ਮਾਨਸਾ, (ਸਪੀਕਿੰਗ ਪੰਜਾਬ ਬਿਊਰੋ): ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਦੇ ਤਹਿਤ ਇੱਕ ਦਸੰਬਰ ਤੋਂ ਇਕੱਤੀ ਦਸੰਬਰ ਤਕ ਮੋਤੀਏ ਦੇ ਆਪ੍ਰੇਸ਼ਨ ਕਰਕੇ ਪੰਜਾਬ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਲੈਨਜ਼ ਪਾਏ ਜਾ ਰਹੇ ਹਨ :ਡਾ ਹਰਜਿੰਦਰ ਸਿੰਘ ਸਿਵਲ ਸਰਜਨ ਮਾਨਸਾ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਸਮੇਂ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਵੈਨ ਜਿਲ੍ਹਾ ਮਾਨਸਾ ਦੇ ਵੱਖ ਵੱਖ ਪਿੰਡਾਂ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨੂੰ ਮੋਤੀਏ ਦੀ ਬਿਮਾਰੀ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਾਏਗੀ ਅਤੇ ਅਪਰੇਸ਼ਨ ਵੀ ਕੀਤੇ ਜਾਣਗੇ।
ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਦੱਸਿਆ ਜਾਵੇਗਾ ਅਤੇ ਲੋਕਾਂ ਨੂੰ ਇਸ ਅਭਿਆਨ ਦਾ ਲਾਭ ਲੈਣ ਲਈ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਲੋਕਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਗ਼ਰੀਬ ਵਿਅਕਤੀ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ । ਡਾ ਸ਼ੂਸ਼ਾਤ ਸੂਦ ਜਿਲ੍ਹਾ ਨੋਡਲ ਅਫਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਦਾ ਦਾਨ ਮਹਾਂਦਾਨ ਹੈ, ਕੋਈ ਵੀ ਵਿਅਕਤੀ ਆਪਣੀ ਮੌਤ ਤੋਂ ਬਾਅਦ ਅੱਖਾਂ ਦਾਨ ਕਰ ਸਕਦਾ ਹੈ, ਤਾਂ ਕਿ ਉਹ ਕਿਸੇ ਨੇਤਰਹੀਣ ਵਿਆਕਤੀਆਂ ਦੀ ਜਿੰਦਗੀ ਰੌਸ਼ਨ ਕਰ ਸਕਣ।
ਉਨ੍ਹਾਂ ਅੱਗੇ ਕਿਹਾ ਕਿ ਵਿਅਕਤੀ ਵੱਲੋਂ ਦਾਨ ਅੱਖਾਂ ਨਾਲ ਦੋ ਵਿਅਕਤੀਆਂ ਦੀ ਜਿੰਦਗੀ ਰੌਸ਼ਨ ਕੀਤੀ ਜਾ ਸਕਦੀ ਹੈ। ਇਸ ਮੌਕੇ ਚਿੱਟੇ ਮੋਤੀਆ ਆਪਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਇਹ ਵੈਨ 27 ਦਿਸੰਬਰ ਤੱਕ ਮਾਨਸਾ ਰਹੇਗੀ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਦਰਸ਼ਨ ਸਿੰਘ, ਡਾ ਅਰਸ਼ਦੀਪ ਸਿੰਘ, ਕੇਵਲ ਸਿੰਘ ਗੁਰਜੰਟ ਸਿੰਘ ਏ ਐਮ ਓ, ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ