ਤਰਨਤਾਰਨ (ਹਰਮਨਬੀਰ ਸਿੰਘ ਮਲਹਾਰ): "ਦਿਵਯ ਜਯੋਤੀ ਜਾਗ੍ਰਤੀ ਸੰਸਥਾਨ" ਵਲੋਂ ਸਥਾਨਕ ਆਸ਼ਰਮ ਵਿਖੇ ਆਯੋਜਿਤ ਦੋ ਦਿਨਾਂ "ਵਿਲੱਖਣ ਯੋਗ ਅਤੇ ਧਿਆਨ ਸ਼ਿਵਿਰ" ਦੇ ਅੱਜ ਦੂਜੇ ਦਿਨ ਸੰਸਥਾਨ ਵਲੋਂ "ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ" ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਜੀ ਨੇ ਦੱਸਿਆ ਕਿ ਵੱਧਦੇ ਹੋਏ ਪ੍ਰਦੂਸ਼ਣ, ਉਦਯੋਗਾਂ, ਸ਼ਹਿਰੀਕਰਨ ਅਤੇ ਰੁੱਖਾਂ ਦੇ ਕਟਾਵ ਕਾਰਣ ਕੁਦਰਤੀ ਆਫ਼ਤਾਂ ਵਧਦੀਆਂ ਜਾ ਰਹੀਆਂ ਹਨ। ਨਾਲ ਹੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੋ ਚੁਕਿਆ ਹੈ। ਸਿੱਟੇ ਵਜੋਂ ਅੱਜ ਦਿਲ ਦੀਆਂ ਬਿਮਾਰੀਆਂ ਦੇ ਨਾਲ ਹੀ ਟੀ੦ ਬੀ੦, ਕੈਂਸਰ, ਸ਼ੁਗਰ, ਤਰ੍ਹਾਂ ਤਰ੍ਹਾਂ ਦੇ ਬੁਖਾਰ, ਡੇਂਗੂ, ਚਿਕਨਗੁਨੀਆ ਆਦਿ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ।
ਸਵਾਮੀ ਜੀ ਨੇ ਦੱਸਿਆ ਕਿ "ਵਿਸ਼ਵ ਸਵਾਸਥ ਸੰਗਠਨ WHO" ਦੇ ਅਨੁਸਾਰ ਵਿਗਿਆਨ ਦਾ ਸਹਾਰਾ ਲੈ ਕੇ ਚਾਹੇ ਆਧੁਨਿਕ ਚਿਕਿਤਸਾ ਪੱਧਤੀ ਨੇ ਬਹੁਤ ਤਰੱਕੀ ਕੀਤੀ ਹੈ ਫਿਰ ਵੀ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਸਦਾ ਇਲਾਜ ਆਧੁਨਿਕ ਚਿਕਿਤਸਾ ਪੱਧਤੀ ਵਿੱਚ ਤਾਂ ਨਹੀਂ ਪਰੰਤੂ "ਭਾਰਤੀ ਵੈਦਿਕ ਯੋਗ ਦਰਸ਼ਨ" ਵਿੱਚ ਸੌ ਫੀਸਦੀ ਹੈ। ਯੋਗ ਦਾ ਸਹਾਰਾ ਲੈ ਕੇ ਮਨੁੱਖ ਚਾਹੇ ਤਾਂ ਸੌ ਸਾਲ ਤਕ ਵੀ ਨਿਰੋਗੀ ਅਤੇ ਬਿਮਾਰੀਆਂ ਤੋਂ ਮੁਕਤ ਹੋ ਕੇ ਜੀਵਨ ਬਤੀਤ ਕਰ ਸਕਦਾ ਹੈ। ਸਵਾਮੀ ਜੀ ਨੇ ਸਾਧਕਾਂ ਨੂੰ ਨਾੜੀ ਸ਼ੋਧਨ, ਅਨੁਲੋਮ ਵਿਲੋਮ ਪ੍ਰਾਣਾਯਾਮ, ਸਕੰਧ ਚਾਲਨ, ਪਾਦ ਚਾਲਨ, ਅਰਧ ਚੰਦ੍ਰਾਸਨ ਉਤਿਸ਼ਟ ਤਾਨ ਆਸਨ ਅਤੇ ਮੰਡੂਕਆਸਨ ਆਦਿ ਕਿਰਿਆਵਾਂ ਦਾ ਅਭਿਆਸ ਕਰਵਾਇਆ ਅਤੇ ਨਾਲ ਹੀ ਇੰਨਾਂ ਦੇ ਸਰੀਰਿਕ ਅਤੇ ਵਿਗਿਆਨਕ ਲਾਭ ਵੀ ਦੱਸੇ। ਕੁਦਰਤੀ ਸੋਮਿਆਂ ਦੀ ਰੱਖਿਆ ਵੱਲ ਧਿਆਨ ਦਿਵਾਉਂਦੇ ਹੋਏ ਸਵਾਮੀ ਜੀ ਨੇ ਸਾਧਕਾਂ ਨੂੰ ਪੌਧਾਰੋਪਣ ਕਰਨ ਅਤੇ ਜਲ ਬਚਾਉਣ ਦੀ ਪ੍ਰੇਰਨਾ ਵੀ ਦਿੱਤੀ ਅਤੇ ਸੰਕਲਪ ਵੀ ਦਿਵਾਇਆ।
ਧਿਆਨ ਦੇਣ ਯੋਗ ਹੈ ਕਿ ਸੰਸਥਾਨ ਵੱਲੋਂ ਆਪਣੇ "ਸੰਰਕਸ਼ਣ" ਪ੍ਰਕਲਪ ਦੇ ਅੰਤਰਗਤ ਅੱਜ ਪੂਰੇ ਦੇਸ਼ ਵਿਚ ਪੌਧੇ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਇੰਨਾਂ ਦਾ ਸੰਰਕਸ਼ਣ ਵੀ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਆਰੰਭ ਪ੍ਰੇਰਨਾਦਾਇਕ ਭਗਤੀ ਗੀਤਾਂ ਦਾ ਗਾਇਨ ਕਰਕੇ ਹੋਇਆ। ਸਾਧਕਾਂ ਦੇ ਸਾਮੂਹਿਕ ਧਿਆਨ ਦੇ ਨਾਲ ਪ੍ਰੋਗਰਾਮ ਦੇ ਅੰਤ ਵਿਚ ਸਾਧਵੀ ਨੈਨਾ ਭਾਰਤੀ ਅਤੇ ਪਰਮਜੀਤ ਭਾਰਤੀ ਨੇ ਸਰਬਤ ਦੇ ਭਲੇ ਦੀ ਪ੍ਰਾਰਥਨਾ ਵੀ ਕੀਤੀ। ਸਾਧਕਾਂ ਨੇ ਸਰੀਰਿਕ ਅਤੇ ਆਤਮਿਕ ਲਾਭਾਂ ਤੋਂ ਭਰਪੂਰ ਇਸ ਪ੍ਰੋਗਰਾਮ ਦਾ ਪੂਰਾ ਲਾਭ ਪ੍ਰਾਪਤ ਕੀਤਾ।