ਜ਼ਾਹਿਦਾ ਸੁਲੇਮਾਨ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਦਿਤਾ ਪਹੁੰਚਣ ਦਾ ਸੱਦਾ
ਅਕਾਲੀ ਦਲ ਵਿਚ ਜਲਦ ਹੋਣਗੀਆਂ ਨਵੀਆਂ ਨਿਯੁਕਤੀਆਂ : ਜ਼ਾਹਿਦਾ ਸੁਲੇਮਾਨ
(ਸਪੀਕਿੰਗ ਪੰਜਾਬ)
ਮਲੇਰੋਕਟਲਾ : ਮਲੇਰੋਕਟਲਾ : ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿਚ 26 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ। ਉਦਘਾਟਨ ਕਰਨ ਲਈ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਸੇਵਾਦਾਰ ਸ. ਇਕਬਾਲ ਸਿੰਘ ਝੂੰਦਾਂ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ ਵਲੋਂ ਅਪਣੇ ਫ਼ੇਸਬੁਕ ਪੇਜ ਉਪਰ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਰਾਏਕੋਟ ਰੋਡ ਵਿਖੇ ਪਾਰਟੀ ਦਾ ਦਫ਼ਤਰ ਤਿਆਰ ਕੀਤਾ ਜਾ ਰਿਹਾ ਹੈ। ਉਦਘਾਟਨ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਜ਼ਾਹਿਦਾ ਸੁਲੇਮਾਨ ਨੇ ਸਪੀਕਿੰਗ ਪੰਜਾਬ ਨੂੰ ਦੱਸਿਆ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮਲੇਰਕੋਟਲਾ ਵਿਚ ਅਕਾਲੀ ਦਲ ਦੀ ਮਜ਼ਬੂਤੀ ਲਈ ਗੰਭੀਰ ਯਤਨ ਕਰ ਰਹੀ ਹੈ। ਅਕਾਲੀ ਵਰਕਰਾਂ ਅਤੇ ਨੇਤਾਵਾਂ ਵਿਚ ਵੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੇਹੱਦ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ। ਵਰਕਰਾਂ ਅਤੇ ਨੇਤਾਵਾਂ ਦੇ ਉਤਸ਼ਾਹ ਨੂੰ ਵੇਖਦਿਆਂ ਅਤੇ ਉਨ੍ਹਾਂ ਦੀ ਰਾਏ ਨਾਲ ਹੀ ਪਾਰਟੀ ਨੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਬਿਲਕੁਲ ਦਰਮਿਆਨੀ ਬਿੰਦੂ ਉਪਰ ਦਫ਼ਤਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਦਫ਼ਤਰ ਦੇ ਇਕ ਪਾਸੇ ਸ਼ਹਿਰ ਅਤੇ ਦੂਜੇ ਪਾਸੇ ਪਿੰਡ ਅਬਾਦ ਹਨ। ਅਕਾਲੀ ਵਰਕਰਾਂ, ਨੇਤਾਵਾਂ ਅਤੇ ਆਮ ਲੋਕਾਂ ਨੂੰ ਦਫ਼ਤਰ ਪਹੁੰਚਣ ਵਿਚ ਆਸਾਨੀ ਹੋਵੇਗੀ। ਮੈਡਮ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਉਹ ਦੋ ਹਫ਼ਤਿਆਂ ਤੋਂ ਲਗਾਤਾਰ ਹਲਕੇ ਵਿਚ ਵਿਚਰ ਰਹੇ ਹਨ ਅਤੇ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਅਕਾਲੀਆਂ ਦੀ ਮੰਗ ਹੈ ਕਿ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨਵੇਂ, ਲੋਕਾਂ ਵਿਚ ਵਿਚਰਨ ਵਾਲੇ ਅਤੇ ਹੇਠਲੇ ਪੱਧਰ ਤਕ ਕੰਮ ਕਰਨ ਵਾਲੇ ਮਿਹਨਤੀਆਂ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇ ਅਤੇ ਅਹੁਦਦਾਰੀਆਂ ਦਿਤੀਆਂ ਜਾਣ। ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਅਤੇ ਸੀਨੀਅਰ ਅਕਾਲੀ ਲੀਡਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਕਾਲੀ ਦਲ ਵਿਚ ਜਲਦ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਮੈਡਮ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਸਾਰੇ ਮਿਹਨਤੀ ਵਰਕਰਾਂ ਦੀ ਨਿਸ਼ਾਨਦੇਹੀ ਕਰ ਵੀ ਲਈ ਹੈ ਜਿਹੜੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਭਰਪੂਰ ਜਜ਼ਬਾ ਰੱਖਦੇ ਹਨ। ਦਫ਼ਤਰ ਦੇ ਉਦਘਾਟਨ ਤੋਂ ਬਾਅਦ ਜਲਦ ਹੀ ਨਗਰ ਕੌ਼ਂਸਲ ਦੇ ਵਾਰਡਾਂ ਅਤੇ ਪਿੰਡਾਂ ਵਿਚ ਨਵੀਆਂ ਨਿਯੁਕਤੀਆਂ ਕਰ ਦਿਤੀਆਂ ਜਾਣਗੀਆਂ। ਮੈਡਮ ਜ਼ਾਹਿਦਾ ਸੁਲੇਮਾਨ ਨੇ ਹਲਕਾ ਮਲੇਰਕੋਟਲਾ ਦੇ ਸਾਰੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਉਦਘਾਟਨ ਮੌਕੇ ਪਹੁੰਚਣ ਦਾ ਸੱਦਾ ਦਿਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰੇ 09.58 ਮਿੰਟ ਉਤੇ ਗਣਤੰਤਰ ਦਿਵਸ ਦੀ ਖ਼ੁਸ਼ੀ ਵਿਚ ਦਫ਼ਤਰ ਉਤੇ ਤਿਰੰਗਾ ਫਹਿਰਾਇਆ ਜਾਵੇਗਾ ਜਿਸ ਨੂੰ ਫ਼ਹਿਰਾਉਣ ਦੀ ਰਸਮ ਰੀਅਲ ਫ਼ਲੇਵਰਜ਼ ਮੀਡੀਆ ਗਰੁੱਪ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੁਰਗੇਸ਼ ਗਾਜਰੀ ਅਦਾ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਚਿਨ ਸ਼ਰਮਾ ਅਤੇ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ ਵਿਸ਼ੇਸ਼ ਤੌਰ ਤੇ ਮੌਜੂਦ ਰਹਿਣਗੇ। ਉਪਰੰਤ ਕੁਰਾਨ ਸ਼ਰੀਫ਼ ਦੀ ਤਿਲਾਵਤ ਕੀਤੀ ਜਾਵੇਗੀ।