66ਵਾਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-17 ਫ਼ੁਟਬਾਲ ਟੂਰਨਾਮੈਂਟ ਚੰਗੀਆਂ ਯਾਦਾਂ ਰੱਖਦਿਆਂ ਹੋਇਆ ਸਮਾਪਤ
(ਸਪੀਕਿੰਗ ਪੰਜਾਬ)
ਫ਼ਤਹਿਗੜ੍ਹ ਸਾਹਿਬ : ਇਥੇ ਚੱਲ ਰਹੀਆਂ 66ਵੀਆਂ ਅੰਤਰ ਜ਼ਿਲ੍ਹਾ ਖੇਡਾਂ ਦੇ ਆਖ਼ਰੀ ਦਿਨ ਅੰਡਰ-17 (ਲੜਕੀਆਂ) ਦੇ ਫ਼ੁਟਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਮੈਦਾਨ ਵਿਚੋ ਹੋਏ ਦਿਲਚਸਪ ਅਤੇ ਫਸਵੇਂ ਮੁਕਾਬਲਿਆਂ ਵਿਚ ਪਹਿਲਾ ਮੈਚ ਲੁਧਿਆਣਾ ਦੀ ਟੀਮ ਨੇ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ 3-0 ਨਾਲ ਹਰਾ ਕੇ ਅਪਣੇ ਨਾਮ ਕੀਤਾ। ਦੂਜੇ ਸਥਾਨ ਉਪਰ ਫ਼ਤਹਿਗੜ੍ਹ ਸਾਹਿਬ ਦੀ ਟੀਮ ਰਹੀ ਜਦਕਿ ਤੀਜਾ ਮੈਚ ਜਲੰਧਰ ਅਤੇ ਮੋਗਾ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਨੂੰ ਜਲੰਧਰ ਨੇ 3-1 ਨਾਲ ਜਿੱਤ ਲਿਆ। ਇਸ ਤਰ੍ਹਾਂ ਇਸ ਫ਼ੁਟਬਾਲ ਮੁਕਾਬਲੇ ਵਿਚ ਪਹਿਲਾ ਸਥਾਨ ਲੁਧਿਆਣਾ, ਦੂਜਾ ਸਥਾਨ ਫ਼ਤਹਿਗੜ੍ਹ ਸਾਹਿਬ ਅਤੇ ਤੀਜਾ ਸਥਾਨ ਜਲੰਧਰ ਜ਼ਿਲ੍ਹੇ ਨੇ ਹਾਸਲ ਕੀਤਾ।

ਪ੍ਰੈਸ ਕਮੇਟੀ ਦੇ ਕਨਵੀਨਰ ਮੁਹੰਮਦ ਅਸਲਮ ਅਤੇ ਪ੍ਰੈਸ ਸਕੱਤਰ ਕਰਨਬੀਰ ਸਿੰਘ ਰੰਧਾਵਾ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਟੂਰਨਾਮੈਂਟ ਦੀ ਸਮਾਪਤੀ ਮੌਕੇ ਮੈਦਾਨ ਵਿਚ ਅੱਜ ਕਾਫ਼ੀ ਚਹਿਲ-ਪਹਿਲ ਵੇਖਣ ਨੂੰ ਮਿਲੀ। ਅਧਿਕਾਰੀ ਅਤੇ ਖੇਡ ਪ੍ਰੇਮੀ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਖੇਡਾਂ ਦੀ ਸਮਾਪਤੀ ਮੌਕੇ ਅੱਜ ਡੀ.ਐਮ. ਸਪੋਰਟਸ ਸ੍ਰੀ ਜਸਬੀਰ ਸਿੰਘ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਲੈਕਚਰਾਰ ਹਰਬੰਸ ਸਿੰਘ, ਪੀ.ਟੀ.ਆਈ ਜਸਵਿੰਦਰ ਸਿੰਘ, ਡੀਪੀਈ ਸਤਬੀਰ ਸਿੰਘ, ਹਰਿੰਦਰ ਕੁਮਾਰ, ਕੁਲਦੀਪ, ਨਿੰਦਰਜੀਤ, ਸੰਨੀ ਚੀਮਾ ਕੈਨੇਡਾ, ਤਲਵਿੰਦਰ ਸਿੰਘ, ਬਿਕਰਮਜੀਤ ਡੀ.ਪੀ.ਈ. ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਹ ਜ਼ਿਲ੍ਹਾ ਪੱਧਰੀ ਟੂਰਨਾਮੈਂਟ 16 ਨਵੰਬਰ ਨੂੰ ਆਰੰਭ ਹੋਇਆ ਸੀ ਜਿਸ ਨੂੰ ਸਿਖਿਆ ਵਿਭਾਗ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਿਰੇ ਚਾੜ੍ਹਿਆ ਹੈ।