ਧੰਨ ਦਸਮੇਸ਼ ਪਿਤਾ
॥ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ (9 ਜਨਵਰੀ) ਲਈ ਵਿਸ਼ੇਸ਼ ॥
~ ਪ੍ਰੋ. ਨਵ ਸੰਗੀਤ ਸਿੰਘ
ਤੇਗ਼ ਬਹਾਦਰ ਗੁਰੂ ਪਿਤਾ, ਤੇ ਮਾਂ ਗੁਜਰੀ ਦੇ ਜਾਏ।
ਪਟਨਾ ਸ਼ਹਿਰ 'ਚ ਜਨਮ ਲਿਆ, ਮੇਰੇ ਧੰਨ ਸ਼੍ਰੀ ਗੋਬਿੰਦ ਰਾਏ।
ਪੰਜ ਸਾਲ ਦੀ ਉਮਰ ਸੀ ਕੇਵਲ, ਜਦੋਂ ਅਨੰਦਪੁਰ ਆਏ
ਚੋਜੀ ਪ੍ਰੀਤਮ ਨੇ ਕੀ ਆਖਾਂ, ਕੀ-ਕੀ ਚੋਜ ਵਿਖਾਏ।
ਹਿੰਦੂ ਧਰਮ ਬਚਾਵਣ ਦੇ ਲਈ, ਪਿਤਾ ਤੋਰਿਆ ਦਿੱਲੀ
ਤੇਗ਼ ਬਹਾਦਰ ਦਿੱਤੀ ਸ਼ਹਾਦਤ, ਖ਼ਲਕਤ ਸਾਰੀ ਹਿੱਲੀ।
ਬਾਲ-ਵਰੇਸੇ ਗੁਰੂ ਸਾਹਿਬ ਨੇ, ਸ਼ਸਤਰ ਵਿੱਦਿਆ ਸਿੱਖੀ
ਡਰੇ ਪਹਾੜੀ ਰਾਜੇ ਐਸੇ, ਤੇਗ਼ ਵਾਹੀ ਉਹ ਤਿੱਖੀ।
ਤੇਤੀ ਵਰ੍ਹੇ ਦੀ ਉਮਰੇ ਗੁਰੂ ਜੀ, ਅੰਮ੍ਰਿਤ ਤਿਆਰ ਕਰਾਇਆ
ਮਜ਼ਲੂਮਾਂ ਨੂੰ ਉੱਚਾ ਚੁੱਕਿਆ, ਗਿਦੜੋਂ ਸ਼ੇਰ ਬਣਾਇਆ।
'ਪੰਜ ਪਿਆਰੇ' ਸਾਜ ਸਿੱਖਾਂ ਨੂੰ, ਫਿਰ ਉਹ ਕੌਤਕ ਕੀਤਾ
ਗੁਰੂ ਗੋਬਿੰਦ ਨੇ 'ਚੇਲਾ' ਬਣ ਕੇ, ਘੁੱਟ ਅੰਮ੍ਰਿਤ ਦਾ ਪੀਤਾ।
ਜੰਗ ਚਮਕੌਰ ਦੋ ਵੱਡੇ ਬੇਟੇ, ਸਨ ਸ਼ਹੀਦ ਕਰਵਾਏ
ਦੋ ਛੋਟਿਆਂ ਨੂੰ ਖ਼ਾਨ ਵਜ਼ੀਰੇ, ਨੀਂਹਾਂ ਵਿਚ ਚਿਣਾਏ।
ਐਸੀ ਬਿਪਤਾ ਤੇ ਵੀ ਉਨ੍ਹਾਂ, ਜ਼ਰਾ ਨਾ ਸੋਗ ਮਨਾਇਆ
'ਯਾਰੜੇ ਦਾ ਸਾਨੂੰ ਸੱਥਰ ਚੰਗਾ', ਉੱਚੀ ਆਖ ਸੁਣਾਇਆ।
'ਜ਼ਫ਼ਰਨਾਮਾ' ਔਰੰਗੇ ਤਾਈਂ, ਲਿਖਿਆ ਜੋਸ਼ 'ਚ ਆ ਕੇ
ਜੇਤੂ ਚਿੱਠੀ ਪਡ਼੍ਹ ਔਰੰਗਾ, ਕੰਬ ਉੱਠਿਆ ਥੱਰਰਾ ਕੇ।
ਜਿੱਤੀ ਜੰਗ ਖਿਦਰਾਣੇ ਦੀ, ਤੇ ਟੁੱਟੀ ਸਿੰਘਾਂ ਦੀ ਗੰਢੀ
ਪਾੜ ਬੇਦਾਵਾ ਮਹਾਂ ਸਿੰਘ ਦਾ, ਮੰਦੀਓਂ ਕੀਤੀ ਚੰਗੀ।
ਤੁਰਦੇ-ਫਿਰਦੇ ਆਖ਼ਰ ਸਤਿਗੁਰ, ਦੇਸ਼ ਮਾਲਵਾ ਆਏ
ਤਲਵੰਡੀ ਦੀ ਬੰਜਰ ਭੂਮੀ, ਨੂੰ ਆ ਭਾਗ ਲਗਾਏ।
ਦਮਦਮਾ ਸਾਹਿਬ ਨੂੰ ਦਾਤੇ ਨੇ, ਤਖ਼ਤ ਥਾਪਿਆ ਚੌਥਾ
ਕੀਤਾ ਲੰਮਾ ਟਿਕਾਣਾ ਏਥੇ, ਵੇਲ਼ਾ ਮੁੱਕਿਆ ਔਖਾ।
ਬੈਠ ਹਜੂਰੀ ਵਿਚ ਦਾਤੇ ਦੀ, ਮਾਣ ਡੱਲੇ ਦਾ ਟੁੱਟਿਆ
ਛਕਿਆ ਅੰਮ੍ਰਿਤ, ਮੁੱਕੀ ਹਉਮੈ, ਗਰਬ ਦਾ ਭਾਂਡਾ ਫੁੱਟਿਆ।
ਬੀੜ ਗ੍ਰੰਥ ਸੰਪੂਰਨ ਕੀਤੀ, ਵਿੱਚ ਤਲਵੰਡੀ ਰਹਿ ਕੇ
ਮਨੀ ਸਿੰਘ ਨੂੰ ਆਪ ਲਿਖਾਇਆ, ਮੁੱਖੋਂ ਜ਼ੁਬਾਨੀ ਕਹਿ ਕੇ।
ਦਸਮ ਗ੍ਰੰਥ ਵਿੱਚ ਲਿਖੀ ਦਾਤੇ ਨੇ, ਕੇਵਲ ਆਪਣੀ ਬਾਣੀ ਅਜਬ -
ਅਨੋਖੀ ਉਹਦੀ ਗਾਥਾ, ਆਖਾਂ ਕਿੰਜ ਕਹਾਣੀ।
ਵਿੱਚ ਨੰਦੇੜ ਹਜ਼ੂਰ ਸਾਹਿਬ ਜਾ, ਅੰਤਿਮ ਫ਼ਤਹਿ ਬੁਲਾਈ
ਗੁਰੂ ਗ੍ਰੰਥ ਨੂੰ ਸੀਸ ਨਿਵਾ ਕੇ, ਸੌਂਪ ਦਿੱਤੀ ਗੁਰਿਆਈ।
ਸਾਲ ਬਿਆਲੀ ਰਹਿ ਦੁਨੀਆਂ ਵਿੱਚ, ਐਸੇ ਕੌਤਕ ਕੀਤੇ
ਜੋ ਅੜਿਆ ਸੋ ਝੜਿਆ, ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।
ਦਸਮ ਪਿਤਾ ਗੋਬਿੰਦ ਗੁਰੂ ਜੀ, ਸਨ ਇੱਕ ਮਹਾਂ ਸੈਨਾਨੀ
ਸਭ ਕੁਝ ਵਾਰ ਦਿੱਤਾ ਸੀ ਉਨ੍ਹਾਂ, ਧੰਨ ਸਨ ਸਰਬੰਸਦਾਨੀ।
ਸਭ ਧਰਮਾਂ ਦੇ, ਸਭ ਮਜ਼੍ਹਬਾਂ ਦੇ, ਕੀ ਮੁਸਲਿਮ ਕੀ ਹਿੰਦੂ
ਸਭ ਦੇ ਗੁਰੂ-ਪੀਰ ਸਨ ਸਤਿਗੁਰ, ਸਭ ਦੇ ਕੇਂਦਰ ਬਿੰਦੂ।
ਮਿੱਤਰ ਪਿਆਰਾ, ਗੁਣੀ-ਗਹੀਰਾ, ਧੰਨ ਅੰਮ੍ਰਿਤ ਦਾ ਦਾਤਾ
ਕਰ ਕਿਰਪਾ 'ਰੂਹੀ' ਤੇ ਰਹਿਬਰ, ਭੇਤ ਨਾ ਤੇਰਾ ਜਾਤਾ।
~ ਪ੍ਰੋ. ਨਵ ਸੰਗੀਤ ਸਿੰਘ
# ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302. (ਬਠਿੰਡਾ) 94176 92015