ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਮਹਿਤਾਬ–ਉਦ–ਦੀਨ: ਅੱਜ ਮੋਹਾਲੀ ਦੇ ਮਸੀਹੀ ਭਾਈਚਾਰੇ (CHRISTIAN COMMUNITY OF MOHALI) ਦੀ ਚਿਰੋਕਣੀ ਮੰਗ ਪੂਰੀ ਹੋ ਗਈ। ਇਹ ਮੰਗ ਨਗਰ ਨਿਗਮ ਮੋਹਾਲੀ ਨੇ ਪੂਰੀ ਕੀਤੀ ਹੈ। ਦਰਅਸਲ, ਸਥਾਨਕ ਮਸੀਹੀ ਕਲੀਸੀਆ ਵੱਲੋਂ ਕਬਰਿਸਤਾਨ (CHRISTIAN GRAVEYARD) ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਅੱਜ ਪੰਜਾਬ ਰਾਜ ਘੱਟ–ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਮਾਨੂਏਲ ਨਾਹਰ ਹੁਰਾਂ ਦੀ ਮੌਜੂਦਗੀ ’ਚ ਮੋਹਾਲੀ ਨਗਰ ਨਿਗਮ ਵੱਲੋਂ ਮੇਅਰ ਜੀਤੀ ਸਿੱਧੂ (ਅਮਰਜੀਤ ਸਿੰਘ ਸਿੱਧੂ), ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ‘ਚਰਚੇਜ਼ ਐਸੋਸੀਏਸ਼ਨ, ਮੋਹਾਲੀ’ ਵੱਲੋਂ ਬਣਾਈ ਐਡਹਾਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਨੂੰ ਕਬਰਿਸਤਾਨ ਦੀ ਜ਼ਮੀਨ ਦੇ ਦਸਤਾਵੇਜ਼ ਸੌਂਪੇ।
ਮੋਹਾਲੀ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਸੰਬੋਧਨ ਕਰਦੇ ਹੋਏ
ਇਸ ਮੌਕੇ ਚਰਚੇਜ਼ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਪਾਸਟਰ ਅਨਿਲ ਐੱਸ. ਰਾਏ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਬਰਿਸਤਾਨ ਦੀ ਇਹ ਜ਼ਮੀਨ ਕਿਸੇ ਇੱਕ ਚਰਚ ਦੀ ਕਲੀਸੀਆ ਲਈ ਨਹੀਂ, ਸਗੋਂ ਨਗਰ ਨਿਗਮ ਨੇ ਇਹ ਜ਼ਮੀਨ ਮੋਹਾਲੀ ਦੇ ਸਮੁੱਚੇ ਮਸੀਹੀ ਭਾਈਚਾਰੇ ਨੂੰ ਧਿਆਨ ’ਚ ਰੱਖਦਿਆਂ ਦਿੱਤੀ ਹੈ।
ਪਾਸਟਰ ਅਨਿਲ ਰਾਏ ਨੇ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਚਰਚੇਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਇੱਕ ਐਡਹਾਕ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਇਸੇ ਕਮੇਟੀ ਨੇ ਕਬਰਿਸਤਾਨ ਦੀ ਜ਼ਮੀਨ ਦੇ ਦਸਤਾਵੇਜ਼ ਹਾਸਲ ਕਰਨੇ ਹਨ।
ਪਾਸਟਰ ਸ਼ਿਜੂ ਫ਼ਿਲਿਪ ਨੇ ਕਬਰਿਸਤਾਨ ਦੀ ਜ਼ਮੀਨ ਦੇ ਦਸਤਾਵੇਜ਼ ਨਗਰ ਨਿਗਮ ਤੋਂ ਹਾਸਲ ਕਰਨ ਲਈ ਕਾਇਮ ਕੀਤੀ ਐਡਹਾਕ ਕਮੇਟੀ ਦੇ ਮੈਂਬਰ ਚਰਚੇਜ਼ – ਪਾਸਟਰ ਅਨਿਲ ਐੱਸ ਰਾਏ – ਸੀਐੱਨਆਈ ਚਰਚ; ਫ਼ਾਦਰ ਐਮਰੋਸ – ਰੋਮਨ ਕੈਥੋਲਿਕ ਚਰਚ, ਫ਼ੇਸ–11; ਸੀਐੱਨਆਈ ਚਰਚ, ਫ਼ੇਸ–1; ਦਿ ਪੈਂਤੀਕੌਸਤਲ ਚਰਚ, ਫ਼ੇਸ–3; ਪਾਸਟਰ ਐੰਮਡੀ ਸੈਮੁਏਲ, ਸ਼ੈਰੋਲ ਫ਼ੈਲੋਸ਼ਿਪ ਚਰਚ ਸੈਕਟਰ 78 ਚਰਚ; ਇੰਡੀਅਨ ਪੈਂਤੀਕੋਸਤਲ ਚਰਚ, ਕੰਬਾਲੀ ਪਾਸਟਰ ਰਾਜੂ ਚਾਕੋ; ਪਾਸਟਰ ਸ਼ਿਜੂ ਫ਼ਿਲਿਪ – ਮੋਹਾਲੀ ਬਾਈਬਲ ਚਰਚ; ਮੇਜਰ ਤਰਸੇਮ – ਸਾਲਵੇਸ਼ਨ ਆਰਮੀ ਚਰਚ; ਪਾਸਟਰ ਰਣਦੀਪ ਮੈਥਿਊ – ਨਿਊ ਲਾਈਟ ਸਿਟੀ ਚਰਚ, ਪਾਸਟਰ ਰਾਜੇਸ਼ ਕੰਡਾਰਾ – ਕ੍ਰਿਸਚੀਅਨ ਮਹਾਂਸਭਾ, ਸੰਨੀ ਬਾਵਾ – ਕ੍ਰਿਸਚੀਅਨ ਵੈਲਫ਼ੇਅਰ ਬੋਰਡ – ਦੇ ਨਾਂਅ ਵੀ ਪੜ੍ਹ ਕੇ ਸੁਣਾਏ – ਜਿਨ੍ਹਾਂ ਦੇ ਸਬੰਧਤ ਪ੍ਰੀਸਟ–ਇੰਚਾਰਜ ਸਾਹਿਬਾਨ ਅੱਜ ਦੇ ਸਮਾਰੋਹ ’ਚ ਮੌਜੂਦ ਸਨ।
ਪਾਸਟਰ ਸ਼ਿਜੂ ਫ਼ਿਲਿਪ ਸੰਬੋਧਨ ਕਰਦੇ ਹੋਏ
ਪਾਦਰੀ ਸ਼ਿਜੂ ਫ਼ਿਲਿਪ ਨੇ ਸਮੂਹ ਪਾਦਰੀ ਸਾਹਿਬਾਨ ਦਾ ਸੁਆਗਤ ਤੇ ਧੰਨਵਾਦ ਕਰਦਿਆਂ ਆਖਿਆ ਕਿ ਇੱਥੇ ਪ੍ਰਭੂ ਦੇ ਦਾਸ ਇਕੱਤਰ ਹੋਏ ਹਨ, ਜੋ ਮਸੀਹੀ ਸਮਾਜ ਸੇਵਾ ਕਰਨ ਲਈ ਪ੍ਰਤੀਬੱਧ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਸਾਰੇ ਹੀ ਚਰਚੇਜ਼ ਦੇ ਪ੍ਰੀਸਟ–ਇੰਚਾਰਜ ਸਾਹਿਬਾਨ ਨੂੰ ਐਡਹਾਕ ਕਮੇਟੀ ’ਚ ਸ਼ਾਮਲ ਕੀਤਾ ਗਿਆ ਸੀ।
ਪਾਦਰੀ ਸ਼ਿਜੂ ਫ਼ਿਲਿਪ ਨੇ ਇਹ ਵੀ ਕਿਹਾ ਕਿ ਇਹ ਐਡਹਾਕ ਕਮੇਟੀ ਮੋਹਾਲੀ ਦੇ ਮਸੀਹੀ ਭਾਈਚਾਰੇ ਲਈ ਕੰਮ ਕਰਦੀ ਰਹੇਗੀ।
ਝੰਜੇੜੀ ਦੇ ਪਾਸਟਰ ਮੰਗਤ ਮਸੀਹ ਨੇ ਯਿਸੂ ਮਸੀਹ ਦੀ ਮਹਿਮਾ ਵਿੱਚ ਇੱਕ ਗੀਤ ਗਾਇਆ, ਜਿਸ ਦੀ ਮੇਅਰ ਜੀਤੀ ਸਿੱਧੂ ਨੇ ਬਹੁਤ ਸ਼ਲਾਘਾ ਕੀਤੀ।
ਅੱਜ ਦੇ ਇਸ ਸਮਾਰੋਹ ਦੀ ਪ੍ਰਧਾਨਗੀ ਪਾਸਟਰ ਅਨਿਲ ਐੱਸ. ਰਾਏ ਨੇ ਕੀਤੀ। ਇਸ ਦੇ ਅਰੰਭ ਵਿੱਚ ਪ੍ਰਾਰਥਨਾ ਐੱਮਡੀ ਸੈਮੁਏਲ ਨੇ ਅਤੇ ਸਮਾਪਤੀ ਪ੍ਰਾਰਥਨਾ ਪਾਸਟਰ ਐਮਰੋਸ ਕੀਤੀ,
ਇਸ ਮੌਕੇ ਚਰਚੇਜ਼ ਐਸੋਸੀਏਸ਼ਨ ਮੋਹਾਲੀ ਵੱਲੋਂ ਰੋਮਨ ਕੈਥੋਲਿਕ ਚਰਚ ਦੇ ਪਾਸਟਰ ਨੇ ਪੰਜਾਬ ਰਾਜ ਘੱਟ–ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਮਾਨੂਏਲ ਨਾਹਰ, ਪਾਸਟਰ ਐੱਮਡੀ ਸੈਮੁਏਲ ਨੇ ਮੇਅਰ ਜੀਤੀ ਸਿੱਧੂ ਨੂੰ, ਪਾਸਟਰ ਰਾਜੇਸ਼ ਕੰਡਾਰਾ ਨੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੂੰ, ਬਿਲੀਵਰਜ਼ ਚਰਚ ਦੇ ਪਾਸਟਰ ਸਾਈਮਨ ਬਿੱਲਾ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਗੁਲਦਸਤੇ ਭੇਟ ਕਰ ਕੇ ਸਨਮਾਨਿਤ ਕੀਤਾ।