ਮੈਨੇਜਮੈਂਟ ਸੀਟ ਦਾ ਖ਼ਰਚਾ ਇਕ ਕਰੋੜ ਦੇ ਨੇੜੇ ਪੁੱਜਾ
ਮੁੱਖ ਮੰਤਰੀ ਨੇ ਦਿਤੇ ਜਾਂਚ ਦੇ ਆਦੇਸ਼
(ਸਪੀਕਿੰਗ ਪੰਜਾਬ)
ਚੰਡੀਗੜ੍ਹ : ਪਠਾਨਕੋਟ ਦੇ ਵਾਈਟ ਮੈਡੀਕਲ ਕਾਲਜ ਅਤੇ ਹਸਪਤਾਲ (ਚਿੰਤਪੂਰਨੀ ਮੈਡੀਕਲ ਕਾਲਜ ਅਤੇ ਹਸਪਤਾਲ) ਵਲੋਂ ਵਸੂਲੀਆਂ ਜਾ ਰਹੀਆਂ ਜਿ਼ਆਦਾ ਫ਼ੀਸਾਂ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਸਬੰਧਤ ਵਿਭਾਗ ਹਵਾਲੇ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨੀਟ ਪ੍ਰੀਖਿਆ ਤੋਂ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਸਰਕਾਰੀ ਕੋਟੇ ਦੀਆਂ ਜਿਹੜੀਆਂ ਸੀਟਾਂ ਵਾਈਟ ਮੈਡੀਕਲ ਕਾਲਜ ਨੂੰ ਅਲਾਟ ਕੀਤੀਆਂ ਹਨ, ਇਹ ਕਾਲਜ ਉਨ੍ਹਾਂ ਬੱਚਿਆਂ ਤੋਂ ਪੰਜਾਬ ਦੇ ਬਾਕੀ ਕਾਲਜਾਂ ਨਾਲੋਂ ਬਹੁਤ ਜਿ਼ਆਦਾ ਫ਼ੀਸਾਂ ਵਸੂਲ ਰਿਹਾ ਹੈ। ਸਰਕਾਰੀ ਕੋਟੇ ਵਿਚ ਐਮ.ਬੀ.ਬੀ.ਐਸ. ਦੀ ਸੀਟ ਲੈਣ ਵਾਲੇ ਵਿਦਿਆਰਥੀ ਤੋਂ ਯੂਨੀਵਰਸਿਟੀ ਤੇ ਹੋਸਟਲ ਸਮੇਤ 8 ਲੱਖ 50 ਹਜ਼ਾਰ ਦੇ ਕਰੀਬ ਸਾਲਾਨਾ ਫ਼ੀਸ ਲਈ ਜਾ ਰਹੀ ਹੈ ਜਦਕਿ ਬਾਕੀ ਕਾਲਜ 6 ਲੱਖ ਰੁਪਏ ਦੇ ਕਰੀਬ ਲੈ ਰਹੇ ਹਨ। ਜਿਹੜੇ ਵਿਦਿਆਰਥੀ ਮੈਨੇਜਮੈਂਟ ਕੋਟੇ ਦੀ ਸੀਟ ਲੈ ਰਹੇ ਹਨ, ਉਨ੍ਹਾਂ ਨੂੰ ਇਹ ਕੋਰਸ ਲਗਭਗ 80 ਲੱਖ ਰੁਪਏ ਵਿਚ ਪਵੇਗਾ ਜਦਕਿ ਸਰਕਾਰੀ ਕੋਟੇ ਵਾਲਾ ਵਿਦਿਆਰਥੀ ਡਾਕਟਰ ਬਣਨ ਲਈ ਲਗਭਗ 42 ਲੱਖ ਰੁਪਏ ਦੇਵੇਗਾ। 30 ਨਵੰਬਰ ਤਕ ਦਾਖ਼ਲੇ ਮੁਕੰਮਲ ਹੋ ਚੁੱਕੇ ਹਨ। ਕਾਲਜ ਪ੍ਰਬੰਧਕ ਵਿਦਿਆਰਥੀਆਂ ਨੂੰ ਕੋਈ ਰਾਹਤ ਦੇਣ ਦੇ ਮੂਡ ਵਿਚ ਨਹੀਂ। ਇਹ ਕਾਲਜ ਬੀਜੇਪੀ ਨੇਤਾ ਸਵਰਣ ਸਿੰਘ ਸਲਾਰੀਆ ਦਾ ਹੈ ਜਿਹੜੇ ਗੁਰਦਾਸਪੁਰ ਤੋਂ ਕਈ ਵਾਰ ਚੋਣਾਂ ਹਾਰ ਚੁੱਕੇ ਹਨ। ਸਲਾਰੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੇਹੱਦ ਕਰੀਬੀ ਹੈ। ਕਾਲਜ ਦੀ ਗੁੰਡਾਗਰਦੀ ਤੋਂ ਬਾਅਦ ਕੁੱਝ ਮਾਪਿਆਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਕ ਪਹੁੰਚ ਕੀਤੀ ਹੈ।

ਮੁੱਖ ਮੰਤਰੀ ਨੇ ਸਬੰਧਤ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿਤੇ ਹਨ। ਸਪੀਕਿੰਗ ਪੰਜਾਬ ਨਾਲ ਗੱਲਬਾਤ ਕਰਦਿਆਂ ਮਾਪਿਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੀ 6 ਮਹੀਨਿਆਂ ਦੀ ਟਿਊਸ਼ਨ ਫ਼ੀਸ 193250 ਰੁਪਏ ਆਨ-ਲਾਈਨ ਦੇ ਦਿਤੀ ਗਈ ਪਰ ਜਦ ਦਾਖ਼ਲੇ ਵਾਸਤੇ ਮੈਡੀਕਲ ਕਾਲਜ ਪੁੱਜਿਆ ਗਿਆ ਤਾਂ ਕਾਲਜ ਨੇ ਬੇਹੱਦ ਨਾਜਾਇਜ਼ ਫ਼ੀਸਾਂ ਧੱਕੇ ਨਾਲ ਵਸੂਲ ਕੀਤੀਆਂ। ਫ਼ੀਸ ਭਰਨ ਵਿਚ ਅਸਮਰਥਾ ਵਿਖਾਉਣ ਤੇ ਚੇਅਰਮੈਨ ਨੇ ਸਾਫ਼ ਆਖ ਦਿਤਾ ਕਿ ਸੀਟ ਛੱਡ ਦਿਉ ਪਰ ਫ਼ੀਸਾਂ ਵਿਚ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਮਾਪਿਆਂ ਨੇ ਦੱਸਿਆ ਕਿ ਪ੍ਰਾਸਪੈਕਟ ਫ਼ੀਸ 3000 ਰੁਪਏ, ਮੈਡੀਕਲ ਫ਼ੀਸ 7600 ਰੁਪਏ, ਹੋਸਟਲ ਫ਼ੀਸ 51446 ਰੁਪਏ (ਸਾਲਾਨਾ), ਸਕਿਉਰਟੀ ਫ਼ੀਸ 27500 ਰੁਪਏ (ਮੁੜਨਯੋਗ), ਮਹੀਨਾਵਾਰ ਫ਼ੀਸ 27300 ਅਤੇ ਕਿਤਾਬਾਂ ਦੀ ਫ਼ੀਸ 28000 ਰੁਪਏ ਕਾਲਜ ਨੇ ਲਈ ਹੈ। ਪੂਰੇ ਸਾਲ ਦੀ ਇਹ ਰਕਮ 831646 ਰੁਪਏ ਬਣਦੀ ਹੈ। ਮਾਪਿਆਂ ਦਾ ਕਹਿਣਾ ਕਿ ਸਿਰਫ਼ ਵਾਈਟ ਕਾਲਜ ਹੀ ਏਨੀਆਂ ਫ਼ੀਸਾਂ ਲੈ ਰਿਹਾ ਹੈ ਜਦਕਿ ਪਿੰਪਜ (ਜਲੰਧਰ), ਗਿਆਨ ਸਾਗਰ (ਰਾਜਪੁਰਾ) ਅਤੇ ਡੀਐਮਸੀ (ਲੁਧਿਆਣਾ) ਦੀਆਂ ਫੀਸਾਂ ਏਨੀਆਂ ਨਹੀਂ। ਵਾਈਟ ਮੈਡੀਕਲ ਕਾਲਜ ਹੋਸਟਲ ਦੀ ਫ਼ੀਸ ਹੀ 3.79 ਲੱਖ ਪ੍ਰਤੀ ਸਾਲ ਵਸੂਲ ਕਰ ਰਿਹਾ ਹੈ ਜਦਕਿ ਬਾਕੀ ਨਿੱਜੀ ਕਾਲਜ ਸਿਰਫ਼ 1.70 ਲੱਖ ਪ੍ਰਤੀ ਸਾਲ ਲੈ ਰਹੇ ਹਨ। ਬੱਚਿਆਂ ਨੂੰ ਨੀਟ ਵਿਚ ਚੰਗੇ ਨੰਬਰ ਲੈਣ ਦਾ ਕੋਈ ਫ਼ਾਇਦਾ ਨਹੀਂ ਹੋਇਆ। ਸਰਕਾਰੀ ਕੋਟੇ ਦੀ ਸੀਟ ਵੀ ਮੈਨੇਜਮੈਂਟ ਸੀਟ ਦੇ ਬਰਾਬਰ ਪੈ ਰਹੀ ਹੈ। ਕਾਲਜ ਦਾ ਪ੍ਰਬੰਧ ਏਨਾ ਮਾੜਾ ਹੈ ਕਿ ਕਿਤਾਬਾਂ ਵੀ ਕਾਲਜ ਤੋਂ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਕੀਮਤ 28 ਹਜ਼ਾਰ ਰੁਪਏ ਪ੍ਰਤੀ ਸਾਲ ਰੱਖੀ ਗਈ ਹੈ। ਵਿਦਿਆਰਥੀਆਂ ਨੂੰ ਧੱਕੇ ਨਾਲ ਹੋਟਸਲ ਵਿਚ ਰੱਖਿਆ ਜਾ ਰਿਹਾ ਹੈ। ਇਕ ਕਮਰੇ ਵਿਚ ਤਿੰਨ-ਤਿੰਨ ਵਿਦਿਆਰਥੀ ਰੱਖੇ ਜਾ ਰਹੇ ਹਨ। ਸਰਕਾਰੀ ਕੋਟੇ ਦੀ ਯੂਨੀਵਰਸਿਟੀ ਫ਼ੀਸ ਪਹਿਲੇ ਸਾਲ 386500 ਹੈ ਪਰ ਕਾਲਜ ਦੀ ਫ਼ੀਸ 445146 ਬਣ ਜਾਂਦੀ ਹੈ। ਇਕ ਬੱਚੇ ਨੂੰ ਇਕ ਸਾਲ ਵਿਚ 831646 ਰੁਪਏ ਦੇਣੇ ਪੈ ਰਹੇ ਹਨ। ਯਾਨੀ ਪੰਜ ਸਾਲਾਂ ਵਿਚ ਸਰਕਾਰੀ ਕੋਟੇ ਦੀ ਸੀਟ ਲੈਣ ਵਾਲੇ ਬੱਚੇ ਨੂੰ 4158230 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਵੀ ਖ਼ਰਚੇ ਹੁੰਦੇ ਰਹਿਣਗੇ। ਯਾਦ ਰਹੇ ਕਿ ਇਹ ਕਾਲਜ ਪਹਿਲਾਂ ਵੀ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਇਸ ਦੀ ਮਾਣਤਾ ਰੱਦ ਕਰ ਦਿਤੀ ਗਈ ਸੀ। ਪਹਿਲੀ ਕੌਂਸਲਿੰਗ ਸਮੇਂ ਇਸ ਕਾਲਜ ਨੂੰ ਸੂਚੀ ਵਿਚ ਨਹੀਂ ਰੱਖਿਆ ਗਿਆ ਸੀ ਪਰ ਦੂਜੀ ਕੌਂਸਲਿੰਗ ਵਿਚ ਇਸ ਨੂੰ ਸ਼ਾਮਲ ਕੀਤਾ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਕਾਲਜ ਪਿਛਲੇ ਪੰਜ ਦਿਨ ਵਿਦਿਆਰਥੀਆਂ ਦੀ ਲੁੱਟ ਕਰਦਾ ਰਿਹਾ ਪਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਵੀਨੀਸ਼ ਨੂੰ ਕੋਈ ਖ਼ਬਰ ਨਹੀਂ ਹੋਈ। ਉਨ੍ਹਾਂ ਨੂੰ ਈਮੇਲਜ਼ ਵੀ ਕੀਤੀਆਂ ਗਈਆਂ ਪਰ ੳਨ੍ਹਾਂ ਨੇ ਸਵਰਨ ਸਿੰਘ ਸਲਾਰੀਆ ਨਾਲ ਖ਼ੂਬ ਦੋਸਤੀ ਨਿਭਾਈ ਅਤੇ ਲੁੱਟ ਦੀ ਖੁੱਲ੍ਹੀ ਛੂਟ ਦੇ ਕੇ ਰੱਖੀ। ਮਾਪਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਵਾਈਟ ਕਾਲਜ ਵਿਦਿਆਰਥੀਆਂ ਦੀ ਲੁੱਟ ਦਾ ਕੁੱਝ ਹਿੱਸਾ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਭੇਜ ਰਿਹਾ ਹੈ।