ਟੈਲੀਵਿਜ਼ਨ ਦੀ ਦੁਨੀਆਂ ਵਿਚ ਜਿਹੜਾ "ਹਾਸ ਰਸ ਕਾਰਿਆਕ੍ਰਮ" ਸਭ ਤੋਂ ਵੱਧ ਮਕ਼ਬੂਲ ਹੋ ਰਿਹਾ ਹੈ, ਓਹ ਹੈ : ਤਾਰਕ ਮੈਤਾ ਕਾ ਉਲਟਾ ਚਸ਼ਮਾ"। ਸੋਨੀ ਸਬ ਦੀ ਪਛਾਣ ਹੈ ਇਹ ਡਰਾਮਾ। ਏਸ ਦਰਮਿਆਨ ਕਪਿਲ ਤੇ ਭਾਰਤੀ ਸਿੰਹ ਦੇ ਕਾਮੇਡੀ ਤਮਾਸ਼ੇ ਵਾਹਵਾ ਦਰਸ਼ਕ ਗਿਣਤੀ ਨੂੰ ਟੁੰਬਦੇ ਰਹੇ ਨੇ।
ਏਸ "ਹਾਸ ਲੜੀਵਾਰ" ਦਾ ਉਨਵਾਨ ਵੇਖ/ਪੜ੍ਹ/ਸੁਣ ਕੇ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਲਿਖਾਰੀ ਮਹਿਤੇ ਨੇ ਖ਼ੁਦ ਨੂੰ ਭਾਰਤੀ ਰਹੱਸਵਾਦੀ ਸੰਤ-ਕਵੀ ਕ਼ਬੀਰ ਦੀ ਕੋਟਿ ਵਿਚ ਸ਼ੁਮਾਰ ਕਰ ਲਿਆ ਹੋਵੇ।
ਜਿਵੇਂ ਕ਼ਬੀਰ ਸਾਹੇਬ ਆਪਣੇ ਸਮੇਂ ਦੇ ਸਮਾਜ ਦੇ ਠੇਕੇਦਾਰਾਂ ਦੀਆਂ ਫ਼ਜ਼ੂਲ ਧਾਰਮਕ ਮਨੌਤਾਂ ਉੱਤੇ ਵਿਅੰਗ-ਚੋਟ ਕਰਦੇ ਸਨ, ਓਹੋ ਜਿਹੀ ਦੀਦਾ ਦਲੇਰੀ, ਮਹਿਤੇ ਰਾਈਟਰ ਨੇ ਨਹੀਂ ਨਹੀਂ ਕੀਤੀ!! ਕ਼ਬੀਰ ਸਾਹੇਬ ਵਰਗੀ ਬ-ਕਮਾਲ ਨਿਗ੍ਹਾ ਏਸ ਸੰਸਕਾਰੀ ਲੇਖਕ ਤਾਰਿਕ ਕੋਲ ਨਹੀਂ ਜਾਪਦੀ!
****
ਖ਼ੈਰ, ਡਰਾਮਾ ਦਾ ਕਥਾਨਕ ਜਾਂ ਸਕ੍ਰਿਪਟ ਇਹ ਹੈ ਕਿ ਕਿਸੇ ਪ੍ਰਾਈਵੇਟ ਬਿਲਡਰ ਨੇ ਸਾਂਝੇ ਤੇ ਖੁੱਲ੍ਹੇ ਡੁੱਲ੍ਹੇ ਵਿਹੜੇ ਵਾਲ਼ੇ ਅਪਾਰਟਮੈਂਟ ਉਸਾਰੇ ਹਨ। ਬਿਲਡਰ ਸੰਸਕਾਰੀ ਹੈ ਜਾਂ ਇਹ ਵਸਨੀਕ ਜੀਅ ਸੰਸਕਾਰੀ ਨੇ, ਖ਼ੈਰ ਕੋਈ ਤੇ ਹੈ!
ਬਸਤੀ ਦੇ ਸੱਭੇ ਦੇ ਸੱਭੇ ਜੀਅ ਏਨੇ ਸੰਸਕਾਰੀ ਨੇ ਕਿ ਇਨ੍ਹਾਂ ਨੂੰ ਪੁਰਾਤਨ ਨਹੀਂ ਕਿਹਾ ਜਾ ਸਕਦਾ। ਮਸਲਨ ਆਪਣੇ ਐੱਮ ਬੀ ਬੀ ਐੱਸ ਡਾਕਟਰ ਰਿਹਾਇਸ਼ੀ ਦਾ ਜਿਸਮਾਨੀ ਵਜ਼ਨ ਵੱਧ ਹੋਣ ਕਰ ਕੇ, ਓਹਨੂੰ ਹਾਥੀ ਕਹਿੰਦੇ ਹਨ। ਓਸੇ ਡਾਕਟਰ ਦੀ ਬੀਵੀ ਵਜ਼ਨਦਾਰ ਹੋਣ ਕਰ ਕੇ 'ਕੋਮਲ' ਭਾਬੀ ਆਖਦੇ ਹਨ।
ਕਿਸੇ ਇਸ਼ਤਿਹਾਰੀ ਫਰਮ ਲਈ "ਵਿਗਿਆਪਨ" ਲਿਖਣ ਵਾਲਾ ਸਾਡਾ ਓਵਰ ਸਮਾਰਟ ਲਿਖਣਤਰੀ ਤਾਰਕ ਮੈਤਾ, ਜਿਹੜਾ ਕਿ ਨਾਟਕ ਦਾ ਸੂਤਰਧਾਰ ਵੀ ਹੈ, ਏਸੇ ਬਸਤੀ ਵਿਚ ਰਹਿੰਦਾ ਹੈ। ਏਸ ਪੁਰਾਤਨਪੰਥੀ "ਲੇਖਕ" ਨੂੰ ਸਹਿ-ਰਿਹਾਇਸ਼ੀ ਪੱਤਰਕਾਰ ਪੋਪਟ ਲਾਲ ਨਾਲ ਵੀ ਜਨਮ ਜਨਮ ਦੀ ਖੁੰਦਕ ਹੈ। ਇਹ ਸਾਡੇ ਦੌਰ ਦੇ ਹਨੇਰ ਯੁੱਗ ਦੀ ਅਲਾਮਤ ਹੈ ਕਿ ਲੋਕਾਂ ਦੇ ਮਸਲੇ ਛਾਪਣ ਵਾਲੇ ਪੱਤਰਕਾਰ ਨੂੰ ਮਖੌਲ ਦਾ ਪਾਤਰ ਬਣਾਇਆ ਗਿਆ ਹੈ, ਜਦਕਿ ਸੰਸਕਾਰੀ ਖੂਹ ਦਾ ਡੱਡੂ ਲੇਖਕ ਜਿਹੜਾ ਕਿ ਅਸਲ ਵਿਚ ਕਿਸੇ ਇਸ਼ਤਿਹਾਰਸਾਜ਼ੀ ਫਰਮ ਦਾ "ਦਫ਼ਤਰ-ਬੰਦ ਕਲਰਕ" ਹੈ, ਨੂੰ ਸੱਭ ਦਾ ਮੌਜੂ ਉਡਾਉਣ ਦਾ ਅਨਲਿਮਿਟਿਡ ਲਾਈਸੈਂਸ ਦਿੱਤਾ ਗਿਆ ਹੈ।
ਇੰਝ ਨਹੀਂ ਜਾਪਦਾ ਕਿ ਤਾਰਿਕ ਦੀ ਨਾਟ-ਲੜੀ ਲਿਖਣ ਵੇਲੇ ਲਿਖਣਤਰੀ ਨੇ ਭੰਗ ਦੀ ਓਵਰਡੋਜ਼ ਅੰਦਰ ਖਿੱਚ ਲਈ ਹੋਵੇ! ਕਿਓੰ? ਹੋ ਨਹੀਂ ਸਕਦਾ!?
****
ਦੇਖੋ ਜੀ, ਕਿੰਨੇ ਸੰਸਕਾਰੀ ਜੀਅ ਨੇ, ਮਿਨੀ ਇੰਡੀਆ ਵਸਾਅ ਕੇ ਬੈਠੇ ਨੇ ਅਤੇ ਅਸੀਂ ਖਿੱਲ੍ਹੀ ਉਡਾਅ ਰਹੇ ਹਾਂ।
... ਪਰ ਘੱਟ ਅਗਲਿਆਂ ਨੇ ਵੀ ਨਹੀਂ ਕੀਤੀ! ਸਾਇੰਸਦਾਨ ਅਈਅਰ ਨੂੰ ਝੁੱਡੂ ਬਣਾ ਕੇ ਪੇਸ਼ ਕੀਤਾ ਹੈ। ਓਹਦੇ ਪੱਕੇ ਰੰਗ ਦਾ ਮਖੌਲ ਉਡਾਇਆ ਹੈ। ... ਵਿਗਿਆਪਨ ਲੇਖਕ ਸ਼੍ਰੀ ਤਾਰਿਕ ਮੈਤਾ ਨੂੰ ਛੱਡ ਕੇ ਸਾਰੇ ਈ ਕਿਰਦਾਰ, "ਨਮੂਨੇ" ਬਣਾ ਕੇ ਪੇਸ਼ ਕੀਤੇ ਗਏ ਹਨ। ਇਕ ਹੋਰ ਆਈਟਮ ਪੇਸ਼ ਕੀਤੀ ਗਈ ਹੈ, ਜੇਠਾ ਲਾਲ। ਇਹਦਾ ਘਰ ਵੱਸਿਆ ਹੋਇਆ ਹੈ ਕਿਉਂਕਿ ਚੁਸਤ ਹਟਵਾਣੀਆ ਹੈ, ਟੈਲੀਵਿਜ਼ਨ ਤੇ ਮੋਬਾਈਲ ਫੋਨ ਵੇਚਦਾ ਹੈ। ਏਸ ਲਈ ਨਿੱਕੀ ਉਮਰੇ ਤੀਵੀਂ ਵਿਆਹ ਕੇ ਲੈ ਆਇਆ ਸੀ।
ਜੇਠੇ, ਤਾਰਕ, ਵਿਗਿਆਨੀ ਅਈਅਰ ਓਹਦੀ ਮਾਡਲਨੁਮਾ ਪਤਨੀ ਬਬੀਤਾ, ਜੇਠੇ ਦੇ ਘਰਵਾਲ਼ੀ ਦਇਆਬੇਨ ਤੇ ਹੋਰ ਸਾਰੇ ਨਮੂਨਿਆਂ ਲਈ ਮਖੌਲ ਕਰਨ ਵਾਸਤੇ ਸਾਂਝਾ ਪਾਤਰ, ਪੱਤਰਕਾਰ ਪੋਪਟ ਲਾਲ ਹੈ।
( ਨੋਟ : ਸੁਣਿਆ ਹੈ ਕਿ ਤਾਰਿਕ ਮੈਤੇ ਦੇ ਏਸ ਲੋਕਪ੍ਰਿਆ ਸੀਰੀਅਲ ਨੂੰ 'ਕੱਲਾ ਤਾਰਕ ਮੈਤਾ ਨਹੀਂ ਲਿਖਦਾ, ਇਹ ਟੀਮ ਵਰਕ ਹੈ! ਸੰਸਕਾਰੀ ਬਰੀਡ ਦੇ ਲੇਖਕ ਇੱਕਠੇ ਬਹਿ ਕੇ ਏਸ ਨੌਟੰਕੀ ਦੀ ਸਕ੍ਰਿਪਟ ਲਿਖ ਕੇ, "ਧਾਰ" ਦਿੰਦੇ ਹਨ। 'ਕੱਲਾ ਤਾਰਕ ਨਹੀਂ ਹੈਗਾ, ਪੂਰੀ ਜੁੰਡੀ "ਲਿਖਦੀ" ਹੈ। )
****
ਇਹ ਬੰਦੇ ਸੰਸਕਾਰੀ ਵੀ ਨੇ! ਤੇ ਉੱਤਮ ਵਿਚ ਸਰਵੋਤਮ ਵੀ!! ਭਲਾ ਇਹ ਕਿਵੇਂ? ਇਹਦੀ ਦਲੀਲ ਇਹ ਹੈ ਕਿ ਅਗਲੇ ਰਲ਼ ਮਿਲ ਕੇ ਸਾਰੇ ਤਿਓਹਾਰ ਮਨਾਉਂਦੇ ਹਨ, ਭਾਵੇਂ Festiwal ਕਹਿੰਦੇ ਨੇ। ਹੋਏ ਨਾ ਫੇਰ, ਮੌਡਰਨ ਸੰਸਕਾਰੀ। ਉੱਤਮ ਵਿਚ ਸਰਵੋਤਮ।
****
ਇਕ ਹੋਰ ਗ਼ਰੀਬ ਪਾਤਰ ਹੈ, ਆਤਮਾ ਤੁੱਕਾ ਭਿੜੇ। ਭਿੜੇ ਵੀਰ, ਅਧਿਆਪਕ ਹੈ, ਪਰ ਕਿੱਥੇ? ਕਿਹੜੇ ਸਕੂਲ ਪੜ੍ਹਾਉਣ ਜਾਂਦਾ ਹੈ? ਇਹਦੇ ਬਾਰੇ ਰਤਾ ਓਹਲਾ ਰੱਖਿਆ ਹੈ! ਭਿੜੇ ਨਾਲ ਜ਼ਿਆਦਾਤਰ, ਹੱਟੀ ਵਾਲਾ ਜੇਠਾ ਭਾਈ ਸ਼ਾਬ ਈ ਸਿੰਗ ਫਸਾਉਂਦਾ ਹੈ। ਇਹੀ ਜੇਠਾ, ਵਿਗਿਆਨੀ ਅਈਅਰ ਦੀ ਬੀਵੀ ਉੱਤੇ ਨਿਗ੍ਹਾ ਵੀ ਰੱਖਦਾ ਹੈ ਪਰ ਵਿਗਿਆਨੀ ਨੂੰ ਨਹੀਂ ਪਤਾ ਕਿ "ਨਮੂਨਾ-ਨਗਰੀ" ਵਿਚ ਕੀ ਕੀ ਹੋ ਰਿਹੈ! ਜੇਠਾ ਜੀ ਦੇ ਬਾਬੂ ਜੀ ਵੀ ਕਿਸੇ ਦੀ ਨੂੰਹ ਧੀ ਤੋਂ ਘੱਟ ਨਹੀਂ ਹਨ, ਪੂਰੇ ਰੌਣਕੀ ਨੇ ਤੇ ਨਵੀਂ ਤੋਂ ਨਵੀਂ ਚਰਚਾ ਤੋਰੀ ਰੱਖਦੇ ਨੇ। ਆਪਣਾ, ਵਿਗਿਆਪਨ ਫਰਮ ਦਾ ਕਲਰਕ-ਲੇਖਕ ਤਾਰਕ ਉਨ੍ਹਾਂ ਦੀ ਫੁੱਲ ਇੱਜਤ ਕਰਦਾ ਹੈ। ਅੰਕਲ ਅੰਕਲ ਕਹਿੰਦੇ ਦੀ ਜ਼ੁਬਾਨ ਸੁੱਕਦੀ ਐ ਤਾਰਕ ਦੀ।
****
ਅਰੇ, ਰੇ ਰੇ ਰੇ, ਟੱਪੂ ਸੈਨਾ ਦਾ ਜ਼ਿਕਰ ਤੇ ਰਹਿ ਈ ਗਿਆ।
ਜੇਠੇ ਦੁਕਾਨਦਾਰ ਦੇ ਮੁਲਾਜ਼ਮ ਨੱਟੂ ਕਾਕਾ ਅੰਕਲ, ਬਾਗੇਸ਼ਵਰ ਬਾਗਾ ਵੀ ਆਪਣੀ ਮੀਸਾਲ ਆਪ ਨੇ। ਓਹ ਜਿਹੜੀ ਬਾਵਰੀ ਮੈਡਮ ਏ, ਓਹ ਭੋਲੀ ਲੱਗਦੀ ਹੈ। ਬੇਸ਼ਕ, ਗ਼ਲਤੀ ਨਾਲ mistake ਕਰ ਜਾਂਦੀ ਐ। ਸਾਡੇ ਤਾਰਕ ਮੈਤੇ ਨੇ ਲਿਖਿਆ ਈ "ਅਦਭੁਤ" ਏ।
ਇਕ ਹੋਰ, ਅਣਗੌਲਿਆ ਪਾਤਰ ਅਬਦੁਲ ਹੈ, ਓਹਨੂੰ ਬਹੁਤਾ "ਫੋਕਸ" ਨਹੀਂ ਦਿੰਦੇ। ਓਹ ਇਨ੍ਹਾਂ ਦੇ ਫੈਸਟੀਵਲਜ਼ ਵਿਚ ਆ ਤਾਂ ਜਾਂਦਾ ਹੈ ਪਰ "ਸੰਸਕਾਰੀ ਤੇ ਉੱਤਮ ਵਿਚ ਸਰਵੋਤਮ" ਨਾ ਹੋਣ ਕਾਰਨ "ਫੋਕਸ" ਵਿਚ ਨਹੀਂ ਆਉਂਦਾ। ਬਾਕੀ, ਤਾਰਕ ਵਿਗਿਆਪਨ ਲਿਖਾਰੀ ਦੀ ਮਰਜ਼ੀ! ਜਿਹਨੂੰ ਮਾਣ ਦੇਣਾ ਚਾਹਵੇ, ਓਹਨੂੰ ਈ ਦਵੇਗਾ! ਤਾਰਕ ਜੀ ਦੀ ਪਤਨੀ ਜੀ, ਅੰਜਲੀ ਨੂੰ ਈ ਵੇਖ ਲੇਓ! ਪੂਰੀ ਐਂਜਲ ਐ। ਪੂਰੀ ਮੌਡਰਨ ਪਰ ਸੰਸਕਾਰੀ ਵੀ। ਘਰਵਾਲੇ ਨੂੰ ਡਾਇਬਟੀਜ਼ ਹੋਣ ਤੋਂ ਪਹਿਲਾਂ ਈ ਕਰੇਲੇ ਦਾ ਰਸ ਪਿਆਉਂਦੀ ਐ, ਅਗਲੀ ਕਹਿੰਦੀ ਭਾਵੇਂ ਜੂਸ ਹੈ ਪਰ ਹੁੰਦਾ ਤੇ ...ਰਸ ...ਈ ਏ। ਇਹ ਅੰਜਲੀਬੇਨ, ਪੱਤਰਕਾਰ ਪੋਪਟ ਲਾਲ ਤੋਂ ਖਿਝੀ ਰਹਿੰਦੀ ਏ, ਤਾਰਕ ਨੂੰ ਗੁਜ਼ਾਰਿਸ਼ ਹੈ ਕਿ ਏਸ ਖਿਝ ਦੀ ਵਜ੍ਹਾ ਸਪਸ਼ਟ ਕਰੇ। ਵਿਗਿਆਪਨ ਲੇਖਕਸ੍ਰੀ ਦੀ ਪਤਨੀਸ੍ਰੀ ਨੂੰ ਪੱਤਰਕਾਰ ਨਾਲ ਕਾਹਦਾ ਰੋਸਾ ਐ? ਪਲੀਜ਼ ਤਾਰਕ ਪਲੀਜ਼!
****
ਦੋ ਕੁ ਦਹਾਕੇ ਪਹਿਲਾਂ, ਮਰਹੂਮ ਫ਼ਿਲਮ ਕਲਾਕਾਰ ਦੇਵ ਅਨੰਦ ਦੇ ਭਾਣਜੇ ਸ਼ੇਖਰ ਕਪੂਰ ਨੇ ਮਿਸਟਰ ਇੰਡੀਆ, ਫਿਲਮ ਬਣਾਈ ਸੀ। ਓਥੇ ਵੀ ਇਹੀ ਮੁਸ਼ਕਲ ਸੀ ਕਿ ਸੀਮਾ (ਸ੍ਰੀ ਦੇਵੀ) ਜਦੋਂ ਕੋਈ ਖ਼ਬਰ ਡਿਸਕਸ ਕਰਨ ਲਈ ਸੰਪਾਦਕ (ਅਨੂ ਕਪੁਰ) ਦੇ ਕਮਰੇ ਵਿਚ ਜਾਂਦੀ ਹੁੰਦੀ ਸੀ, ਓਥੇ ਫੋਨ ਆਉਣ ਲੱਗ ਪੈਂਦੇ ਸੀ ਕਿ "ਕੀਆ ਆਪ ਪਾਗਲਖਾਨੇ ਸੇ ਬੋਲ ਰਹੇ ਓ.."?! ਅਨੂੰ ਨੇ ਸੜੇ ਭੁੱਜੇ ਨੇ ਅਖ਼ੀਰ ਕਹਿ ਹੀ ਦੇਣਾ ਕਿ ਹਾਨਜੀ, ਇਹ ਪਾਗਲਖਾਨਾ ਈ ਐ!
****
ਇਹ ਤਾਰਕ ਵੀ ਓਹੀ ਦਾਅ ਖੇਡ ਗਿਐ, ਖ਼ੁਦ, ਇਸ਼ਤਿਹਾਰ ਲਿਖਣ ਦੇ ਕੰਮ ਲੱਗਾ ਹੈ, ਓਥੋਂ ਰੋਟੀ ਖਾ ਕੇ ਤੋਰੀ ਫੁਲਕਾ ਚਲਾਅ ਰਿਹਾ ਹੈ ਪਰ ਪੱਤਰਕਾਰ ਪੋਪਟ ਲਾਲ ਨੂੰ ਜ਼ਿਆਦਾ ਈ ਮਖੌਲ ਦਾ ਪਾਤਰ ਸਿੱਧ ਕਰ ਗਿਐ।
ਯਰ! ਭੰਗ ਪੀ ਕੇ ਈ ਲਿਖਣਾ ਹੋਵੇ ਤਾਂ ਬੰਦਾ ਓਨੀਂ ਪੀ ਲਵੇ, ਜਿੰਨੀ ਸੁਖਾਲ਼ੀ ਪੱਚਦੀ ਐ, ਭਲਾ ਲਿਮਿਟ ਤੋਂ ਵੱਧ ਕੀ ਪੀਣੀ ਹੋਈ? ਦੇਖ ਲਿਆ ਨਾ ਸਾਈਡ ਇਫੈਕਟ!
****
ਇਕ ਹੋਰ ਪੰਜਾਬੀ ਪਾਤਰ ਹੈ, ਸੋਡੀ ਪਾਜੀ। ਹੁੰਦਾ ਤਾਂ "ਭਾਅ ਜੀ" ਹੈ ਪਰ ਤਾਰਕ ਨੂੰ ਆਪਣੇ ਘਰੋਂ ਖਾ ਕੇ ਕਿਹੜਾ ਸਮਝਾਵੇ!?
ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਨੇ, ਤਾਰਕ ਆਪ ਸਿਆਣਾ ਐ! ਇਹਨੇ ਪਾਜੀ ਈ ਕਹਿਣਾ ਏ।
ਸੋਡੀ ਵੀ ਹੱਸਮੁੱਖ ਬੰਦਾ ਏ। ਘਰੇਲੂ ਮੁੰਡਾ ਐ। ਘਰੋਂ, ਵਰਕਸ਼ੋਪ ਉੱਤੇ ਨਿੱਕਲ ਪੈਂਦੈ ...ਤੇ ਵਰਕਸ਼ੋਪ ਤੋਂ ਘਰੇ। ਬੱਲੇ ਬੱਲੇ ਕਹੀ ਤੁਰੀ ਜਾਣ ਦਾ ਪੂਰਾ ਕਾਇਲ ਹੈ। ਏਸ "ਨਮੂਨਾ ਨਗਰੀ" ਦਾ ਨਾਮ "ਅਗਰ" ਬੱਲੇ ਬੱਲੇ ਧਾਮ ਹੁੰਦਾ ਤਾਂ ਤਾਰਕ ਤੇਰਾ ਕੀ ਘੱਟ ਜਾਣਾ ਸੀ??
****
ਖ਼ੈਰ! ਅਬਦੁਲ ਨੂੰ ਤਾਂ ਸੋਡਾ ਵੇਚਕ ਦੁਕਾਨਦਾਰ ਵਿਖਾਇਆ ਹੈ। ਓਹ ਇਨ੍ਹਾਂ ਨਮੂਨਿਆਂ ਵਿਚ ਨਹੀਂ ਰਲ਼ਦਾ ਜਾਂ ਇਹ ਖੂਹ ਦੇ ਡੱਡੂ ਓਹਨੂੰ ਆਪਣੇ ਵਿਚ ਨਹੀਂ ਰਲਾਉਂਦੇ?ਇਹ ਸਵਾਲ ਤਾਰਕ ਦੇ ਸਿਰ ਵਿਚ ਕੈਦ ਐ। ਉਂਝ, ਦੱਸ ਦਈਏ ਕਿ ਤਾਰਕ ਮੈਤਾ ਕਾ ਉਲਟਾ ਚਸ਼ਮਾ ਲਿਖਣ ਵਾਲੇ ਮੁੱਖ ਲੇਖਕ ਨੇ ਕੁਝ ਵਰ੍ਹੇ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ, ਹੁਣ ਛੁੱਟ ਭਈਆ ਲੇਖਕ ਹੀ ਡਰਾਮਾ ਨੂੰ ਲਿਖ ਰਹੇ ਨੇ। ਬਾਕੀ, ਫੇਰ ਕਦੇ!