ਚਰਨਜੀਤ ਸਿੰਘ
ਅੰਮ੍ਰਿਤਸਰ: ਅਜੋਕੇ ਪਦਾਰਥਵਾਦੀ ਯੁਗ ਵਿਚ ਹੁਣ ਵਪਾਰੀ ਬਿਰਤੀ ਵਾਲੇ ਲੋਕਾਂ ਨੇ ਸਿੱਖਾਂ ਦੀ ਪਹਿਚਾਣ ਦਸਤਾਰ ਵੀ ਕਿਰਾਏ ਤੇ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਨਵਾ ਕੀਰਤੀਮਾਨ ਗੁਰੂ ਨਗਰੀ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਲ ਜਾਂਦੀ ਵਿਰਾਸਤੀ ਗਲੀ ਦੇ ਕੁਝ ਦੁਕਾਨਦਾਰਾਂ ਵਲੋ ਸਥਾਪਿਤ ਕੀਤਾ ਹੈ।ਅਜਿਹਾ ਕਰਕੇ ਵਪਾਰੀ ਬਿਰਤੀ ਵਾਲਿਆਂ ਵਲੋ ਸਿੱਖ ਤੇ ਸਿੱਖ਼ੀ ਦੀ ਸ਼ਾਨ ਦਸਤਾਰ ਦਾ ਸਨਮਾਨ ਰੋਲਿਆ ਜਾ ਰਿਹਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਦੇਸ਼ ਵਿਦੇਸ਼ ਦੇ ਯਾਤਰੀਆਂ ਨੂੰ ਵਿਰਾਸਤੀ ਗਲੀ ਵਿਚ ਕਿਰਾਏ ਦੀਆਂ ਦਸਤਾਰਾਂ ਸਜਾਉਣ ਦਾ ਕਾਰੋਬਾਰ ਸ਼ੁਰੂ ਹੋ ਗਿਆ।
ਇਸ ਮਾਮਲੇ ਤੇ ਪੰਥਕ ਜਥੇਬੰਦੀਆਂ ਖਾਮੋਸ਼ ਹਨ। ਇਸ ਵਪਾਰੀ ਸੋਚ ਦਾ ਸਥਾਨਕ ਸਿੱਖਾਂ ਦੇ ਮਨਾਂ ਰੋਸ ਤਾਂ ਹੈ ਪਰ ਉਹ ਬੇਬਸ ਹੋਏ ਖੂਨ ਦੇ ਹੰਝੂ ਵਹਾਉਦੇ ਹਨ। ਇਸ ਪੱਤਰਕਾਰ ਵਲੋ ਜਦ ਇਸ ਗਲ ਦੀ ਮੌਕੇ ‘ਤੇ ਘੋਖ ਕੀਤੀ ਗਈ ਤਾਂ ਬੇਹਦ ਤਲਖ ਸੱਚ ਸਾਹਮਣੇ ਆਏ। ਦੁਕਾਨਦਾਰਾਂ ਦੇ ਕਰਿੰਦੇ ਵਿਰਾਸਤੀ ਗਲੀ ਵਿਚ ਖੜੇ ਹੋ ਕੇ ਦੇਸ਼ ਵਿਦੇਸ਼ ਤੋ ਆਏ ਗੈਰ ਸਿੱਖ ਯਾਤਰੂਆਂ ਨੂੰ ਜਿੱਥੇ ਰੁਮਾਲ ਬੰਨ੍ਹਣ ਲਈ ਵੇਚਦੇ ਦਿਖਾਈ ਦਿੱਤੇ, ਉੱਥੇ ਨਾਲ ਹੀ ਯਾਤਰੂਆਂ ਨੂੰ ਸਿੱਖਾਂ ਵਾਂਗ ਕਿਰਾਏ ‘ਤੇ ਦਸਤਾਰ ਸਜਾਉਣ ਲਈ ਵੀ ਪ੍ਰੇਰਿਤ ਕਰ ਰਹੇ ਸਨ।
ਇਨ੍ਹਾਂ ਕਰਿੰਦਿਆਂ ਵੱਲੋਂ ਬਕਾਇਦਾ ਦਸਤਾਰ ਕਿਰਾਏ ‘ਤੇ ਸਜਾਉਂਣ ਦਾ ਹੋਕਾ ਵੀ ਦਿੱਤਾ ਜਾ ਰਿਹਾ ਸੀ। ਯਾਤਰੂਆਂ ਨੂੰ ਕਿਸੇ ਸ਼ੈਅ ਵਾਂਗ ਹੌਕਾ ਦੇ ਕੇ ਦਸਤਾਰ ਕਿਰਾਏ ਤੇ ਸਜਾਉਣ ਦੀ ਗਲ ਕੀਤੀ ਜਾਂਦੀ ਹੈ। ਯਾਤਰੂ ਨੂੰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਸਮਾਂ ਦਰਸ਼ਨ ਕਰਨ ਅਤੇ ਵਿਰਾਸਤੀ ਮਾਰਗ ‘ਤੇ ਘੁੰਮਣਾ ਹੈ। ਉਹ ਘੁੰਮ ਸਕਦੇ ਹਨ ਅਤੇ ਘੁੰਮਣ ਤੋਂ ਬਾਅਦ ਉਹ ਦਸਤਾਰ ਦੁਕਾਨਦਾਰ ਨੂੰ ਵਾਪਸ ਕਰਕੇ ਆਪਣੀ ਦਿੱਤੀ ਹੋਈ ਸਕਿਉਰਿਟੀ ਦੀ ਰਕਮ ਵਾਪਸ ਲੈ ਕੇ ਜਾ ਸਕਦੇ ਹਨ।
ਵਪਾਰੀਆਂ ਕੋਲੋ ਦਸਤਾਰ ਸਜਵਾ ਕੇ ਵਿਰਾਸਤੀ ਗਲੀ ਵਿਚ ਘੰੁਮਦੇ ਗੈਰ ਸਿੱਖ ਸ਼ਰਧਾਲੂ ਨਾਲ ਗਲ ਕਰਨ ਤੇ ਪਤਾ ਲੱਗਾ ਕਿ ਉਸ ਨੇ ਇਕ ਦੁਕਾਨ ਤੋਂ ਉਸ ਨੇ ਦਸਤਾਰ ਸਜਵਾਈ ਹੈ ਅਤੇ ਜਿਸ ਲਈ ਉਸ ਨੇ 250 ਰੁਪਏ ਕਿਰਾਇਆ ਦਿੱਤਾ ਹੈ। ਉਸ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਦਸਤਾਰ ਦੀ ਸਕਿਉਰਿਟੀ ਵੀ ਜਮ੍ਹਾਂ ਕਰਵਾਈ ਹੈ, ਜੋ ਦਸਤਾਰ ਵਾਪਸ ਕਰਨ ‘ਤੇ ਉਸ ਨੂੰ ਮਿਲ ਜਾਵੇਗੀ।
ਅਫਸੋਸ ਦੀ ਗਲ ਇਹ ਵੀ ਹੈ ਕਿ ਪਿਛਲੇ ਸਮੇਂ ਤੋਂ ਗੁਰੂ ਘਰਾਂ ਵਿੱਚ ਹੋ ਰਹੀਆਂ ਬੇਅਦਬੀਆਂ ਦੌਰਾਨ ਫੜੇ ਜਾਂਦੇ ਵਿਅਕਤੀ ਦੀ ਸੰਗਤ ਵੱਲੋਂ ਖੂਬ ਮਾਰ ਕੁਟਾਈ ਕੀਤੀ ਜਾਂਦੀ ਹੈ ਅਤੇ ਇਸ ਵਿਚ ਪਿਛਲੇ ਸਮੇਂ ਦਰਮਿਆਨ ਦੋ ਵਿਅਕਤੀ ਦੀ ਜਾਨ ਵੀ ਚਲੀ ਗਈ ਹੈ। ਜੇਕਰ ਇਸੇ ਤਰ੍ਹਾਂ ਕਿਸੇ ਅਨਜਾਣੇ ‘ਚ ਕਿਸੇ ਯਾਤਰੂ ਪਾਸੋਂ ਦਰਸ਼ਨ ਕਰਨ ਸਮੇਂ ਕੋਈ ਮਰਿਆਦਾ ‘ਚ ਉਲੰਘਣਾ ਜਾਂ ਕੁਤਾਹੀ ਹੋ ਗਈ ਤਾਂ ਜੇਕਰ ਉਸ ਦੀ ਮਾਰ ਕੁਟਾਈ ਸਮੇਂ ਦਸਤਾਰ ਉਤਰ ਗਈ ਤਾਂ ਉਸ ਨੂੰ ਬਹਿਰੂਪੀਆ ਵਜੋਂ ਮੰਨਿਆ ਜਾਵੇਗਾ। ਜਿਸ ਵਿਚ ਇਸ ਭੋਲੇ ਭਾਲੇ ਯਾਤਰੂ ਦੀ ਕੋਈ ਵੱਡੀ ਗਲਤੀ ਨਹੀਂ ਹੋਵੇਗੀ। ਇੱਥੇ ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਿੰਨੀ ਪ੍ਰਸ਼ਾਦ ਦੀ ਤਰਜ਼ ‘ਤੇ ਦੁਕਾਨਦਾਰਾਂ ਵੱਲੋਂ ਪਿੰਨੀ ਪੰਜੀਰੀ ਦੇ ਨਾਮ ‘ਤੇ ਪੈਕੇਟ ਬੰਦ ਪ੍ਰਸ਼ਾਦ ਦੇ ਤੌਰ ‘ਤੇ ਵੀ ਸੰਗਤਾਂ ਨੂੰ ਵੇਚਿਆ ਜਾ ਰਿਹਾ ਹੈ।
ਜਿਸ ‘ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਅੱਖਾਂ ਮੀਚੀ ਬੈਠੇ ਹਨ। ਇਸ ਸਬੰਧੀ ਜਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਸ ਸੰਬੰਧੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੂੰ ਲਿਖ ਕੇ ਭੇਜਿਆ ਜਾਵੇਗਾ ਕਿ ਕੁਝ ਪ੍ਰਚਾਰਕ ਭੇਜ ਕੇ ਇਨ੍ਹਾਂ ਦੁਕਾਨਦਾਰਾਂ ਨੂੰ ਦਸਤਾਰ ਦੀ ਅਹਿਮੀਅਤ ਦਸਣ।