ਅੰਮ੍ਰਿਤਸਰ ( ਮਹਿੰਦਰ ਸਿੰਘ ਸੀਟਾ ) : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਿਊਜ਼ੀਲੈਂਡ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਗੁਰੂ ਘਰਾਂ , ਬੀਬੀਆਂ ਦੀ ਸੰਸਥਾਵਾਂ ਅਤੇ ਨਵੀ ਪਨੀਰੀ ਵੱਲੋਂ ਮਿਲ ਕੇ ਜੋ ਸਾਝਾਂ ਪਲੇਟਫਾਰਮ " ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ " ਬਣਾਇਆ ਗਿਆ ਹੈ, ਉਸ ਲਈ ਨਿਊਜ਼ੀਲੈਂਡ ਦੀ ਸਿੱਖ ਕੌਮ ਦੀ ਪਾਤਰ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਸ਼ਾਬਾਸ਼ ਦੀਆਂ ਹੱਕਦਾਰ ਹਨ, ਜਿੰਨਾਂ ਚੌਧਰ ਨਾਲੋਂ ਸਿੱਖ ਕੌਮ ਨੂੰ ਪ੍ਰਥਮ ਸਮਝਦਿਆਂ ਨਿੱਜੀ ਹਉਮੈ ਤੋਂ ਉਪਰ ਉੱਠ ਕੇ ਸਰਬਸੰਮਤੀ ਨਾਲ ਆਪਣੀ ਕਾਰਜਕਾਰਨੀ ਦੀ ਚੋਣ ਕੀਤੀ। ਇਸ ਸਾਰੀ ਰੂਪ ਰੇਖਾ ਨੂੰ ਉਲੀਕਣ ਵਾਲੇ ਤੇ ਇਸ ਸੰਕਲਪ ਦਾ ਸੁਪਨਾ ਦੇਖਣ ਵਾਲੇ ਭਾਈ ਦਲਜੀਤ ਸਿੰਘ ਨੂੰ ਹੀ ਉਕਤ ਸੰਸਥਾ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਅਸੀ ਉਨਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਨਿਊਜ਼ੀਲੈਂਡ ਦੀ ਸਮੁੱਚੀ ਸਿੱਖ ਸੰਗਤ ਨੂੰ ਇਕਜੁੱਟ ਹੀ ਨਹੀ ਕਰਨਗੇ, ਸਗੋਂ ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਲਈ ਉਦਾਹਰਨ ਵੀ ਬਣਨਗੇ ਇਹ ਡਿਊਟੀ ਉਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਲਾਈ ਗਈ ਸੀ, ਜਿਸ ਨੂੰ ਉਹਨਾਂ ਨੇ
ਬਾਖੂਬੀ ਨਿਭਾਇਆ ਹੈ , ਜਿਸ ਕਿਸਮ ਦੀ ਉਦਾਹਰਨ ਕੋਵਿਡ ਬਿਮਾਰੀ ਦੌਰਾਨ ਨਿਊਜ਼ੀਲੈਂਡ ਦੇ ਸਿੱਖਾਂ ਨੇ ਸਥਾਪਿਤ ਕੀਤੀ।ਹੁਣ ਸਿੱਖ ਸੰਗਤ ਦੀ ਬਿਹਤਰੀ ਲਈ ਉਸਤੋਂ ਵੀ ਵਧੇਰੇ ਕਾਰਜਕੁਸ਼ਲਤਾ ਨਾਲ ਕੰਮ ਕਰਨਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵਾਰ ਫਿਰ ਸਮੁੱਚੀ ਨਵੀਂ ਚੁਣੀ ਕਾਰਜਕਾਰਨੀ ਤੇ ਨਿਊਜ਼ੀਲੈਂਡ ਦੀ ਸਿੱਖ ਸੰਗਤ ਨੂੰ ਆਪਣੀ ਕੌਮੀ ਸੰਸਥਾ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਥਾਪਨਾ ' ਤੇ ਵਧਾਈ ਦਿੱਤੀ ਅਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਸਾਰੇ ਸੇਵਾਦਾਰਾਂ ਅਤੇ ਮੈਂਬਰਾਂ ਨੂੰ ਇਸੇ ਤਰਾਂ ਪਿਆਰ ਨਾਲ ਮਿਲ - ਜੁਲ ਕੇ ਕੰਮ ਕਰਨ ਦਾ ਬਲ ਬਖਸ਼ਿਸ਼ ਕਰਨ।