ਅੰਮ੍ਰਿਤਸਰ ( ਮਹਿੰਦਰ ਸਿੰਘ ਸੀਟਾ) : ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਵੱਖ-ਵੱਖ ਮੁਕਾਬਲਿਆਂ ਦੌਰਾਨ ਜਿੱਤਾਂ ਹਾਸਲ ਕਰਕੇ ਸਿੱਖ ਸੰਸਥਾ ਦਾ ਨਾ ਰੌਸ਼ਨ ਕੀਤਾ ਹੈ। ਹਾਲ ਹੀ ਵਿੱਚ ਹੋਈਆਂ 66 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ 14 ਸਾਲ ਤੋਂ ਘੱਟ ਉਮਰ ਦੀ ਟੀਮ ਨੇ ਪਹਿਲਾਂ ਅਤੇ 19 ਸਾਲ ਤੱਕ ਦੇ ਖਿਡਾਰੀਆਂ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਥੇ ਸ਼੍ਰੌਮਣੀ ਕਮੇਟੀ ਦਫ਼ਤਰ ਵਿਖੇ ਜੇਤੂ ਚਿੰਨ੍ਹ ਲੈ ਕੇ ਪੁੱਜੇ ਹਾਕੀ ਟੀਮ ਦੇ ਸਲਾਹਕਾਰ ਸ.ਗੁਰਮੀਤ ਸਿੰਘ ਅਤੇ ਕੋਚਾਂ ਨੇ ਹਾਕੀ ਟੀਮ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਖੁਲਾਸਾ ਕੀਤਾ।ਉਨ੍ਹਾਂ ਦੱਸਿਆ ਕਿ ਸ਼੍ਰੌਮਣੀ ਕਮੇਟੀ ਦੀ ਹਾਕੀ ਟੀਮ ਨੇ ਜਿਥੇ ਗੁਰਦਾਸਪੁਰ ਵਿਖੇ ਹੋਏ ਆਲ ਇੰਡੀਆ ਹਾਕੀ ਗੋਲਡ ਕੱਪ ਵਿਚ ਜਿੱਤ ਪ੍ਰਾਪਤ ਕੀਤੀ ' ਉਥੇ ਹੀ 66 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ -14 ਟੀਮ ਨੇ ਪਹਿਲਾਂ ਸਥਾਨ ਅਤੇ ਅੰਡਰ -19 ਟੀਮ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਜੀਦਪੁਰ ਫਿਰੋਜ਼ਪੁਰ ਵਿਖੇ ਹੋਈਆਂ ਇੰਟਰ ਪੰਜਾਬ ਹਾਕੀ ਅਕੈਡਮੀਆਂ ਦੇ ਮੁਕਾਬਲੇ ਵਿਚ ਵੀ ਅੰਡਰ- 16 ਟੀਮ ਪਹਿਲਾਂ ਸਥਾਨ ਪ੍ਰਾਪਤ ਕਰਕੇ ਸ਼੍ਰੌਮਣੀ ਕਮੇਟੀ ਦਾ ਮਾਣ ਵਧਾਇਆ ਹੈ।ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਸਕੱਤਰ ਸ.ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਸੰਸਥਾ ਵੱਲੋਂ ਤਿਆਰ ਕੀਤੀ ਗਈ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਹਾਕੀ ਟੀਮ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ। ਉਨ੍ਹਾਂ ਸ਼੍ਰੌਮਣੀ ਕਮੇਟੀ ਦੀ ਹਾਕੀ ਟੀਮ ' ਚ ਸ਼ਾਮਲ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਨਾਲ ਖੇਡਣ ਲਈ ਉਤਸ਼ਾਹਤ ਕੀਤਾ। ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਵਧੀਕ ਸਕੱਤਰ ਸ.ਕੁਲਵਿੰਦਰ ਸਿੰਘ ਰਮਦਾਸ, ਹਾਕੀ ਟੀਮ ਦੇ ਸਲਾਹਕਾਰ ਸ.ਗੁਰਮੀਤ ਸਿੰਘ , ਕੋਚ ਸ.ਭੁਪਿੰਦਰ ਸਿੰਘ, ਸ.ਪ੍ਰਕਾਸ਼ ਸਿੰਘ, ਸ.ਅਵਤਾਰ ਸਿੰਘ,ਸ.ਪ੍ਰੇਮ ਸਿੰਘ,ਸੁਰਜੀਤ ਸਿੰਘ, ਸੁਪਰਵਾਈਜ਼ਰ ਸ. ਰਣਧੀਰ ਸਿੰਘ ਅਤੇ ਸ.ਹਰਦੀਪ ਸਿੰਘ ਆਦਿ ਹਾਜ਼ਰ ਸਨ।