ਮਾਨਸਾ, ਸਪੀਕਿੰਗ ਪੰਜਾਬ ਬਿਊਰੋ: ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਮਾਨਸਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਅਨੁਸਾਰ, ਮਾਣਯੋਗ ਸਿਹਤ ਮੰਤਰੀ ਸ਼੍ਰੀ ਓ.ਪੀ. ਸੋਨੀ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਐਮ.ਬੁਢਲਾਡਾ ਸ਼੍ਰੀ ਕਾਲਾ ਰਾਮ ਕਾਂਸਲ ਅਤੇ ਸਿਵਲ ਸਰਜਨ,ਮਾਨਸਾ ਡਾ. ਹਰਜਿੰਦਰ ਸਿੰਘ ਦੀ ਅਗਵਾਈ ਵਿੱਚ 15 ਤੇਂ 18 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਣ ਮੁਹਿੰਮ ਦੀ ਸਬ ਡਿਵੀਜਨਲ ਹਸਪਤਾਲ ਬੁਢਲਾਡਾ ਵਿਖੇ ਸ਼ੁਰੂਆਤ ਕੀਤੀ ਗਈ ।
ਡਾ. ਗੁਰਚੇਤਨ ਪ੍ਰਕਾਸ਼, ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਇਸ ਮੌਕੇ ਬੋਲਦਿਆਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਦੇ ਮੱਦੇ ਨਜਰ ਲੋਕ 15 ਤੋਂ 18 ਸਾਲ ਦੇ ਬੱਚਿਆਂ ਦੀ ਵੈਕਸੀਨੇਸਨ ਲਈ ਅੱਗੇ ਆਉਣ ।ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਸਕੂਲ ਦਾ ਆਈ ਕਾਰਡ ਵੀ ਲੈ ਕੇ ਟੀਕਾਕਰਣ ਕਰਵਾ ਸਕਦੇ ਹਨ। ਕੋਰੋਨਾ ਦੇ ਤੇਜੀ ਨਾਲ ਵਧ ਰਹੇ ਮਾਮਲੇ ਅਤਿਅੰਤ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੀ ਰੋਕਥਾਮ ਲਈ ਮਾਸਕ, ਸਮਾਜਕ ਦੂਰੀ, ਸੈਨੇਟਾਈਜੇਸ਼ਨ ਤੋਂ ਇਲਾਵਾ ਵੈਕਸੀਨੇਸ਼ਨ ਜ਼ਰੂਰੀ ਹੈ।
ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮਹਿੰਮ ਵਿੱਢੀ ਹੋਈ ਹੈ। ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ 15ਜਨਵਰੀ ਤੋਂ ਬਾਅਦ ਜਨਤਕ ਥਾਵਾਂ ਤੇ ਜਾਣ ਲਈ 2 ਡੋਜ ਜਰੂਰੀ ਹਨ। ਰੋਜਾਨਾ ਵੱਖ-ਵੱਖ ਪਿੰਡਾਂ ਵਿੱਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਂਦਾ ਹੈ ਪਰ ਹਾਲੇ ਵੀ ਕੁਝ ਲੋਕ ਅਫ਼ਵਾਹਾਂ ਵਿੱਚ ਪਏ ਹੋਏ ਹਨ। ਉਹਨਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਦਾ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਹਾਨੀ ਜਾਂ ਨੁਕਸਾਨ ਨਹੀਂ ਹੁੰਦਾ।
ਉਹਨਾਂ ਕਿਹਾ ਕਿ ਸਮਾਜ ਵਿੱਚ ਟੀਕਿਆਂ ਦੇ ਦੁਸ਼ਪ੍ਰਭਾਵਾਂ ਸਬੰਧੀ ਬਾਜਾਰ ਗਰਮ ਹੈ, ਪਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਬਜਾਏ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਗੱਲ਼ਬਾਤ ਕਰਕੇ ਆਪਣੇ ਡਰ ਨੂੰ ਦੂਰ ਕਰਨ। ਉਹਨਾਂ ਕਿਹਾ ਐਸ.ਡੀ.ਐਚ ਬੁਢਲਾਡਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ , ਜਿੱਥੇ ਲੋਕ ਆਪਣਾ ਟੀਕਾਕਰਨ ਕਰਵਾ ਸਕਦੇ ਹਨ।