ਦੇ ਹੀ ਮਾਲਕ ਹਾਂ, ਕੀ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ।
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥8
ਗੁਰਮਤਿ ਵਿਚਾਰਧਾਰਾ ਦੀ ਦੂਜੀ ਜੋਤ ਗੁਰੂ ਅੰਗਦ ਸਾਹਿਬ ਵੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੀ ਪ੍ਰੋੜਤਾ ਕਰਦੇ ਕਹਿੰਦੇ ਹਨ ਕਿ ਜੀਵ ਪ੍ਰਭੂ ਦਾ ਭੇਜਿਆ ਹੀ ਇਸ ਜਗਤ ਵਿਚ ਆਉਂਦਾ ਹੈ ਤੇ ਉਸ ਦੇ ਹੁਕਮ ਨਾਲ ਹੀ ਕੂਚ ਕਰਦਾ ਹੈ;
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥9
ਸੋ ਗੁਰਬਾਣੀ ਦਾ ਮਨੁੱਖ ਨੂੰ ਪ੍ਰਤੱਖ ਸੁਨੇਹਾਂ ਹੈ ਕਿ ਮੌਤ ਤੋਂ ਨਹੀਂ ਡਰਨਾ ਚਾਹੀਦਾ, ਕਿਉਂਕਿ ਇਨਸਾਨ ਅਕਾਲ ਪੁਰਖ ਦੇ ਹੁਕਮ ਅਨੁਸਾਰ ਮਰਨ ਲਈ ਹੀ ਜੰਮਦਾ ਹੈ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ; 'ਮਰਣੁ ਲਿਖਾਇ ਆਏ ਨਹੀ ਰਹਣਾ॥'10
ਭਾਵ ਜਦੋਂ ਜੀਵ ਜੰਮਦਾ ਹੈ ਤਾਂ ਮੌਤ ਉਸ ਦੇ ਮੱਥੇ 'ਤੇ ਲਿਖੀ ਹੁੰਦੀ ਹੈ।
ਆਤਮਕ ਮੌਤ :-
ਅਕਾਲ ਪੁਰਖ ਨੇ ਮਨੁੱਖ ਨੂੰ ਧਰਤੀ ਦਾ ਸਿਕਦਾਰ ਬਣਾਇਆ ਹੈ। ਸਿਕਦਾਰ ਹੋਣ ਕਰਕੇ ਇਸ ਸ੍ਰਿਸ਼ਟੀ ਵਿਚਲੇ ਬਾਕੀ ਜੀਵ/ਜੂਨਾਂ ਮਨੁੱਖ ਦੇ ਅਧੀਨ ਹਨ। ਗੁਰਵਾਕ ਹੈ;
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥11
ਸਿਕਦਾਰ ਹੋਣ ਦੇ ਬਾਵਜੂਦ ਜੀਵ ਮਾਇਆ ਦੇ ਮੋਹ ਵਿਚ ਗਲਤਾਨ ਹੈ। ਵਿਹਾਰ ਵਜੋਂ ਬੰਦਾ ਤਾਂ ਹੈ ਪਰ ਬੰਦਗੀ ਤੋਂ ਇਨਕਾਰੀ ਹੈ। ਗਫ਼ਲਤ ਦੀ ਨੀਂਦ ਵਾਲੇ ਅਜਿਹੇ ਜੀਵਨ ਨੂੰ ਗੁਰਬਾਣੀ ਵਿਚ ਆਤਮਿਕ ਮੌਤ ਕਿਹਾ ਹੈ। ਜ਼ਮੀਰ ਦੀ ਅਜਿਹੀ ਮੌਤ ਵਾਲੇ ਮਨੁੱਖ ਨੂੰ ਬਾਣੀ ਸੰਸਾਰ ਵਿਚ 'ਕਰਤੂਤਿ ਪਸੂ ਕੀ ਮਾਨਸ ਜਾਤਿ॥'12 ਕਹਿ ਕੇ ਤ੍ਰਿਸਕਾਰਿਆ ਗਿਆ ਹੈ। 'ਅਕਾਲ ਪੁਰਖੁ' ਵੱਲੋਂ ਸੌਂਪੇ ਫ਼ਰਜਾਂ ਤੋਂ ਭਗੌੜੇ ਅਜਿਹੇ ਪ੍ਰਾਣੀ ਦੇ ਜੀਵਨ ਵਿਹਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਇਉਂ ਚਿਤਾਰਿਆ ਹੈ:-
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ॥13
ਗੁਰਮਤਿ ਵਿਚਾਰਧਾਰਾ ਦੇ ਅਗਲੇਰੇ ਗੁਰੂ ਤੇ ਭਗਤ ਕਵੀਆਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨਾਲ ਇਕਮੱਤ ਹੁੰਦਿਆਂ ਇਉਂ ਸੰਬੋਧਨ ਕੀਤਾ ਹੈ;
ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ॥14
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ॥15
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥ ੧॥ ਰਹਾਉ॥16
ਅਬ ਮਨ ਜਾਗਤ ਰਹੁ ਰੇ ਭਾਈ॥
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ॥ ੧॥ ਰਹਾਉ॥17
ਵਿਕਾਰਾਂ ਦੀ ਮੌਤ :-
ਕਾਲ ਤੋਂ ਅਕਾਲ ਤੱਕ ਪਹੁੰਚਣ ਵਾਲੇ ਪਾਂਧੀ ਦੇ ਰਾਹ ਵਿਚ ਪੰਜ ਵਿਕਾਰ (ਕਾਮ, ਕ੍ਰੋਧ, ਮੋਹ. ਲੋਭ ਤੇ ਹੰਕਾਰ) ਰੁਕਾਵਟ ਹਨ। 'ਵਿਕਾਰਾਂ ਦੀ ਮੌਤ' ਤੋਂ ਮੁਕਤਿ ਦੀ ਜੁਗਤਿ ਗੁਰਮੁਖ ਕੋਲ ਹੈ। 'ਗੁਰਮੁਖ' ਉਹ ਹੈ ਜਿਸ ਦਾ ਮੁੱਖੜਾ ਗੁਰੂ ਵੱਲ ਹੈ ਅਤੇ ਇਸ ਦੇ ਉਲਟ 'ਮਨਮੁਖ' ਉਹ ਹੈ ਜਿਸ ਦਾ ਮੂੰਹ ਆਪਣੇ ਮਨ ਵੱਲ ਹੈ। ਗੁਰੂ ਦੁਆਰਾ ਦੱਸੀ ਜੁਗਤਿ ਰਾਹੀਂ ਗੁਰਮੁਖ ਅਕਾਲ/ਮੁਕਤੀ ਤਕ ਪਹੁੰਚਣ ਲਈ ਕਾਲ/ਬੰਧਨ ਨੂੰ ਪਾਰ ਕਰਦਾ ਹੈ। ਬੰਧਨ ਦਾ ਕਾਰਨ ਮਨਮੁਖ ਹੋਣਾ ਹੈ ਅਤੇ ਗੁਰਮੁਖ ਹੋਏ ਬਿਨਾਂ ਬੰਧਨ ਮੁਕਤ ਨਹੀਂ ਹੋਇਆ ਜਾ ਸਕਦਾ। ਸਿੱਖ ਧਰਮ ਵਿਚ ਸਰੀਰਕ ਸ਼ਹਾਦਤ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਨੂੰ ਕਾਬੂ ਵਿਚ ਰੱਖਦਿਆਂ ਬਹੁਤ ਕੁਝ ਮਾਰਨ ਦਾ ਸੰਕੇਤ ਹੈ। ਪੰਜ ਵਿਕਾਰਾਂ ਨੂੰ ਮਾਰਨਾ ਵੀ ਸ਼ਹਾਦਤ ਵਰਗਾ ਕਰਮ ਹੈ। ਮਨ ਦੇ ਪੰਜ ਵਿਕਾਰਾਂ ਨੂੰ ਪੰਜ ਚੋਰ/ਦੂਤ ਵੀ ਕਿਹਾ ਹੈ। ਜਿਸਮਾਨੀ ਸ਼ਹਾਦਤ ਦੇ ਰਾਹ ਵਿਚ ਇਹ ਪੰਜ ਦੂਤ ਮਾਨਸ ਜਨਮ ਦੇ ਲੁਟੇਰੇ ਹਨ। ਇਨ੍ਹਾਂ ਪੰਜ ਚੋਰਾਂ ਨੂੰ ਮਾਰੇ ਬਗੈਰ ਜੂਝ ਕੇ ਮਰਨ ਵਾਲੀ ਸ਼ਹਾਦਤ ਕਠਿਨ ਹੈ। 'ਮਨਿ ਜੀਤੈ ਜਗੁ ਜੀਤੁ' ਗੁਰਵਾਕ ਪੰਜ ਦੂਤਾਂ 'ਤੇ ਕਾਬੂ ਪਾਉਣ ਦੀ ਸੋਝੀ ਕਰਵਾਉਂਦਾ ਹੈ। ਨਾਨਕ ਬਾਣੀ ਮੁਤਾਬਿਕ ਜਿਹੜੇ ਮਨੁੱਖ ਨੇ ਜਿਉਂਦੇ ਜੀਅ ਪੰਜ ਵਿਕਾਰਾਂ ਨੂੰ ਮਾਰਿਆ ਹੋਇਆ ਹੈ, ਉਹੀ 'ਅਜੂਨੀ' ਰੂਪ ਹੈ ਭਾਵ ਉਸ ਨੂੰ ਮੁੜ-ਮੁੜ ਜੱਗ 'ਤੇ ਆ ਕੇ ਜੰਮਣਾ ਮਰਨਾ ਨਹੀਂ ਪੈਂਦਾ।
ਗੁਰਮੁਖ ਦਾ ਟੀਚਾ 'ਸੱਚਖੰਡ' ਵਾਸੀ ਹੋਣਾ ਹੈ। ਸੱਚਖੰਡ ਦੇ ਮੁਕਾਮ ਤੱਕ ਪਹੁੰਚਣ ਲਈ 'ਜਪੁ' ਬਾਣੀ ਅਨੁਸਾਰ ਕ੍ਰਮਵਾਰ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਦੇ ਪੜਾਵਾਂ ਨੂੰ ਪਾਰ ਕਰਨਾ ਹੈ। ਵਿਕਾਰਾਂ ਨੂੰ ਮਾਰ ਕੇ ਇਸ ਸ਼ਿਖਰਲੇ ਪੜਾਅ 'ਤੇ ਪਹੁੰਚੇ ਗੁਰਮੁਖ ਲਈ 'ਨਿਰੰਕਾਰੁ' ਵਿਚ ਅਭੇਦਤਾ (ਸਚ ਖੰਡਿ ਵਸੈ ਨਿਰੰਕਾਰੁ) ਹੈ। ਦਰਅਸਲ ਸੱਚਖੰਡ ਦੀ ਅਵੱਸਥਾ 'ਤੇ ਪਹੁੰਚਿਆ ਗੁਰਸਿੱਖ 'ਜ਼ਿੰਦਾ ਸ਼ਹੀਦ' ਦੀ ਨਿਆਈਂ ਹੈ। ਇਸ ਤਰ੍ਹਾਂ ਗੁਰਮੁਖ ਦੀ ਯਾਤਰਾ 'ਮਨ ਦੀ ਸ਼ਹਾਦਤ' ਤੋਂ 'ਸਰੀਰ ਦੀ ਸ਼ਹਾਦਤ' ਤਕ ਫੈਲੀ ਹੋਈ ਹੈ। 'ਸ਼ਹੀਦ' ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ:
੧. ਸ਼ਹਾਦਤ ਦੇਣ ਵਾਲਾ, ਗਵਾਹ, ਸਾਕੀ (ਸਾਖੀ),
੨. ਅਜੇਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ,
੩. ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ।18
ਇਸ ਤਰ੍ਹਾਂ 'ਸ਼ਹੀਦ' ਆਪਣੀ 'ਸ਼ਹਾਦਤ' ਦੇ ਕੇ ਆਪਣੇ ਅਕੀਦੇ ਦੀ ਗਵਾਹੀ ਦਾ ਸਬੂਤ ਖ਼ੁਦ ਦਿੰਦਾ ਹੈ। ਇਹ ਗਵਾਹੀ ਹੀ 'ਜਪੁ' ਬਾਣੀ ਵਿਚ 'ਸਚਖੰਡ' ਪਹੁੰਚਣ ਦੀ ਮੰਜ਼ਿਲ ਹੈ ਅਤੇ 'ਕਾਲ ਤੋਂ ਅਕਾਲ' ਅਭੇਦ ਹੋਣ ਦਾ ਆਖਰੀ ਪੜਾਅ ਹੈ। ਗੁਰੂ ਨਾਨਕ ਗੁਰਿਆਈ ਦੀ ਕਮਾਲ ਇਸ ਗੱਲ ਵਿਚ ਹੈ ਕਿ ਸ਼ਹਾਦਤ ਦਾ ਪ੍ਰਤਿਮਾਨ 'ਗੁਰੂ' ਪਹਿਲਾਂ ਆਪ ਸਿਰਜ ਰਿਹਾ ਹੈ ਅਤੇ ਫਿਰ 'ਸਿੱਖ' ਉਸ ਮਾਰਗ 'ਤੇ ਆਪਣੀ ਹੋਣੀ ਦੀ ਚੋਣ ਕਰਦਾ ਹੈ। ਸ਼ਹੀਦ ਦੀ ਅਜਿਹੀ ਮੌਤ ਦੀ ਗੁਰਬਾਣੀ ਵਿਚ ਸਿਫ਼ਤ ਸਲਾਹ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਨੇ ਮੌਤ ਨਾਲ ਸੰਬੰਧਿਤ ਬਾਣੀ ਨੂੰ ''ਅਲਾਹਣੀਆ'' ਸਿਰਲੇਖ ਵਿਚ ਬਿਆਨ ਕੀਤਾ ਹੈ;
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ॥
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ॥
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ॥
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ॥
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ॥19
(ਭਾਵ ਕਿ ਹੇ ਲੋਕੋ! ਮੌਤ ਨੂੰ ਮਾੜਾ ਨਾਂਹ ਆਖੋ। ਜੇ ਕੋਈ ਮਨੁੱਖ ਠੀਕ ਤਰੀਕੇ ਨਾਲ ਜਿਉ ਕੇ ਮਰਨਾ ਜਾਣਦਾ ਹੋਵੇ ਤਾਂ ਉਸ ਲਈ ਮੌਤ ਚੰਗੀ ਹੈ। ਅਜਿਹੀ ਜੁਗਤ ਆਪਣੇ ਸਰਬ-ਸ਼ਕਤੀਮਾਨ ਪ੍ਰਭੂ ਨੂੰ ਸਿਮਰਨ ਵਿਚ ਹੈ। ਇਸ ਜੁਗਤ ਨਾਲ ਜੀਵਨ ਪੰਧ 'ਤੇ ਤੁਰਨ ਦਾ ਫਲ ਵੀ ਮਿਲੇਗਾ ਤੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਵੀ ਮਿਲੇਗੀ। ਦਰਗਾਹ ਵਿਚ ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇੱਕ ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ, ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਪ੍ਰਭੂ ਅਰਥਾਤ ਖਸਮ ਨੂੰ ਚੰਗੇ ਲੱਗੋਂਗੇ ਤੇ ਆਤਮਕ ਆਨੰਦ ਮਾਣੋਗੇ। ਹੇ ਲੋਕੋ! ਮੌਤ ਨੂੰ ਮਾੜਾ ਨਾਂਹ ਆਖੋ, ਪਰ ਇਸ ਗੱਲ ਨੂੰ ਉਹੀ ਸਮਝਦਾ ਹੈ ਜਿਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ।)
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ॥
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ॥
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥੩॥20
(ਭਾਵ ਜਿਹੜੇ ਮਨੁੱਖ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਕੇ ਮਰਦੇ ਹਨ, ਉਹ ਸੂਰਮੇ ਹਨ। ਉਨ੍ਹਾਂ ਦਾ ਮਰਨਾ ਵੀ ਹਰ ਥਾਂ ਸਲਾਹਿਆ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਵਿਚ ਉਹ ਬੰਦੇ ਸੂਰਮੇ ਆਖੇ ਜਾਂਦੇ ਹਨ ਤੇ ਉਹ ਪ੍ਰਭੂ ਦੇ ਦਰਬਾਰ ਵਿਚ ਸਿਫ਼ਤ ਸਲਾਹ ਦੇ ਪਾਤਰ ਬਣਦੇ ਹਨ।)
''ਸੋਹਿਲਾ'' ਬਾਣੀ ਵਿਚ ਗੁਰੂ ਨਾਨਕ ਸਾਹਿਬ 'ਲੜਕੀ ਦੇ ਵਿਆਹ' ਦੇ ਪ੍ਰਸੰਗ 'ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ' ਰਾਹੀਂ ਮੌਤ ਦੇ ਸਾਕਾਰਥ ਅਰਥ ਸਮਝਾਉਂਦੇ ਹਨ। ਵਿਆਹ ਦੇ ਸਮੇਂ ਤੋਂ ਪਹਿਲਾਂ ਮਾਂਈਏਂ ਪੈਣ ਦੀ ਰਸਮ ਹੁੰਦੀ ਹੈ। ਚਾਚੀਆਂ, ਤਾਈਆਂ, ਭਰਜਾਈਆਂ, ਸਹੇਲੀਆਂ ਆਦਿ ਰਲ਼ ਕੇ ਵਿਆਹ ਵਾਲੀ ਕੁੜੀ ਦੇ ਸਿਰ ਵਿਚ ਤੇਲ ਪਾਉਂਦੀਆਂ ਹਨ। ਉਸ ਨੂੰ ਇਸ਼ਨਾਨ ਕਰਾਉਂਦੀਆਂ ਹਨ ਤੇ ਨਾਲ-ਨਾਲ ਸੁਹਾਗ ਦੇ ਗੀਤ ਗਾਉਂਦੀਆਂ ਹੋਈਆਂ ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਦਿੰਦੀਆਂ ਹਨ। ਉਹਨੀਂ ਦਿਨੀਂ ਰਾਤ ਨੂੰ ਗਾਉਣ ਬੈਠੀਆਂ ਜ਼ਨਾਨੀਆਂ ਵੀ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਉਂਦੀਆਂ ਹਨ। ਇਹਨਾਂ ਗੀਤਾਂ ਵਿਚ ਅਸੀਸਾਂ ਤੇ ਸੁਹਾਗ ਦੇ ਗੀਤ ਵੀ ਹੁੰਦੇ ਹਨ ਅਤੇ ਵੈਰਾਗ ਦੇ ਗੀਤ ਵੀ ਹੁੰਦੇ ਹਨ, ਕਿਉਂਕਿ ਇਕ ਪਾਸੇ ਤਾਂ ਕੁੜੀ ਨੇ ਵਿਆਹੀ ਜਾ ਕੇ ਆਪਣੇ ਪਤੀ ਦੇ ਘਰ ਜਾਣਾ ਹੈ; ਦੂਜੇ ਪਾਸੇ, ਉਸ ਕੁੜੀ ਦਾ ਮਾਪਿਆਂ, ਭੈਣਾਂ, ਭਰਾਵਾਂ, ਸਹੇਲੀਆਂ, ਚਾਚੀਆਂ, ਤਾਈਆਂ, ਭਰਜਾਈਆਂ ਆਦਿਕ ਨਾਲੋਂ ਵਿਛੋੜਾ ਵੀ ਹੋਣਾ ਹੁੰਦਾ ਹੈ। ਇਨ੍ਹਾਂ ਗੀਤਾਂ ਵਿਚ ਇਹ ਦੋਵੇਂ ਮਿਲਵੇਂ ਭਾਵ ਹੁੰਦੇ ਹਨ। ਜਿਵੇਂ ਵਿਆਹ ਲਈ ਸਮਾਂ ਮੁਹੂਰਤ ਮਿਥਿਆ ਜਾਂਦਾ ਹੈ ਤੇ ਉਸ ਮਿਥੇ ਸਮੇਂ 'ਤੇ ਹੀ ਹਥ-ਲੇਵੇਂ ਆਦਿਕ ਕਰਨ ਦਾ ਪੂਰਾ ਯਤਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹਰੇਕ ਜਿੰਦ ਰੂਪੀ ਕੁੜੀ ਦਾ ਉਹ ਸਮਾਂ ਵੀ ਪਹਿਲਾਂ ਹੀ ਮਿਥਿਆ ਜਾ ਚੁੱਕਾ ਹੈ, ਜਦੋਂ ਮੌਤ ਦੀ ਸਾਹੇ-ਚਿੱਠੀ ਆਉਂਦੀ ਹੈ ਤੇ ਜੀਵ ਰੂਪੀ ਕੁੜੀ ਨੇ ਸਾਕਾਂ/ਸੰਬੰਧੀਆਂ ਤੋਂ ਵਿੱਛੜ ਕੇ ਇਸ ਜਗਤ ਪੇਕੇ ਘਰ ਨੂੰ ਛੱਡ ਕੇ ਪਰਲੋਕ ਵਿਚ ਜਾਣਾ ਹੈ। ਇਸ ਸ਼ਬਦ ਵਿਚ ਜਿੰਦ-ਕੁੜੀ ਨੂੰ ਸਮਝਾਇਆ ਗਿਆ ਹੈ ਕਿ ਸਤਸੰਗ ਵਿਚ ਸੁਹਾਗ ਦੇ ਗੀਤ ਗਾਇਆ ਕਰ ਤੇ ਸੁਣਿਆ ਕਰ। ਸਤ-ਸੰਗ ਮਾਨੋ ਮਾਂਈਏਂ ਪੈਣ ਦੀ ਥਾਂ ਹੈ। ਸਤਸੰਗੀ ਸਹੇਲੀਆਂ ਇਥੇ ਇਕ ਦੂਜੀ ਸਹੇਲੀ ਨੂੰ ਅਸੀਸਾਂ ਦਿੰਦੀਆਂ ਹੋਈਆਂ ਅਰਦਾਸ ਕਰਦੀਆਂ ਹਨ ਕਿ ਪਰਲੋਕ ਤੁਰਨ ਵਾਲੀ ਸਹੇਲੀ ਨੂੰ ਪ੍ਰਭੂ-ਪਤੀ ਦਾ ਮਿਲਾਪ ਹੋਵੇ। ਗੁਰਵਾਕ ਹੈ;
ੴ ਸਤਿਗੁਰ ਪ੍ਰਸਾਦਿ ॥
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ॥੧॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥੧॥ ਰਹਾਉ॥
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ॥
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥੨॥
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ॥
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥੩॥
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ॥੪॥੧॥ 21
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੁਆਰਾ ਚਲਾਏ ਧਰਮ ਦੀ ਕੇਸਰ ਕਿਆਰੀ ਨੂੰ 'ਨਾਨਕ' ਨਾਮ ਲੇਵਿਆਂ ਦੁਆਰਾ ਖ਼ੂਨ ਨਾਲ ਸਿੰਜਿਆ ਹੋਣ ਕਰਕੇ ਸਿੱਖ ਧਰਮ ਦੀ ਪਛਾਣ ਸ਼ਹਾਦਤਾਂ ਦੇ ਝਰੋਖੇ ਵਿਚੋਂ ਹੋਈ ਹੈ। ਕਮਾਲ ਇਸ ਗੱਲ ਵਿਚ ਹੈ ਕਿ ਸ਼ਹਾਦਤ ਪਹਿਲਾਂ ਗੁਰੂ ਖ਼ੁਦ ਦੇ ਰਿਹਾ ਹੈ, 'ਆਪੇ ਗੁਰ ਆਪੇ ਚੇਲਾ' ਵੀ ਬਣ ਰਿਹਾ ਹੈ ਅਤੇ ਸਿੱਖ ਤਾਂ ਗੁਰੂ ਤੋਂ ਪ੍ਰੇਰਨਾ ਲੈ ਰਿਹਾ ਹੈ। ਇਸ ਸ਼ਹਾਦਤ ਵਿਚ ਗੁਰੂ ਦੇ ਨਾਲ ਗੁਰੂ ਦਾ ਪਰਿਵਾਰ ਵੀ ਸਹਿਯੋਗ ਦੇ ਰਿਹਾ ਹੈ। ਬਾਲ ਗੋਬਿੰਦ ਨੇ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਲਈ ਬੋਲ ਉਚਾਰਦਿਆਂ ਜੋ ਲਕੀਰ ਖਿੱਚੀ ਸੀ, ਸਾਹਿਬਜ਼ਾਦਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਉਸੇ ਲਕੀਰ ਨੂੰ ਗੂੜ੍ਹਾ ਕੀਤਾ ਹੈ। ਇੰਝ ਸਾਹਿਬਜ਼ਾਦਿਆਂ ਨੇ ਆਪਣੇ ਬਾਬਿਆਂ ਵੱਲੋਂ ਸਿਰਜੀਆਂ ਪਗਡੰਡੀਆਂ ਨੂੰ ਹੀ ਸ਼ਾਹਮਾਰਗ ਬਣਾਇਆ ਹੈ। ਅਜਿਹੀ ਸ਼ਹਾਦਤ ਹੀ ਇਕ ਤਰ੍ਹਾਂ ਨਾਲ 'ਕਾਲ' ਉਪਰ ਮਾਨਵੀ ਜਿੱਤ ਹੈ ਅਤੇ 'ਅਕਾਲ' ਵਿਚ ਅਭੇਦਤਾ ਹੈ। ਦਰਅਸਲ ਸਿੱਖ ਕੌਮ ਵਿਚ 'ਸ਼ਹਾਦਤ' ਦੀ ਜਾਗ ਨੂੰ ਸਦੀਵੀ ਰੱਖਣ ਪਿੱਛੇ ਕਾਰਜਸ਼ੀਲ ਬਾਣੀ ਹੈ। ਗੁਰਸਿੱਖ ਬਾਣੀ ਨੂੰ ਬਾਣੇ ਵਿਚ ਪ੍ਰਵੇਸ਼ ਕਰਵਾਉਂਦਾ ਹੋਇਆ ਭਗਤੀ 'ਚੋਂ ਸ਼ਕਤੀ ਪ੍ਰਾਪਤ ਕਰਦਾ ਹੈ। ਭਗਤੀ ਤੋਂ ਸ਼ਕਤੀ ਦਾ ਸਫ਼ਰ ਹੀ 'ਸੰਤ' ਨੂੰ 'ਸਿਪਾਹੀ' ਬਣਾਉਂਦਾ ਹੈ। ਇਹ ਉਹ ਅਵੱਸਥਾ ਹੈ, ਜਿਥੇ ਮਰਨਾ ਚਾਅ ਜਾਪਦਾ ਹੈ। ਸੋ ਬਾਣੀ ਸੰਸਾਰ ਮੁਤਾਬਿਕ ਅਜਿਹਾ ਮਰਨ ਦਾ ਚਾਅ ਹੀ ਗੁਰਮੁਖ/ਗੁਰਸਿੱਖ ਨੂੰ "ਕਾਲ ਤੋਂ ਅਕਾਲ" ਵਿਚ ਅਭੇਦਤਾ ਦੀ ਸੋਝੀ ਕਰਵਾਉਂਦਾ ਹੈ। 'ਅਕਾਲ' ਵਿਚ ਅਭੇਦਤਾ ਦੇ ਸਬੱਬ ਨੂੰ ਹਾਸਲ ਕਰਵਾਉਣਾ ਗੁਰੂ ਨਾਨਕ ਬਾਣੀ ਦੇ ਮੂਲ ਸਰੋਕਾਰ ਹਨ।
ਹਵਾਲੇ ਅਤੇ ਟਿੱਪਣੀਆਂ:-
1. ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਰੰਗ ਮ: ੧, ਅੰਗ 1245
2. ਉਹੀ, ਮਾਝ ਮਹਲਾ ੧, ਅੰਗ 142
3. ਉਹੀ, ਸਲੋਕ ਵਾਰਾਂ ਤੋਂ ਵਧੀਕ, ਮ: ੧, ਅੰਗ 1412
4. ਉਹੀ, ਮਲਾਰ ਮ: ੧, ਅੰਗ 1288
5. ਉਹੀ, ਆਸਾ ਮ: ੧, ਅੰਗ 473
6. ਉਹੀ, ਵਡਹੰਸ, ਮ: ੧, ਅੰਗ 579
7. ਉਹੀ, ਰਾਮਕਲੀ ਮ: ੧, ਅੰਗ 938
8. ਉਹੀ, ਧਨਾਸਰੀ ਮ: ੧, ਅੰਗ 660
9. ਉਹੀ, ਸਾਰੰਗ, ਮ: ੨, ਅੰਗ 1239
10. ਉਹੀ, ਗਉੜੀ ਮ: ੧, ਅੰਗ 153
11. ਉਹੀ, ਆਸਾ ਮ: ੫, ਅੰਗ 373
12. ਉਹੀ, ਗਉੜੀ ਸੁਖਮਨੀ ਮ: ੫, ਅੰਗ 266
13. ਉਹੀ, ਮਲਾਰ, ਮ: ੧, ਅੰਗ 1254
14. ਉਹੀ, ਮਾਝ, ਮ: ੩, ਅੰਗ 127
15. ਉਹੀ, ਸੂਹੀ, ਮ: ੫, ਅੰਗ 749
16. ਉਹੀ, ਤਿਲੰਗ, ਮ: ੯, ਅੰਗ 726
17. ਉਹੀ, ਗਉੜੀ ਭਗਤ ਕਬੀਰ, ਅੰਗ 339
18. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ਅੱਠਵਾਂ ਸੰਸਕਰਣ, 2011, ਪੰਨਾ 139,
19. ਸ੍ਰੀ ਗੁਰੂ ਗ੍ਰੰਥ ਸਾਹਿਬ, ਵਡਹੰਸੁ, ਮ: ੧, ਅਲਾਹਣੀਆ, ਅੰਗ 579
20. ਉਹੀ
21. ਉਹੀ, ਸੋਹਿਲਾ, ਰਾਗੁ ਗਉੜੀ, ਦੀਪਕੀ ਮਹਲਾ ੧, ਅੰਗ 12