ਡਾ. ਮਨਜੀਤ ਸਿੰਘ ਬੱਲ
ਡਾਇਰੀ ਦਾ ਪੰਨਾ –– 7 ਨਵੰਬਰ, 2019
ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ 12 ਨਵੰਬਰ 2019 ਨੂੰ ਖੁਲ੍ਹਿਆ ਸੀ . ਭਾਰਤ ਤੇ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਵਿਚ ਬੜਾ ਜੋਸ਼ ਤੇ ਉਤਸ਼ਾਹ ਸੀ . 7 ਨਵੰਬਰ 2019 ਡਾਇਰੀ ਦਾ ਪੰਨਾ ਤੁਹਾਡੀ ਸਾਹਮਣੇ ਪੇਸ਼ ਕਰ ਰਿਹਾ ਹਾਂ .
ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ ਤੇ ਮੁਆਇਦਾ
ਕਾਦਰ ਦੀ ਕੁਦਰਤ ਕਹਿ ਲਓ ਜਾਂ ਦੁਨੀਆਂ ਭਰ ‘ਚ ਵਸਦੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਸੱਤ ਤੋਂ ਵੱਧ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦਾ ਅਸਰ, ਭਾਰਤ-ਪਾਕਿਸਤਾਨ ਦਰਮਿਆਨ ਲਗਾਤਾਰ ਚੱਲ ਰਹੀ ਅੱਤ ਦਰਜੇ ਦੀ ਕਸ਼ੀਦਗੀ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਰਿਕਾਰਡ ਸਮੇਂ ‘ਚ ਪੂਰਾ ਹੋ ਰਿਹਾ ਹੈ ।ਪਾਕਿਸਤਾਨ ਵੱਲੋਂ ਵੀ ਤੇ ਇੋਧਰੋਂ ਭਾਰਤ ਵੱਲੋਂ ਵੀ, ਇਸ ਪ੍ਰੋਜੈਕਟ ‘ਤੇ ਚੱਲ ਰਹੇ ਕੰਮ ਦੀਆਂ ਰੋਜ਼ ਨਵੀਂਆਂ ਨਵੀਆਂ ਵੀਡੀਓ, ਸੋਸ਼ਲ ਮੀਡੀਆ ‘ਤੇ ਵੇਖਣ ਨੂੰ ਮਿਲ ਰਹੀਆਂ ਹਨ।ਕਾਫੀ ਦਿਨ ਤਾਂ, ਹਰੇਕ ਯਾਤਰੂ ਕੋਲੋਂ 20 ਡਾਲਰ ਵਸੂਲਣ ਦੀ ਗੱਲ ਦਾ ਹੀ ਰੇੜਕਾ ਪਿਆ ਰਿਹਾ। ਹੁਣ ਦੋਹਵਾਂ ਦੇਸ਼ਾ ਦੇ ਨੁਮਾਇੰਦਿਆਂ, ਨੇ ਦੋਹਵਾਂ ਧਿਰਾਂ ਨੂੰ ਮਨਜ਼ੂਰ, ਮੁਆਇਦੇ ‘ਤੇ ਦਸਤਖ਼ਤ ਕੀਤੇ ਹਨ ਜਿਹਦੇ ਮੁਤਾਬਿਕ ਹਰੇਕ ਯਾਤਰੀ ਨੂੰ 20 ਡਾਲਰ ਦੀ ਫੀਸ ਅਦਾ ਕਰਨੀ ਪਵੇਗੀ । ਚੰਗਾ ਹੁੰਦਾ ਜੇ ਇਹ ਰਕਮ ਨਾ ਵਸੂਲੀ ਜਾਂਦੀ । ਦੂਜੇ ਪਾਸੇ ਸੋਚੀਏ ਤਾਂ ਹਰੇਕ ਮੁਲਕ ਦਾ ਵੀਜ਼ਾ ਲੈਣ ਵਾਸਤੇ ਵੀਜ਼ਾ ਫੀਸ ਹੁੰਦੀ ਹੈ, ਵੀਜ਼ਾ ਲਗਵਾਉਣ ਲਈ ਦਿੱਲੀ ਜਾਣਾ ਪੈਂਦਾ ਹੈ ਜਾਂ ਏਜੰਟਾਂ ਨੂੰ ਪੈਸੇ ਦੇਣੇ ਪੈਂਦੇ ਹਨ ਤੇ ਤੀਸਰੀ ਗੱਲ ਇਹ ਕਿ ਅਗਰ ਕਿਸੇ ਤੀਰਥ ਯਾਤਰੀ ਨੇ ਭਾਰਤ ਵਿਚੋਂ ਹੀ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ, ਪਟਨਾ ਸਾਹਿਬ, ਹਜ਼ੂਰ ਸਾਹਿਬ ਆਦਿ ਦੇ ਦਰਸ਼ਨ ਕਰਨੇ ਹੋਣ ਤਾਂ ਕਈ ਜਜ਼ੀਏ (ਸੜਕੀ-ਟੋਲਾਂ ‘ਤੇ) ਅਦਾਇਗੀ ਕਰਕੇ ਮੰਜ਼ਿਲ ‘ਤੇ ਪੁੱਜੀਦਾ ਹੈ। ਸੋ ਤਕਰੀਬਨ ਸਾਢੇ ਚੌਦਾਂ ਸੌ ਰੁਪੈ ਖ਼ਰਚ ਕੇ ਸਰਹੱਦ-ਪਾਰ ਗੁਰਦਰਵਾਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ, ਮਹਿੰਗੇ ਨਹੀਂ ਪੈਂਣਗੇ ।

ਮੀਡੀਆ ਵਾਲੇ ਅੰਦਾਜ਼ੇ ਲਗਾ ਰਹੇ ਹਨ ਕਿ 20 ਡਾਲਰਾਂ ਦੀ ਇਸ ਫੀਸ ਨਾਲ ਪਾਕਿਸਤਾਨ, ਸਾਲਾਨਾ ੨੫੮ ਕਰੋੜ ਕਮਾਵੇਗਾ। ਇਹ ਗੱਲ ਬਹੁਤੀ ਸਹੀ ਨਹੀਂ ਲਗਦੀ, ਬਾਕੀ ਤਾਂ ਸਮਾਂ ਹੀ ਦੱਸੇਗਾ। ਫੀਸ ਸਿਰਫ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਹੀ ਵਸੂਲੀ ਜਾਣੀ ਹੈ, ਵਾਹਗੇ ਬਾਰਡਰ ਜਾਂ ਰੇਲ ਰਾਹੀਂ ਬਾਕਾਇਦਾ ਵੀਜ਼ਾ ਲੈ ਕੇ ਜਾਣ ਵਾਲਿਆ ਕੋਲੋਂ ਨਹੀਂ । ਅਮ੍ਰੀਕਾ, ਕੈਨੇਡਾ, ਯੂ.ਕੇ, ਸਿੰਘਾਪੁਰ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਵੀ, ਬਾਕਾਇਦਾ ਵੀਜ਼ਾ ਲੈ ਕੇ ਹਵਾਈ ਜਹਾਜ਼ ਰਾਹੀਂ ਜਾਂ ਅੰਮਿ੍ਰਤਸਰ ਤੋਂ ਹੋ ਕੇ ਵਾਹਗੇ ਰਾਹੀਂ ਹੀ ਜਾਣਗੇ, ਸੋ ਵੀਹ ਡਾਲਰ ਉਹਨਾਂ ਕੋਲੋਂ ਵੀ ਨਹੀਂ ਵਸੂਲੇ ਜਾਣੇ।ਬਾਕੀ ਰਹਿ ਗਏ, ਵੀਜ਼ੇ ਤੋਂ ਬਿਨਾਂ ਲਾਂਘੇ ਰਾਹੀ ਜਾਣ ਵਾਲੇ ਸ਼ਰਧਾਲੂ ਜੋ ਸਿਰਫ ਗੁਰਦਰਵਾਰਾ ਦਰਬਾਰ ਸਾਹਿਬ ਕਰਤਾਰਪੁਰ ਹੀ ਜਾ ਸੱਕਣਗੇ, ੳੇਹਨਾਂ ਨੇ ਹੀ 20 ਡਾਲਰ ਦੇਣੇ ਹਨ। ਲਗਦਾ ਹੈ ਕਿ ਇਹ ਗਿਣਤੀ, ਇਕ ਦੋ ਮਹੀਨੇ ਤਾਂ 5000 ਤੱਕ ਰਹਵ੍ਹੇਗੀ ਪਰ ਬਾਅਦ ਵਿਚ ਇਹ ਘੱਟਣ ਦੀ ਉਮੀਦ ਹੈ।ਕਿਉਂਕਿ ਲਾਂਘੇ ਰਾਹੀਂ ਜਾ ਕੇ, ਪਾਕਿਸਤਾਨ ਵਿਚਲੇ ਹੋਰ ਕਿਸੇ ਵੀ ਗੁਰਦਵਾਰੇ (ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਡੇਹਰਾ ਸਾਹਿਬ ਲਾਹੌਰ) ਦੇ ਦਰਸ਼ਨ ਨਹੀਂ ਹੋ ਸੱਕਣੇ। ਸ਼ਰਧਾਲੂ ਆਮ ਕਰਕੇ ਵੱਡੀ ਉਮਰ ਦੇ ਹੋਣਗੇ, ਜੋ ਇਕ ਤੋਂ ਵੱਧ ਵਾਰ ਨਹੀਂ ਜਾਣਗੇ; ਇਸ ਤਰ੍ਹਾਂ ਦੇ ਸ਼ਰਧਾਲੂਆਂ ਨੂੰ ਗੁਰਦਵਾਰਾ ਸਾਹਿਬ ਦੀ ਯਾਤਰਾ ਦੇ ਨਾਲ ਨਾਲ, ਆਪਣੇ ਵੱਡੇ ਵਡੇਰਿਆਂ ਦੇ ਪਿੰਡ ਜਾ ਕੇ ਉਥੋਂ ਦੇ ਲੋਕਾਂ ਨੂੰ ਮਿਲਣ ਦੀ ਲਾਲਸਾ ਵੀ ਪੂਰੀ ਹੋਣ ਦੀ ਉਮੀਦ ਨਹੀਂ । ਇਹ ਵੀ ਲੱਗਦਾ ਹੈ ਕਿ ਪਾਕਿਸਤਾਨ ਦੇ ਗ਼ੈਰ-ਸਿੱਖ ਬਾਸ਼ਿੰਦਿਆਂ ਨੂੰ ਗੁਰਦਵਾਰੇ ਦੇ ਹਦੂਦ ਅੰਦਰ ਆਉਣ ਦੀ ਇਜਾਜ਼ਤ ਵੀ ਨਹੀਂ ਹੋਣੀ। ਆਮ ਕਰਕੇ ਹਰੇਕ ਤੀਰਥ ਅਸਥਾਨ ‘ਤੇ ਜਵਾਨ ਉਮਰ ਵਾਲੇ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਹੈ । ਅਗਰ ਉਹਨਾਂ ਦੀ ਰੁਚੀ ਅਨੁਸਾਰ, ਬਾਕੀ ਗੁਰਦਵਾਰਿਆਂ ਜਾਂ ਲਾਹੌਰ ਆਦਿ ਵੇਖਣ/ ਜਾਣ ਦੀ ਖੁਲ੍ਹ ਨਹੀਂ ਹੋਣੀ ਤਾਂ, ਉਸ ਆਯੂ-ਗਰੁੱਪ ਦੇ ਸ਼ਰਧਾਲੂ ਘੱਟ ਰਹਿਣਗੇ। ਔਰਤਾਂ ਦੀ ਰੁਚੀ ਵਾਲੀਆਂ ਦੁਕਾਨਾਂ ਤਾਂ ਜ਼ਰੂਰ ਬਣਾਈਆਂ ਜਾਣਗੀਆਂ ਜਿਵੇ ਪਾਕਿਸਤਾਨੀ ਲੇਡੀਜ਼ ਸੂਟ, ਕੌਸਮੈਟਿਕਸ ਅਦਿ ।
ਮੁਆਇਦੇ ਮੁਤਾਬਿਕ, ਲਾਂਘੇ ਰਾਹੀਂ ਜਾਣ ਵਾਲਾ ਹਰੇਕ ਭਾਰਤੀ ਸਿਰਫ ਸੱਤ ਕਿਲੋ ਤੱਕ ਹੀ ਭਾਰ ਲਿਜਾ ਸਕਦੈ, ਇਸ ਤੋਂ ਵੱਧ ਨਹੀਂ। ਪੰਜਾਬ ਦੇ ਲੋਕ ਖਾਸ ਕਰਕੇ ਪਿੰਡਾਂ ਵਾਲੇ, ਜਦ ਵੀ ਕਿਸੇ ਗੁਰਦਵਾਰੇ /ਮੰਦਰ ਜਾਂਦੇ ਹਨ ਤਾਂ ਸ਼ਰਧਾ ਅਨੁਸਾਰ, ਲੰਗਰ ਵਾਸਤੇ ਘਰੋਂ, 20-25 ਕਿਲੋ ਆਟਾ, ਹਰੀਆਂ ਸਬਜ਼ੀਆਂ, ਗੰਢੇ, ਲਸਣ, ਅਧਰਕ ਤੇ ਦੁੱਧ, ਘਿਓ, ਲੱਸੀ ਵਗ਼ੈਰਾ ਲੈ ਜਾਂਦੇ ਹਨ। ਮੁਆਇਦੇ ਮੁਤਾਬਿਕ, ਦਰਬਾਰ ਸਾਹਿਬ ਕਰਤਾਰਪੁਰ ਵਾਸਤੇ ਐਸਾ, ਨਾ-ਮੁੰਮਕਿਨ ਹੋਵੇਗਾ ।
ਪਾਕਿਸਤਾਨੀ ਮੀਡੀਆ ਦਵਾਰਾ ਵਿਖਾਈ ਗਈ ਵੀਡੀਓ ਅਨੁਸਾਰ, ਗੁਰਦਵਾਰਾ ਸਾਹਿਬ ਪਹਿਲਾਂ 4 ਏਕੜ ਵਿਚ ਸੀ ਹੁਣ, 42 ਏਕੜ ‘ਚ ਬਣਾ ਦਿੱਤਾ ਗਿਆ ਹੈ ਜਿਹਦੇ ਵਿਚ, ਦਰਸ਼ਨੀ ਡਿਓੜੀਆਂ, ਸਰੋਵਰ, ਲੰਗਰ, ਟਾਇਲੈਟਸ, ਇਬਾਦਤਖ਼ਾਨਾ, ਸਰਾਂ ਦੇ ਤਕਰੀਬਨ 1000 ਕਮਰੇ ਬਣਾਏ ਗਏ ਹਨ। ਉਂਜ ਅਜੇ, ਲਾਂਘੇ ਦੇ ਰਸਤੇ ਜਾਣ ਵਾਲੇ ਸ਼ਰਧਾਲੂ, ਉਹਨਾਂ ਕਮਰਿਆਂ ‘ਚ ਰੁਕ ਨਹੀਂ ਸੱਕਣਗੇ ਕਿਉਕਿ, ਉਹ ਉਥੇ ਰਾਤ ਨਹੀਂ ਠਹਿਰ ਸਕਦੇ ।ਕਿਹਾ ਜਾ ਰਿਹਾ ਹੈ ਕਿ ਲੰਗਰ ਵਿਚ ਦੋ ਤੋਂ ਢਾਈ ਹਜ਼ਾਰ ਯਾਤਰੂ ਇਕੋ ਵਾਰ ਖਾਣਾ ਖਾ ਸੱਕਣਗੇ । ਇਮਾਰਤ ਬਹੁਤ ਸੁੰਦਰ ਤੇ ਖੁਲ੍ਹੀ ਨਜ਼ਰ ਆ ਰਹੀ ਹੈ,ਕਾਬਿਲ-ਏ-ਤਾਰੀਫ ਹੈ । ਬਹਰਹਾਲ ਤਕਰੀਬਨ ਸਾਢੇ ਤਿੰਨ ਲੱਖ ਵਰਗ ਫੁੱਟ ਦੇ ਸੰਗਮਰੀ ਫਰਸ਼ ‘ਤੇ, ਹਰਿਆਵਲ ਜਾਂ ਛਾਂ ਬਿਲਕੁਲ ਹੀ ਨਹੀਂ, ਸੋ ਗਰਮੀਆਂ ਵਿਚ ਮੁਸ਼ਕਲ ਪੇਸ਼ ਆਵੇਗੀ। ਹੋ ਸਕਦੈ ਫੁੱਲਾਂ ਵਾਲੇ ਜਾਂ ਛਾਂ-ਦਾਰ ਦਰਖਤ ਲਗਾਉਣ ਦਾ ਵੀ ਮਨਸੂਬਾ ਹੋਵੇ।
ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਣਾਂ ਨੂੰ ਆਉਣ ਵਾਲੀਆਂ ਸੰਗਤਾਂ ਦੀ ਜਾਣਕਾਰੀ ਵਾਸਤੇ-ਰਾਵੀ ਦੇ ਪਾਰ ਹੈ ਦਰਬਾਰ ਸਾਹਿਬ ਕਰਤਾਰਪੁਰ, ਤੇ ਇਧਰ ਹੈ ਗੁਰਦਵਾਰਾ ਸਾਹਿਬ ਡੇਰਾ ਬਾਬਾ ਨਾਨਕ ਜਿਸ ਤੋਂ ਤਕਰੀਬਨ 30 ਕਿਲੋਮੀਟਰ ‘ਤੇ, ਬਟਾਲੇ ‘ਚ ਹੈ ਗੁਰਦਵਾਰਾ ਕੰਧ ਸਾਹਿਬ, ਜਿਥੇ ਗੁਰੂ ਜੀ ਦੀ ਜੰਜ ਆਈ ਸੀ। ਬਟਾਲੇ ‘ਚ ਹੀ ਸ਼ਿਵਰਾਤਰੀ ਦੇ ਮੌਕੇ ‘ਤੇ ਗੁਰੂ ਜੀ ਨੇ ਸਿੱਧਾਂ ਨਾਲ ਗੋਸ਼ਟ ਕੀਤਾ ਸੀ (ਸਿੱਧ ਗੋਸ਼ਟ); ਗੁਰਦਵਾਰਾ ਤੇ ਮੰਦਰ ‘ਕੱਠੇ ਹੀ ਹਨ, ਗੁਰਦਵਾਰਾ ਹੈ ਅਚਲ ਸਾਹਿਬ।
ਅਜੇ ਤਾਂ ਇਹ ਸ਼ੁਰੂਆਤ ਹੈ, ਪੂਰੀ ਉਮੀਦ ਹੈ ਕਿ ਬਾਬਾ ਨਾਨਕ ਦੇ ਇਸ ਸ਼ੁਭ 550ਵੇਂ ਜਨਮ ਦਿਹਾੜੇ ‘ਤੇ ਮੁਲਕਾਂ ਦਰਮਿਆਨ, ਨਫਰਤਾਂ ਦੀ ਧੁੰਦ ਖ਼ਤਮ ਹੋਵੇਗੀ, ਮੁਹੱਬਤਾਂ ਦੇ ਮੀਂਹ ਪੈਣਗੇ ਤੇ ਸਾਰੇ ਜੱਗ ਵਿਚ ਨਾਨਕ ਦਾ ਨੂਰ (ਚਾਨਣ) ਫੈਲ ਜਾਏਗਾ । ਜ਼ਮੀਨੀ ਪੁਲਾਂ ਦੇ ਨਾਲ ਨਾਲ, ਦਿਲਾਂ ਦਰਮਿਆਨ ਵੀ ਪਿਆਰ ਤੇ ਖ਼ੁਲੂਸ ਦੇ ਪੁਲ ਉਸਰਨਗੇ ।
ਡਾ. ਮਨਜੀਤ ਸਿੰਘ ਬੱਲ, Dr. Manjit S. Bal
MBBS; MD; FICP; PMES-I
Former Head of Pathology Govt. Medical College, Rajindra Hospital, Patiala (India)
Professor of Pathology, MM Medical College & Hospital, Kumarhatti Solan, (Himachal Pradesh) (India)
Former Principal Investigator Punjab Cancer Atlas, NCRP (ICMR)
Author of 13 books.
Cell: 09872843491