ਅੰਮ੍ਰਿਤਸਰ (ਮਹਿੰਦਰ ਸਿੰਘ ਸੀਟਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤੀ ਮੁਹਿੰਮ ਦਾ ਵਿਸ਼ਾਲ ਪੱਧਰ ' ਤੇ ਆਗਾਜ਼ ਕਰਦਿਆਂ ਇਸ ਨੂੰ ਅਗਲੇ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਫੈਲਾਉਣ ਅਤੇ ਆਨਲਾਈਨ ਗੂਗਲ ਫਾਰਮ ਰਾਹੀ ਵਿਸ਼ਵ ਤੱਕ ਲੈਜਾਣ ਦਾ ਐਲਾਨ ਕੀਤਾ ਹੈ। ਅੱਜ ਇਸ ਮੁਹਿੰਮ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਰੀਬ 25 ਗੁਰਦੁਆਰਾ ਸਾਹਿਬਾਨ ' ਚ ਕੇਂਦਰ ਸਥਾਪਤ ਕਰਕੇ ਸੰਗਤਾਂ ਪਾਸੋਂ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਆਰੰਭ ਕੀਤਾ ਗਿਆ। ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਨਜ਼ਦੀਕ ਬਣਾਏ ਕੇਂਦਰ ਤੋਂ ਦਸਤਖਤੀ ਮੁਹਿੰਮ ਦੀ ਆਰੰਭਤਾ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਰਦਾਸ ਉਪਰੰਤ ਕੀਤੀ, ਜਦਕਿ ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਿੱਖ ਕੌਮ ਦਾ ਬੇਹੱਦ ਅਹਿਮ ਮਸਲਾ ਹੈ, ਜਿਸ ਲਈ ਲੋਕ ਲਹਿਰ ਸਿਰਜਣ ਵਾਸਤੇ ਦਸਤਖਤੀ ਮੁਹਿੰਮ ਨਿਰਣਾਇਕ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਸ਼੍ਰੌਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਲੰਮੇ ਅਰਸੇ ਤੋਂ ਅਵਾਜ਼ ਬੁਲੰਦ ਕਰ ਰਹੀ ਹੈ ਅਤੇ ਇਸ ਤਹਿਤ ਕਾਨੂੰਨੀ ਚਾਰਜੋਈ ਦੇ ਨਾਲ-ਨਾਲ ਹਰ ਪੱਧਰ ' ਤੇ ਯਤਨ ਕੀਤੇ ਹਨ। ਮੋਜੂਦਾ ਸਮੇਂ ਸਰਕਾਰਾਂ ਵੱਲੋਂ ਇਸ ਸਬੰਧ ਵਿੱਚ ਅਪਣਾਇਆ ਗਿਆ ਨਾਪੱਖੀ ਰਵੱਈਆ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦੇ ਬਾਵਜੂਦ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਸਰਕਾਰਾਂ ਪੱਖਪਾਤੀ ਨੀਤੀ ਸਾਫ ਨਜ਼ਰ ਆ ਰਹੀ ਹੈ ਅਤੇ ਜਾਣਬੁੱਝ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਉਨ੍ਹਾਂ ਆਖਿਆ ਕਿ ਭਾਵੇ ਇਸ ਨੂੰ ਦੇਸ਼ ਵਿਆਪੀ ਮੁਹਿੰਮ ਦੇ ਤੌਰ ' ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਅੱਜ ਦੇ ਡਿਜੀਟਲ ਮਾਧਿਅਮ ਦੀ ਵਰਤੋਂ ਨਾਲ ਇਸ ਦੀ ਪਹੁੰਚ ਹੁਣ ਵਿਸ਼ਵ ਪੱਧਰ ਤੱਕ ਬਣਾਈ ਜਾਵੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਦਸਤਖਤੀ ਮੁਹਿੰਮ ਤਹਿਤ ਭਰਵਾਏ ਜਾਣ ਵਾਲੇ ਪ੍ਰੋਫਾਰਮੇ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਵੀ ਛਪਵਾਏ ਜਾਣਗੇ, ਤਾਂ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਦਸਤਖਤੀ ਮੁਹਿੰਮ ਨੂੰ ਨੇੜਿਓ ਸਮਝ ਕੇ ਇਸ ਵਿਚ ਸ਼ਾਮਲ ਹੋ ਸਕਣ । ਉਨ੍ਹਾਂ ਕਿ ਵਿਦੇਸ਼ਾਂ ਤੋਂ ਲੋਕਾਂ ਨੂੰ ਇਸ ਦਸਤਖਤੀ ਮੁਹਿੰਮ ਨਾਲ ਜੋੜਨ ਲਈ ਇਕ ਵਿਸ਼ੇਸ਼ ਆਨਲਾਈਨ ਗੂਗਲ ਫਾਰਮ ਤਿਆਰ ਕਰ ਦਿੱਤਾ ਗਿਆ ਹੈ , ਜਿਸ ਨੂੰ ਭਰਨ ਲਈ ਸ਼੍ਰੌਮਣੀ ਕਮੇਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਮੰਚਾਂ ' ਤੇ ਲਿੰਕ ਮੁਹੱਈਆ ਕਰਵਾਇਆ ਜਾਵੇਗਾ।