ਅੰਮ੍ਰਿਤਸਰ ( ਮਹਿੰਦਰ ਸਿੰਘ ਸੀਟਾ ) : ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਰੰਡਰ ਕਰਨ ਦੀਆਂ ਖਬਰਾਂ ਦਾ ਦੌਰ ਪੂਰੀ ਤਰ੍ਹਾ ਸਰਗਰਮ ਰਿਹਾ । ਇਸ ਦਰਮਿਆਨ ਸ਼ਾਮ ਹੁੰਦੇ ਹੀ ਅੰਮ੍ਰਿਤਪਾਲ ਸਿੰਘ ਨੇ ਕਰੀਬ 11 ਦਿਨਾਂ ਬਾਅਦ ਵੀਡੀਓ ਜਾਰੀ ਕੀਤੀ । ਉਸ ਨੇ ਲਾਈਵ ਹੋ ਕਿ ਕਿਹਾ ਮੇਰੀ ਗ੍ਰਿਫਤਾਰੀ ਵਾਹਿਗੁਰੂ ਦੇ ਹੱਥ ਹੈ। ਹਕੂਮਤ ਦੇ ਧੱਕੇ ਖਿਲਾਫ ਅਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬੱਤ ਖਾਲਸਾ ਸੱਦਣ ਦੀ ਅਪੀਲ ਵੀ ਕੀਤੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 18 ਮਾਰਚ ਤੋਂ ਵਾਪਰੇ ਸਾਰੇ ਘਟਨਾਕ੍ਰਮ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਸੂਬਾ ਸਰਕਾਰ ਉਤੇ ਵੀ ਨਿਸ਼ਾਨਾ ਬੰਨ੍ਹਿਆ । ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਸਬੰਧੀ ਵੀ ਅੰਮ੍ਰਿਤਪਾਲ ਸਿੰਘ ਨੇ ਨਿਖੇਧੀ ਕੀਤੀ। ਉਸ ਨੇ ਕਿਹਾ ਕਿ ਮੈਂ ਠੀਕ ਹਾਂ।ਉਸ ਦਾ ਮਾਲਵੇ ਵਿੱਚ ਪ੍ਰੋਗਰਾਮ ਸੀ ਜਿਸ ਲਈ ਉਹ ਘਰੋਂ ਨਿਕਲੇ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ, ਅੰਮ੍ਰਿਤਪਾਲ ਸਿੰਘ ਨੇ ਪੁਲਿਸ ਦੇ ਰਵੱਈਏ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ 18 ਮਾਰਚ ਦੀ ਘਟਨਾਂ ਤੋਂ ਬਾਅਦ ਇੰਟਰਨੈੱਟ ਬੰਦ ਹੋਣ ਕਰਕੇ ਉਹ ਕਿਸੇ ਨਾਲ ਸੰਪਰਕ ਨਹੀ ਕਰ ਸਕਿਆ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਿਸਾਖੀ ਮੌਕੇ ਸੌਦਿਆਂ ਜਾਣ ਵਾਲਾ ਸਰਬੱਤ ਖਾਲਸਾ ਉਹ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ ਜੋ ਅਬਦਾਲੀ ਦੇ ਘੱਲੂਘਾਰੇ ਤੋਂ ਬਾਅਦ ਬੁਲਾਇਆ ਗਿਆ ਸੀ । ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਮਸਲਾ ਸਿਰਫ ਮੇਰੀ ਗ੍ਰਿਫਤਾਰੀ ਦਾ ਨਹੀ ਹੈ,ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਨੂੰ ਇਹ ਮਸਲਾ ਵਿਚਾਰਨਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਕਰਨਾ ਚਾਹੀਦਾ ਹੈ। ਸਿੱਖ ਕੌਮ ਦੇ ਇਸ ਵੱਡੇ ਮਸਲੇ ' ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪ ਅੱਗੇ ਆ ਕੇ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ । ਪਿੰਡਾਂ ਵਿੱਚ ਵਹੀਰਾਂ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ। ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਜਾਰੀ ਹੋਣ ਤੋਂ ਬਾਅਦ ਸਰੰਡਰ ਕਰਨ ਦੀਆਂ ਕਿਆਸਅਰਾਈਆਂ ' ਤੇ ਵਿਰਾਮ ਲਗਾ ਦਿੱਤਾ ਹੈ।