ਉਂਝ ਤਾਂ ਸਾਰੇ ਦੇਸ ਵਿਚ ਹੀ ਕੁਲ ਹਿੰਦ ਕਾਂਗਰਸ ਕਮੇਟੀ ਦਾ ਬੁਰਾ ਹਾਲ ਹੈ ਪਰ ਪੰਜਾਬ ਵਿਚ ਸਭ ਤੋਂ ਵੱਧ ਮਾੜਾ ਹਾਲ ਕਿਹਾ ਜਾ ਸਕਦਾ ਹੈ। ਹਰ ਦਿਨ ਕੋਈ ਨਾ ਕੋਈ, ਵੱਡਾ ਅਹੁਦੇਦਾਰ ਨਵਾਂ ਸ਼ਗੂਫਾ, ਛੱਡ ਜਾਂਦਾ ਐ। ...ਪਰ ਪੰਜਾਬ ਦੇ ਸਿਖਰਲੇ ਅਹੁਦੇਦਾਰਾਂ ਨੇ ਜਿਹੜਾ ਭੂਤਰਪੁਣਾ, ਚੋਣਾਂ ਤੋਂ ਪਹਿਲਾਂ ਵਿਖਾਇਆ ਸੀ, ਇਹ ਸਿਰਫ਼ ਪਾਰਟੀ ਦੇ ਸੰਚਾਲਕਾਂ ਦੀ 'ਨਰਮੀ' ਦਾ ਨਤੀਜਾ ਐ।
ਹਾਲੀਆ ਵਿਧਾਨ ਸਭਾ, ਚੋਣਾਂ ਤੋਂ ਪਹਿਲਾਂ, ਕਾਂਗਰਸ ਦੇ ਉੱਜਡ ਬਿਰਤੀ ਦੇ ਅਹੁਦੇਦਾਰ ਜਿਹੜੀ ਕੁੱਕੜ ਖੇਹ ਉਡਾਉਂਦੇ ਰਹੇ ਨੇ, ਕਿਸੇ ਤੋਂ ਲੁਕੀ ਛਿਪੀ ਨਹੀਂ ਹੈ!
******
ਇਤਿਹਾਸ ਵਿਚ ਦਰਜ ਹੈ ਕਿ ਜਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, ਓਸ ਤੋਂ ਬਾਅਦ ਲਾਹੌਰ ਦਰਬਾਰ, "ਸਾਜ਼ਿਸ਼ਾਂ ਦਾ ਅਖਾੜਾ" ਬਣ ਗਿਆ ਸੀ। ਜਿਹੜੇ ਬੰਦੇ, ਮਹਾਰਾਜਾ ਰਣਜੀਤ ਸਿੰਘ ਦਾ ਰੱਬ ਤੋਂ ਵੱਧ ਸਤਿਕਾਰ ਕਰਦੇ ਸਨ, ਉਨ੍ਹਾਂ ਦੁਸ਼ਟਾਂ ਨੇ ਹੀ ਮਹਾਰਾਜਾ ਦੀ ਮੌਤ ਪਿੱਛੋਂ ਉਸ ਦੀਆਂ ਰਾਣੀਆਂ ਤੇ ਪੁੱਤਰਾਂ ਦਾ ਘਾਣ ਕਰਾ ਦਿੱਤਾ ਸੀ।
ਵਕਤ ਵਕਤ ਦੀ ਖੇਡ ਹੁੰਦੀ ਹੈ! ਜਾਪਦਾ ਹੈ ਕਿ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਨੂੰ "ਵੇਲ਼ੇ ਸਿਰ ਡੰਡਾ ਨਾ ਚੜ੍ਹਿਆ ਹੋਣ ਕਰ ਕੇ" ਓਹ ਏਨੇ ਆਪਹੁਦਰੇ ਸਾਬਤ ਹੋਏ ਕਿ ਆਪਣੇ ਸਮੇਤ ਪਾਰਟੀ ਡੋਬ ਬੈਠੇ!
ਇਤਿਹਾਸਕ ਤੱਥ ਹਨ ਕਿ ਜਵਾਹਰ ਲਾਲ ਨਹਿਰੂ ਨੂੰ ਕੁਲ ਦੁਨੀਆ ਵਿਚ ਡੂੰਘਾ ਵਿਦਵਾਨ ਮੰਨਿਆ ਗਿਆ ਹੈ। ਉਨ੍ਹਾਂ ਵੱਲੋੰ ਲਿਖੀਆਂ ਕਿਤਾਬਾਂ ਨੂੰ ਆਲ੍ਹਾ ਮਿਆਰੀ ਮੰਨਿਆ ਜਾਂਦਾ ਹੈ। ਜਵਾਹਰ ਲਾਲ ਨਹਿਰੂ ਵੱਲੋੰ ਭਾਰਤ ਦੇਸ ਵਿਚ ਉਸਾਰੇ ਗਏ ਅਦਾਰਿਆਂ, ਪਾਣੀ ਰੋਕੂ ਬੰਨ੍ਹਾਂ ਤੇ ਹੋਰ, ਵੇਲ਼ੇ ਦੇ ਹਾਣ ਦੇ ਅਦਾਰਿਆਂ ਸਦਕਾ ਭਾਰਤ ਦੀ ਸਾਰੇ ਜੱਗ ਉੱਤੇ ਸੋਹਣੀ ਭੱਲ ਬਣੀ ਸੀ।
ਇੰਡੀਅਨ ਨੈਸ਼ਨਲ ਕਾਂਗਰਸ ਜੀਹਦਾ ਮਸ਼ਹੂਰ ਨਾਂ ਕੁਲ ਹਿੰਦ ਕਾਂਗਰਸ ਕਮੇਟੀ ਹੁੰਦਾ ਸੀ, ਏਹ ਬਾਕੀ ਰਾਜਸੀ ਪਾਰਟੀਆਂ ਦੇ ਮੁਕਾਬਲਤਨ, ਖਰੀ ਪਾਰਟੀ ਮੰਨੀ ਜਾਂਦੀ ਸੀ। ਦੇਸ ਪੱਧਰ ਉੱਤੇ ਪੜ੍ਹਨ ਲਿਖਣ ਵਾਲੇ ਬੁੱਧੀਜੀਵੀ, ਸੋਚਵਾਨ, ਨਹਿਰੂਵਾਦੀ, ਗਾਂਧੀਵਾਦੀ ਤੇ ਹੋਰ ਵਾਦਾਂ ਵਿਵਾਦਾਂ ਨਾਲ ਜੁੜ ਕੇ, ਬੌਧਿਕ ਤਰੱਕੀ ਕਰਨ ਵਾਲੇ ਆਗੂ ਗੁਣਾਂ ਵਾਲੇ ਲੋਕ, ਏਸ ਪਾਰਟੀ ਦੀ ਸ਼ਨਾਖਤ ਹੁੰਦੇ ਸਨ...! ਸੋਚਾਂ ਵਾਲ਼ੇ ਆਗੂਆਂ ਨੂੰ ਇਹ ਪਾਰਟੀ ਪਹਿਲੀ ਸਫ਼ ਵਿਚ ਮੁਕਾਮ ਦਿੰਦੀ ਹੁੰਦੀ ਸੀ।
******
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਰਤਾਰਾ ਵੱਖਰਾ ਹੈ। ਏਸ ਯੂਨਿਟ ਵਿਚ ਧੜਵੈਲ ਕਿਸਮ ਦੇ ਅਹੁਦੇਦਾਰ ਬਹੁਤੇ ਨੇ। ...ਨਖਿੱਧ ਕਿਸਮ ਦੇ "ਸੱਤਾ-ਲੋਭੀ" ਭਰਤੀ ਕਰਦਿਆਂ ਕਰਦਿਆਂ ਪਾਰਟੀ ਦੇ ਤਾਰਣਹਾਰਾਂ ਨੇ ਪੰਜਾਬ ਵਿਚ ਆਪਣੀ ਬੇੜੀ ਵੀ ਡੋਬ ਲਈ!!
******
... ਬੀਤੇ ਵਿਚ ਝਾਕੀਏ ਤਾਂ ਯਾਦ ਆਉਂਦਾ ਹੈ ਕਿ ਜਦ, ਸਾਰੇ ਮੁਲਕ ਵਿਚ ਕਾਂਗਰਸ ਦੀਆਂ ਸਰਕਾਰਾਂ ਉੱਸਰਣੀਆਂ ਆਰੰਭ ਹੋ ਗਈਆਂ, ਬੇ ਈਮਾਨ ਕਿਸਮ ਦੇ ਚਲਦੇ ਪੁਰਜੇ ਏਸ ਜਮਾਤ ਵਿਚ ਦਾਖ਼ਲ ਕਰ ਲਏ ਗਏ, ਬੇੜਾ ਗਰਕਣ ਦੀ ਸ਼ੁਰੂਆਤ ਹੋ ਗਈ!
...ਫੇਰ, ਕਿਹੜਾ ਅਧਿਐਨ?
ਕਿਹੜੀ ਕਾਬਲੀਅਤ?
ਕਿਹੜੀ ਪ੍ਰਤਿਭਾ?
ਕਿਹੜੀ ਲਿਆਕਤ?
ਸਭ ਕੁਝ "ਸੱਤਾ-ਵਾਦ" ਭਾਵ ਕਿ ਰਾਜ ਕਰਨ ਤੀਕ ਸੀਮਤ ਰਾਜ-ਕੁ-ਨੀਤੀ ਨੇ ਲੀਲ੍ਹ ਲਿਆ। ਏਸ, ਵਰਤਾਰੇ ਲਈ ਵੀ, ਪਾਰਟੀ ਦੇ ਉਨ੍ਹਾਂ ਸਮਿਆਂ ਦੇ ਕੁ-ਨੇਤਾ ਹੀ ਜ਼ਿਮੇਵਾਰ ਹੋਣਗੇ।
******
ਇਹ ਸੀ ਪਾਰਟੀ ਦਾ ਇਤਿਹਾਸਕ 'ਸਫ਼ਰ'
ਅੰਗਰੇਜਾਂ ਦੀ ਸਿਆਸੀ ਗ਼ੁਲਾਮੀ ਤੋਂ ਨਜਾਤ ਹਾਸਿਲ ਕਰਨ ਲਈ ਲੋਕਾਂ ਨੇ ਗੈਰ ਜਥੇਬੰਦ ਹੋਣ ਦੇ ਬਾ-ਵਜੂਦ, ਚੋਖਾ ਜੋਗਦਾਨ ਪਾਇਆ ਹੋਇਆ ਐ। ...ਪਰ, ਜੇ, ਜਥੇਬੰਦ ਹੋ ਕੇ, ਜੋਗਦਾਨ ਪਾਉਣ ਆਲਿਆਂ ਦਾ ਖ਼ਾਸ ਜ਼ਿਕਰ ਕਰਨਾ ਹੋਵੇ ਤਾਂ "ਮੁਢਲੀ ਕਾਂਗਰਸ", ਦੇ ਕੁਰਬਾਨੀਆਂ ਭਰਭੂਰ ਕਿਰਦਾਰ ਨੂੰ ਵਿਸਾਰਿਆ ਨਹੀਂ ਜਾ ਸਕੇਗਾ। ਆਗੂ ਤੇ ਪਾਛੂ ਸਾਰੇ ਬਹੁ ਗਿਣਤੀ ਵਿਚ ਸਮਰਪਤ ਭਾਵਨਾ ਵਾਲੇ ਸਨ।
ਉਹ ਦੌਰ ਵੀ ਹੁੰਦਾ ਸੀ, ਜਦ, ਅਕਾਲੀ ਦਲ ਵੀ, ਕਾਂਗਰਸ ਦਾ ਇਕ ਹਿੱਸਾ ਹੁੰਦੀ ਸੀ। ਫੇਰ, ਕਾਂਗਰਸ ਵਿਚ ਵੜੇ ਹੋਏ ਘੜੱਮ ਚੌਧਰੀਆਂ ਨੇ ਫ਼ਿਰਕੂਪੁਣੇ ਦੀ ਲੀਕ ਮਾਰ ਦਿੱਤੀ ਤੇ ਕਾਂਗਰਸ ਨੂੰ ''ਨਕਲੀ ਧਰਮ ਨਿਰਪੱਖਤਾ" ਦੇ ਰਾਹ ਤੋਰ ਦਿੱਤਾ। ਏਸ ਤਰ੍ਹਾਂ ਫ਼ਿਰਕੂ ਅਨਸਰਾਂ ਨੇ '"ਨਵ-ਗਠਤ "ਅਕਾਲੀ ਦਲਾਂ" ਵਿਚ ਘੁਸਪੈਠ ਕਰ ਲਈ ਤੇ ਫ਼ਿਰਕੂ ਸਿਆਸਤ ਦੀ ਨੀਂਹ ਪੱਕੀ ਕਰ ਦਿੱਤੀ।
ਇਹ ਤਬਦੀਲੀ ਤਾਂ ਵਕਤਨ ਜ਼ਰੂਰਤਾਂ ਤੇ ਵਕਤੀ ਸਮਾਜੀ ਲੋੜਾਂ ਦੇ ਖ਼ਾਤੇ ਪਾਈ ਜਾ ਸਕਦੀ ਐ।
ਕਾਂਗਰਸ ਦੇ ਲੰਘੇ 30 ਕੁ ਸਾਲਾਂ ਦੇ "ਕਿਰਦਾਰ" ਨੂੰ ਕਿਹੜੇ ਖ਼ਾਤੇ ਪਾਇਆ ਜਾ ਸਕੇਗਾ? ਏਸ ਪਾਰਟੀ ਅੰਦਰ ਧਰਮ ਨਿਰਪੱਖਤਾ ਦੇ ਨਾਅਰੇ ਹੇਠ, ਫਿਰਕੂ ਅਨਸਰਾਂ ਨੇ ਚੜ੍ਹਾਂ ਮਚਾਈਆਂ ਹੋਈਆਂ ਸਨ। ਦੇਸ ਦੀ "ਇਕਤਾ ਅਖੰਡਤਾ" ਦੇ ਜ਼ੇਰੇ ਉਨਵਾਨ ਏਹੋ ਜਿਹੇ ਫ਼ਿਰਕੂ ਨਾਗ ਅੰਦਰੋਂ-ਅੰਦਰਿ ਮੌਲਦੇ ਰਹੇ ਨੇ ਕਿ ਉਨ੍ਹਾਂ ਦੇ ਦੋਗਲੇਪਣ ਨੂੰ ਕਾਪੀ ਕਰ ਕਰ ਕੇ, ਕਈ ਫਰਜ਼ੀ ਰਾਸ਼ਟਰ-ਵਾਦੀ ਗਿਰੋਹ ਤੇ ਪਾਰਟੀਆਂ ਉੱਸਰ ਕੇ, ਰਾਜ ਭਾਗ ਉੱਤੇ ਕਾਬਜ਼ ਹੋ ਗਈਆਂ। ਕਾਂਗਰਸ ਵਿੱਚੋਂ ਨਿਕਲ ਕੇ ਕਈ ਆਗੂ, ਆਮ ਆਦਮੀ ਕਾਂਗਰਸ ਪਾਰਟੀ ਬਣਾ ਲੈਂਦੇ ਸਨ ਪਰ ਲੀਡਰਸ਼ਿਪ ਸੂਰਤੇਹਾਲ ਨੂੰ ਕਾਬੂ ਕਰ ਹੀ ਲੈਂਦੀ ਸੀ।
******
ਅਜੋਕੇ ਦੌਰ ਦਾ "ਫਰਜ਼ੀ ਰਾਸ਼ਟਰ-ਵਾਦ" ਵੀ, ਕਾਂਗਰਸ ਵਿਚ ਵੜੇ ਰਹੇ ਬੁੱਕਲ ਦੇ ਚੋਰਾਂ ਦੀ ਵਿਚਾਰਧਾਰਕ ਬੇ-ਈਮਾਨੀ ਦਾ ਨਵਾਂ-ਜਾਰੀ-ਰੂਪ ਹੀ ਐ। ਅੱਜ ਦੇ ਫਰਜ਼ੀ ਰਾਸ਼ਟਰ-ਵਾਦੀ, ਚੋਖਾ ਅਰਸਾ, ਕਾਂਗਰਸ ਦੇ ਅਹੁਦੇਦਾਰ ਰਹੇ ਹਨ।
ਸਾਨੂੰ ਇਹ ਗੱਲ ਕੱਤਈ ਨਹੀਂ ਭੁੱਲਣੀ ਚਾਹੀਦੀ ਕਿ ਅੱਜ ਦੇਸ ਵਿਚ ਧਾਰਮਕ ਘੱਟ ਗਿਣਤੀ, ਖ਼ਾਸਕਰ ਮੁਸਲਿਮ ਭਾਈਚਾਰੇ ਨੂੰ ਧਮਕੀ ਦੇਣ ਦਾ ਰਵਾਜ਼ ਵੀ ਨਵਾਂ ਨਹੀਂ ਹੈ, ਕਾਂਗਰਸ ਵਿਚ ਘੁਸਪੈਠ ਕਰਨ ਵਾਲ਼ੇ ਲੰਡਰ ਅਨਸਰ, "ਦੇਸ ਦੀ ਇਕਤਾ ਅਖੰਡਤਾ" ਦਾ ਪਖੰਡ-ਰਾਗ ਸੁਣਾ ਕੇ, ਇਹੋ ਜਿਹਾ ਨੈਰੇਟਿਵ ਸੈੱਟ ਕਰਦੇ ਨੇ। ਉਦੋਂ ਇਹ ਖਿਚੜੀ ਅੰਦਰੋਂ ਅੰਦਰ ਪੱਕਦੀ ਹੁੰਦੀ ਸੀ। ਜਦਕਿ ਪਾਰਟੀ ਦੇ ਸੰਚਾਲਕਾਂ ਨੇ ਉਦੋਂ, ਫਿਰਕੂ ਅਨਸਰਾਂ ਨੂੰ ਸਿਰੀ ਨਹੀਂ ਚੁੱਕਣ ਦਿੱਤੀ ਸੀ।
******
ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਨੂੰ, ਜੇ, ਕਾਂਗਰਸੀ ਨਜ਼ਰੀਏ ਮੁਤਾਬਕ ਵੇਖੀਏ ਤਾਂ ਇਹ ਬਹੁਤੇ ਸਾਜ਼ਗਾਰ ਹਾਲਾਤ ਨਹੀਂ ਆਖੇ ਜਾ ਸਕਦੇ ਹਨ।
******
ਸੋਮਵਾਰ, ਉਨੱਤੀ ਅਗਸਤ ਨੂੰ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪਰਤਾਪ ਸਿੰਘ ਬਾਜਵਾ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਬਾਰੇ ਬਿਆਨ ਦਿੱਤਾ ਹੈ ਕਿ ਉਹ (ਪਰਨੀਤ) ਕਾਂਗਰਸ ਦਾ ਖਹਿੜਾ ਛੱਡ ਦਵੇ। ਏਸ ਤੋਂ ਇਕ ਦਿਨ ਪਹਿਲਾਂ ਪਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਨੂੰ ਵੰਗਾਰਿਆ ਸੀ, "ਜੇ ਹਿੰਮਤ ਹੈ ਤਾਂ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਉੱਤੇ ਕਾਰਵਾਈ ਕਰੋ..!!" ਇਹ ਪਾਰਟੀ ਦੀ ਮੌਜੂਦਾ ਸੂਰਤੇਹਾਲ ਹੈ। ਕੋਈ ਜਣਾ ਜੇਲ੍ਹ ਵਿਚ ਤੁੰਨਿਆ ਹੋਇਆ ਹੈ, ਕਿਸੇ ਨੂੰ ਵਿਜੀਲੈਂਸ ਚੱਕਣ ਨੂੰ ਫਿਰਦੀ ਹੈ, ਕਿਸੇ ਮਗਰ ਪੁਲਿਸ ਲੱਗੀ ਹੋਈ ਹੈ। ਫੇਰ ਵੀ ਜ਼ੁਬਾਨਾਂ ਪਹਿਲਾਂ ਵਾਂਗ ਚੱਲ ਰਹੀਆਂ ਹਨ!
******
ਸੁਣਨ/ਪੜ੍ਹਣ ਨੂੰ ਤਾਂ ਇੰਝ ਵੀ ਲੱਗ ਸਕਦਾ ਏ ਕਿ ਪਰਤਾਪ ਸਿੰਘ ਨੇ, ਕੈਪਟਨ ਮੀਆਂ ਬੀਵੀ ਨੂੰ ਲਤਾੜ ਲਾਈ ਐ ਪਰ ਇੰਝ ਨਹੀਂ ਐ! ਕੈਪਟਨ ਅਮਰਿੰਦਰ ਸਿੰਘ ਨਾਲ ਬਾਜਵਾ ਦੀ ਬੀਤੇ ਵੇਲਿਆਂ ਵਿਚ ਨਿੱਜੀ ਰੜਕ ਰਹੀ ਏ, ਉਹ ਵੀ ਇਨ੍ਹਾਂ ਬਿਆਨਾਂ ਵਿੱਚੋਂ ਸੁਣੀ ਜਾ ਸਕਦੀ ਐ।
******
ਪੰਜਾਬ ਵਿਧਾਨ ਸਭਾ ਤੇ ਪੰਜਾਬ ਸੈਕਰੇਟੇਰੀਏਟ ਦੇ ਮੁਲਾਜ਼ਮਾਂ, ਅਫਸਰਾਂ ਤੇ ਇਤਲਾਹੀਆਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਭਰੋਸੇਯੋਗ ਸੂਤਰਾਂ ਦੀਆਂ ਸੂਹਾਂ ਨੂੰ ਸੱਚ ਮੰਨੀਏ ਤਾਂ ਪੰਜਾਬ ਕਾਂਗਰਸ ਅੰਦਰ, ਹਾਲੇ ਵੀ "ਸਭ ਭਲਾ" ਨਹੀਂ ਐ। ਪਰਤਾਪ ਸਿੰਘ ਬਾਜਵਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਰਮਿਆਨ ਬਹੁਤਾ ਤਾਲਮੇਲ ਨਹੀਂ ਹੈ!
******
ਅਸੀਂ, ਏਸ ਸੁਲੇਖ ਦੇ ਆਰੰਭ ਵਿਚ, ਇਹ ਗੱਲ ਸਪਸ਼ੱਟ ਕਰ ਦਿੱਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਹਾਲ ਸਰਕਾਰ ਖ਼ਾਲਸਾ ਦਾ ਹੋਇਆ ਸੀ, ਮਿਲਦਾ ਜੁਲਦਾ ਹਾਲ ਹੁਣ ਕਾਂਗਰਸ ਦੀ ਪੰਜਾਬ ਇਕਾਈ ਦਾ ਹੋਇਆ ਨਜ਼ਰ ਆ ਰਿਹਾ ਏ।
ਵਜ੍ਹਾ ਸਾਫ਼ ਐ ਕਿ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ, ਓਨੀਂ ਸਖ਼ਤੀ ਪੰਜਾਬ ਵਿਚ ਬੈਠੇ ਪਾਰਟੀ ਅਹੁਦੇਦਾਰਾਂ ਉੱਤੇ ਨਹੀਂ ਕਰ ਰਹੇ, ਜਿੰਨੀ ਕਿ ਕਰਨੀ ਬਣਦੀ ਐ।
ਜਦਕਿ ਸਚ ਏਹੀ ਐ ਕਿ ਪੰਜਾਬ ਦੇ ਅਹੁਦੇਦਾਰਾਂ ਨੇ ਕੇਂਦਰੀ ਅਗਵਾਈ ਨੂੰ ਟਿੱਚ ਜਾਣਿਆ ਐ। ਬਦਨਾਮੀ ਦੀ ਵਜ੍ਹਾ ਬਣੇ ਹਨ।
******
ਕਾਂਗਰਸ ਪਾਰਟੀ ਨਾਲ ਹਮਦਰਦੀ ਕਰਨ ਵਾਲੇ ਆਗੂ ਤੇ ਪਾਛੂ ਕਹਿੰਦੇ ਨੇ, "ਜੇ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਨੂੰ "ਜਵਾਹਰ ਲਾਲ ਨਹਿਰੂ ਦੀ ਸਿਆਸੀ ਵਿਰਾਸਤ" ਦੇ ਬਤੌਰ ਦੇਖਿਆ ਹੁੰਦਾ ਜਾਂ ਉਹ ਖ਼ੁਦ ਨੂੰ ਨਹਿਰੂ ਦੇ ਜਾਨਸ਼ੀਨ ਵਜੋਂ ਦੇਖ ਕੇ, ਗਾਂਧੀ-ਨਹਿਰੂ ਦੀ ਸਮਾਜੀ ਸਿਆਸੀ ਵਿਰਾਸਤ ਬਚਾਉਣ ਲਈ ਅਹੁਲ ਪੈਂਦੇ!" ਪਾਰਟੀ ਆਗੂਆਂ ਦੀ ਸਕੂਲਿੰਗ ਕਰਦੇ, ਜਿੱਥੇ ਆਪ ਹੁਦਰੇ ਅਹੁਦੇਦਾਰ ਨਜ਼ਰ ਆਉਣ, ਉਨ੍ਹਾਂ ਉੱਤੇ ਲੁੜੀਂਦੀ ਸਖਤੀ ਕਰਨੀ ਚਾਹੀਦੀ ਹੈ। ਸਿਆਣੇ ਬੇ ਰੁਜ਼ਗਾਰਾਂ ਦੀ ਪਾਰਟੀ ਵਿਚ ਰਲਤ ਕਰਵਾਉਣੀ ਚਾਹੀਦੀ ਹੈ।
******
ਦੇਸ ਪੱਧਰ ਉੱਤੇ ਕਾਂਗਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਭੈਣ ਭਰਾ (ਰਾਹੁਲ-ਪ੍ਰਿਅੰਕਾ) ਨੇ ਕਮਿਊਨਿਸਟ ਸਫ਼ਾਂ ਵਿਚ ਵਿਚਰਦੇ ਰਏ ਕਨ੍ਹਈਆ ਕੁਮਾਰ ਨੂੰ ਬੜੇ ਸ਼ੌਕ ਨਾਲ ਕਾਂਗਰਸ ਵਿਚ ਸ਼ਾਮਲ ਕਰਵਾਇਆ ਸੀ! ਫੇਰ, ਓਸ ਤੋਂ ਬਾਅਦ ਕਨ੍ਹਈਆ ਵੀ ਆਮ ਜਿਹਾ ਬਣਾ ਦਿੱਤਾ ਗਿਆ! ਮਤਲਬ ਕਿ ਓਹਦੀ ਬੋਲਣ ਤੇ ਸੋਚਣ ਦੀ ਸਮਰਥਾ ਦਾ ਲਾਹਾ ਵੀ, ਕਾਂਗਰਸ ਨਹੀਂ ਲੈ ਸਕੀ!! ਜਾਪਦਾ ਹੈ ਕਿ ਰਾਹੁਲ, ਸੋਨੀਆ ਜਾਂ ਪ੍ਰਿਅੰਕਾ ਨਹੀਂ ਬਲਕਿ ਚਾਪਲੂਸ ਸਲਾਹਕਾਰ ਹੀ ਪਾਰਟੀ ਨੂੰ ਬਰਬਾਦ ਕਰਵਾ ਰਹੇ ਹਨ!
******
ਮੁੜ, ਪੰਜਾਬ ਦਾ ਜ਼ਿਕਰ ਛੇੜੀਏ ਤਾਂ ਪ੍ਰਤੱਖ ਹੈ ਕਿ ਪੰਜਾਬ ਵਿਚ ਜਦ, ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਰਲਤ ਕਰਵਾਈ ਤਾਂ, ਛੇਤੀ ਬਾਅਦ, ਨਵਜੋਤ-ਅਮਰਿੰਦਰ ਰਿਸ਼ਤਿਆਂ ਵਿਚ ਅਣ-ਕਿਆਸੀ ਕੁੜੱਤਣ ਦਾ ਦੌਰ ਆਰੰਭ ਹੋ ਗਿਆ ਸੀ। ਕਾਫ਼ੀ ਅਰਸੇ ਬਾਅਦ ਰਾਹੁਲ ਪ੍ਰਿਅੰਕਾ ਨੇ ਚਾਣਚੱਕ ਪੰਜਾਬ ਹਕੂਮਤ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਲਾਹ ਦਿੱਤਾ ਤੇ ਚਮਕੌਰ ਸਾਹਿਬ ਅਸੰਬਲੀ ਹਲਕੇ ਦਾ ਵਿਧਾਇਕ ਚਰਣਜੀਤ ਸਿੰਘ ਚੰਨੀ, ਮੁੱਖ ਮੰਤਰੀ ਲਾ ਦਿੱਤਾ। ਵਜ੍ਹਾ ਇਹ ਸੀ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਜਿੱਤ ਪਿੱਛੋਂ ਹੋਰਨਾਂ ਪਾਰਟੀਆਂ ਵੱਲੋੰ ਦਲਿਤ ਉੱਪ ਮੁੱਖ ਮੰਤਰੀ ਲਾਉਣ ਦੇ ਵਾਅਦੇ ਕੀਤੇ ਜਾ ਰਹੇ ਸਨ।
ਕਾਂਗਰਸ ਨੇ ਅਮਰਿੰਦਰ ਨੂੰ ਲਾਹ ਕੇ, ਪੰਜਾਬ ਨੂੰ, ਚੋਣਾਂ ਤੋਂ ਪਹਿਲਾਂ ਹੀ, ਪਹਿਲਾਂ, ਦਲਿਤ ਮੁੱਖ ਮੰਤਰੀ ਦੇ ਦਿੱਤਾ।
******
ਓਧਰ, ਨਵਜੋਤ ਸਿਂਧੂ ਨੂੰ ਜਾਪ ਰਿਹਾ ਸੀ ਕਿ ਉਹ ਤਾਂ ਪੰਜਾਬ ਕਾਂਗਰਸ ਯੂਨਿਟ ਦੇ ਪ੍ਰਧਾਨ ਹਨ, ਚੰਨੀ ਵਾਲ਼ੀ ਤਬਦੀਲੀ ਵਕਤੀ ਹੈ ਤੇ 2022 ਦਾ ਮੁੱਖ ਮੰਤਰੀ ਚਿਹਰਾ ਓਹੀ ਹੋਵੇਗਾ!! ਜਦਕਿ ਚੋਣਾਂ ਤੋਂ ਪਹਿਲਾਂ, ਪੰਜਾਬ ਵਿਚ ਮੁੜ ਰਾਜ ਭਾਗ ਉਸਾਰਨ ਦੀ ਮਨਸ਼ਾ ਤਹਿਤ ਰਾਹੁਲ ਗਾਂਧੀ ਨੇ ਚੰਨੀ ਤੇ ਨਵਜੋਤ ਸਿੱਧੂ, ਦੋਵਾਂ ਹੀ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ। ਏਸ ਐਲਾਨ ਮਗਰੋਂ ਨਵਜੋਤ ਨੇ ਦਿਲੋਂ ਪਾਰਟੀ ਦਾ ਬਹੁਤਾ ਸਾਥ ਨਹੀਂ ਸੀ ਦਿੱਤਾ!!
ਮੁੜ ਕੇ ਨਵਜੋਤ, ਚੰਨੀ ਹਾਰੇ। ਓਧਰ, ਅਕਾਲੀ ਦਲ ਦੇ ਪ੍ਰਕਾਸ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ (ਅਕਾਲੀ ਦਲ ਪ੍ਰਧਾਨ) ਸੁਖਬੀਰ ਸਿੰਘ ਬਾਦਲ ਵੀ ਹਰ ਗਏ। ਖ਼ੁਦ ਕੈਪਟਨ ਅਮਰਿੰਦਰ ਦੀ ਹਾਰ ਹੋਈ।
ਗੱਲ ਕੀ? ਵੱਡੇ ਤੋਂ ਵੱਡਾ ਕਾਂਗਰਸੀ ਅਹੁਦੇਦਾਰ ਹਾਰਿਆ! ਅਕਾਲੀ ਦਲ ਦੇ ਕਹਿੰਦੇ ਕਹਾਉਂਦੇ ਬੰਦੇ ਹਰ ਕੇ ਘਰ ਬਹਿ ਗਏ!
******
ਜੇ, ਅਸੀਂ, ਏਥੇ, ਕਾਂਗਰਸ ਦੇ ਰਾਜਸੀ ਨੁਕਸਾਨ ਬਾਰੇ ਆਪਣੀ ਗੱਲ ਕੇਂਦਰਤ ਰੱਖੀਏ ਤਾਂ "ਸਾਰ" ਏਹੀ ਨਿਕਲਦਾ ਐ ਕਿ ਰਾਹੁਲ ਗਾਂਧੀ ਨੇ "ਲਾਹੌਰ ਦਰਬਾਰ" ਦਾ ਵਾਕਿਆ ਸਮਝਿਆ ਈ ਨ੍ਹੀ, ਓਸੇ ਵਰਤਾਰੇ ਵਿਚ ਪੰਜਾਬ ਦਾ ਸਿਆਸੀ ਸੁਭਾਅ ਸਮੋਇਆ ਹੋਇਆ ਐ। ਪ੍ਰਸ਼ਾਂਤ ਕੇਸ਼ੋਰ ਨੂੰ ਪ੍ਰਚਾਰ ਤੇ ਸਲਾਹਾਂ ਦੇਣ ਦੇ ਕੰਮ ਉੱਤੇ ਰੱਖ ਕੇ, ਰਾਹੁਲ ਨੇ ਕੀ ਖੱਟ ਲੇਆ? ਸਰਕਾਰਾਂ ਤਾਂ ਬਣਦੀਆਂ/ਢਹਿੰਦੀਆਂ ਰਹਿੰਦੀਆਂ ਨੇ ਪਰ ਕੀ ਰਾਹੁਲ ਨੇ, ਖ਼ੁਦ ਕਦੇ ਜਵਾਹਰ ਲਾਲ ਨਹਿਰੂ ਦਾ ਵਿਚਾਰ-ਧਾਰਕ ਵਾਰਸ ਸਾਬਿਤ ਦੀ ਕੋਸ਼ਿਸ਼ ਕੀਤੀ? ਜੇ, ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਸਿਆਸੀ ਮਸਖ਼ਰਿਆਂ ਨੂੰ ਘੁਰਕੀ ਵਖਾਈ ਹੁੰਦੀ ਤਾਂ, ਪਾਰਟੀ, ਏਸ ਹਾਲ ਨੂੰ ਪੁੱਜਦੀ?
ਜਦ, ਪੰਜਾਬ ਵਿਚ, ਕਾਂਗਰਸ ਦੀ ਸਰਕਾਰ ਸੀ, ਉਦੋਂ ਅਮਰਿੰਦਰ ਦੀ ਕੰਮ ਸ਼ੈਲੀ ਘੋਖੀ ਸੀ?
ਨਵਜੋਤ ਸਿੱਧੂ ਨੂੰ ਵਹਿਮਾਂ ਭਰਮਾਂ ਤੇ ਟੋਟਕਿਆਂ ਵਿਚੋਂ ਕੱਢ ਕੇ ਸਹੀ ਰਸਤੇ ਪਾਉਣ ਲਈ ਕੋਈ ਯਤਨ ਵਿਢਿਆ? ਜੇ, ਓਹ, ਧਾਰਮਕ ਹੀ ਸਨ ਤਾਂ ਕੀ ਓਹਨੂੰ ਗੁਰਮਤਿ ਵੱਲ ਲਾਉਣ ਲਈ ਕੋਈ ਜਤਨ ਅਰੰਭਿਆ ਗਿਆ? ਇਕ ਵਾਰ ਅਮਰਿੰਦਰ ਤੇ ਨਵਜੋਤ ਸਿੱਧੂ ਵਿਚਾਲੇ ਕਿਸੇ ਹੋਟਲ ਵਿਚ ਮੁਲਾਕਾਤ ਹੋਈ ਤਾਂ ਨੇ ਰੱਬੀ ਚਿੰਨ੍ਹ ਦਾ ਮਿਨੀਏਚਰ ਕੱਢ ਕੇ ਟੇਬਲ ਉੱਤੇ ਰੱਖ ਦਿੱਤਾ ਸੀ। ਨਵਜੋਤ ਨੇ ਅਮਰਿੰਦਰ ਨੂੰ ਕਿਹਾ ਸੀ ਕਿ ਰੱਬ ਤੇ ਉਹ ਗੱਲਾਂ ਕਰਦੇ ਹਨ!! ਰੱਬ, ਓਹਦੇ (ਨਵਜੋਤ) ਤੋਂ ਫ਼ਸਲਾਂ ਤੇ ਕਿਸਾਨਾਂ ਬਾਰੇ ਪੁੱਛਦਾ ਹੁੰਦੈ! ਉਦੋਂ, ਅਮਰਿੰਦਰ ਨੇ ਪ੍ਰਿਅੰਕਾ ਗਾਂਧੀ ਵਢੇਰਾ ਨੂੰ ਵਹਟਸਐਪ ਕਰ ਕੇ ਇਹ ਗੱਲਾਂ ਦੱਸੀਆਂ ਸਨ! ਇਨ੍ਹਾਂ ਭਾਈ ਭੈਣ ਨੇ ਤੋਂ ਐਸੀਆਂ ਹਰਕਤਾਂ ਕਰਨ ਦਾ ਕਾਰਣ ਪੁੱਛਿਆ?
ਕਿਹੜੇ ਕਿਹੜੇ ਕਾਂਗਰਸੀ ਦਾ ਨਾਂ ਛੱਡੀਏ? ਕਿਹੜੇ ਦਾ ਨਾਂ ਲਈਏ! ਪਾਰਟੀ ਨੂੰ ਨਿੱਕੇ ਤੋਂ ਨਿੱਕੇ ਅਹੁਦੇਦਾਰ ਨੇ ਬਰਬਾਦ ਕੀਤਾ ਐ!
******
ਕਾਂਗਰਸੀ ਨਜ਼ਰੀਏ ਨੂੰ ਸਮਝਣ ਵਾਲੇ ਕਹਿੰਦੇ ਹਨ ਕਿ ਕਾਂਗਰਸ ਨੂੰ "ਸਿਆਸੀ ਸਕੂਲਿੰਗ" ਬਹਾਲ ਕਰਨੀ ਪਵੇਗੀ। ਆਗੂਆਂ ਤੇ ਪਾਛੂਆਂ ਨੂੰ ਸਕੂਲਿੰਗ ਦੇਣੀ ਪਵੇਗੀ! ਕਿਤਾਬਾਂ/ਅਖਬਾਰਾਂ ਪੜ੍ਹਣ ਵੱਲ ਤੋਰਨਾ ਪਵੇਗਾ, ਭਾਵੇਂ ਮਿੱਠੀ ਜਿਹੀ ਸਖ਼ਤੀ ਕਰਨੀ ਪਵੇ!
ਮੁੱਕਦੀ ਗੱਲ ਇਹ ਐ ਕਿ ਕਾਂਗਰਸ ਨੂੰ ਜੇ, ਕਾਂਗਰਸ ਈ ਬਣਾਈ ਰੱਖਣਾ ਐ ... ਤਾਂ... ਇਨ੍ਹਾਂ ਅਹੁਦੇਦਾਰਾਂ ਨੂੰ ਮਨਾ ਕੇ, ਪਤਿਆਅ ਕੇ, ਘੂਰੀ ਵੱਟ ਕੇ, ਦਬਕਾ ਮਾਰ ਕੇ, ਕਿਸੇ ਵੀ ਹੀਲੇ, ਲਿਖਣ ਪੜ੍ਹਣ ਵੱਲ ਤੋਰਨਾ ਈ ਪਏਗਾ!
ਜੇ ਇਨ੍ਹਾਂ ਆਗੂਆਂ ਤੇ ਪਾਛੂਆਂ ਨੂੰ ਜਵਾਹਰ ਲਾਲ ਨਹਿਰੂ ਦੀ ਕਿਤਾਬ "ਭਾਰਤ ਇਕ ਖੋਜ" ਨਾ ਪੜ੍ਹਾਈ ਗਈ, ਜੇ ਇਨ੍ਹਾਂ ਸੱਤਾ-ਲੋਭੀਆਂ ਨੂੰ, ਮਰਹੂਮ ਨਹਿਰੂ ਦੀਆਂ ਕਿਤਾਬਾਂ ਪੜ੍ਹਣ ਵੱਲ ਰੁਚਿਤ ਨਾ ਕੀਤਾ ਗਿਆ ਤਾਂ ਇਨ੍ਹਾਂ ਦਾ ਸੁਧਰਨਾ, ਤਕਰੀਬਨ, ਨਾ-ਮੁਮਕਿਨ ਹੋਵੇਗਾ!
******
ਬਜ਼ੁਰਗ ਕਹਿੰਦੇ ਨੇ ਕਿ ਵਿੱਦਿਆ, ਇਨਸਾਨ ਦਾ ਤੀਜਾ ਨੇਤਰ ਹੁੰਦੀ ਐ। ਪੜ੍ਹਾਈ ਲਿਖਾਈ ਤੋਂ ਸੱਖਣਾ ਮਨੁੱਖ, ਮਨੁੱਖ ਈ ਨਹੀਂ ਹੁੰਦਾ। ਸੋ, ਏਸ ਲਈ ਕਾਂਗਰਸ ਨੇ ਪੂਰੇ ਦੇਸ, ਖ਼ਾਸਕਰ, ਪੰਜਾਬ ਵਿਚ, ਮੁੜ- ਸੁਰਜੀਤ ਹੋਣਾ ਐ ਤਾਂ ਰਾਹੁਲ ਜਾਂ ਪ੍ਰਿਅੰਕਾ ਵਿੱਚੋਂ ਕਿਸੇ ਨਾ ਕਿਸੇ ਨੂੰ ਬਣਦੀ ਸਖ਼ਤੀ ਕਰਨੀ ਈ ਪੈਣੀ ਐ..! ..."ਕਿ ਸਖ਼ਤ ਹੋਏ ਬਿਨਾਂ ਹੁਣ ਕੋਈ ਗੁਜ਼ਾਰਾ ਨ੍ਹੀ ਹੋ ਸਕਣਾ!