ਬਰੇਟਾ ਦੇ ਸਰਕਾਰੀ ਹਸਪਤਾਲ ਵਿਚ ਕੈਂਪ ਦੌਰਾਨ ਚੈਕਅੱਪ ਕਰਦੇ ਹੋਏ ਡਾ. ਸੁਸ਼ਾਕ ਸੂਦ।
ਬਰੇਟਾ : 24 ਨਵੰਬਰ (ਸਪੀਕਿੰਗ ਪੰਜਾਬ ਬਿਊਰੋ): ਪੰਜਾਬ ਸਰਕਾਰ ਵੱਲੋਂ ਰਾਜ 'ਚ ਸ਼ੁਰੂ ਕੀਤੀ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਦੇ ਤਹਿਤ ਸਿਵਲ ਸਰਜਨ ਮਾਨਸਾ ਡਾ. ਹਿਤਿੰਦਰ ਕੌਰ, ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਅਤੇ ਸੀਨੀਅਰ ਮੈਡੀਕਲ ਅਫਸਰ ਬਰੇਟਾ ਡਾ. ਜਾਗੇਸ਼ ਚਾਂਦਨਾ ਦੀ ਅਗਵਾਈ ਹੇਠ ਸਥਾਨਕ ਸੀ.ਐਚ.ਸੀ. ਬਰੇਟਾ ਵਿਖੇ ਅੱਖਾਂ ਦੀ ਬਿਮਾਰੀਆਂ ਦੀ ਜਾਂਚ ਸੰਬੰਧੀ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿਚ ਮਾਨਸਾ ਤੋਂ ਪਹੁੰਚੇ ਅੱਖਾਂ ਦੇ ਮਾਹਿਰ ਡਾ. ਸੁਸ਼ਾਕ ਸੂਦ, ਅਪਥਾਲਮਿਕ ਅਫਸਰ ਮੋਹਨ ਲਾਲ ਅਤੇ ਇੰਦਰ ਰਾਜ ਸਿੰਗਲਾ ਨੇ 85 ਮਰੀਜਾਂ ਦੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ, ਜਿਸ ਵਿਚੋਂ 24 ਮਰੀਜਾਂ ਵਿਚ ਮੋਤੀਏ ਦੇ ਲੱਛਣ ਪਾਏ ਗਏ।
ਡਾ. ਸੁਸ਼ਾਕ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨੇ ਵੱਡੇ ਉਪਰਾਲੇ ਤਹਿਤ ਇਹ ਅੱਖਾਂ ਦੇ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਲੋਕਾਂ ਦੀਆਂ ਅੱਖਾਂ ਦੀ ਪੂਰੀ ਜਾਂਚ ਕਰਕੇ ਅਤੇ ਮੋਤੀਆਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦਾ 15 ਦਿਨ ਅੰਦਰ ਮੁਫ਼ਤ ਆਪਰੇਸ਼ਨ ਕੀਤਾ ਜਾਵੇਗਾ।
ਉਨਾਂ ਇਹ ਵੀ ਕਿਹਾ ਕਿ ਆਪੇ੍ਸ਼ਨ ਵਾਲੇ ਲੋਕਾਂ ਲਈ ਰਿਫਰੈਸਮੈਂਟ ਦੇ ਨਾਲ-ਨਾਲ ਆਉਣ-ਜਾਣ ਲਈ ਆਵਾਜਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ ਅਤੇ ਆਪੇ੍ਸ਼ਨ ਵਾਲੇ ਮਰੀਜਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਣਗੀਆਂ। ਸੀਨੀਅਰ ਮੈਡੀਕਲ ਅਫਸਰ ਡਾ. ਜਾਗੇਸ਼ ਚਾਂਦਨਾ ਅਤੇ ਮੈਡੀਕਲ ਅਫਸਰ ਡਾ. ਗੌਤਮ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਉਪਰਾਲੇ ਦਾ ਪੂਰਾ ਲਾਭ ਉਠਾਉਣ ਅਤੇ ਸਿਹਤ ਵਿਭਾਗ ਨੂੰ ਇਸ ਲਈ ਸਹਿਯੋਗ ਦੇਣ। ਜੇਕਰ ਕਿਸੇ ਨੂੰ ਅੱਖਾਂ ਦੇ ਸੰਬੰਧ ਵਿਚ ਕੋਈ ਮੁਸ਼ਕਲ ਹੈ ਤਾਂ ਉਹ ਸਰਕਾਰੀ ਹਸਪਤਾਲ ਵਿਚ ਆ ਕੇ ਆਪਣਾ ਚੈਕਅੱਪ ਕਰਵਾਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਸੁਪਰਵਾਇਜ਼ਰ ਸਮਸ਼ੇਰ ਸਿੰਘ, ਅਮਨਦੀਪ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।