ਜਥੇਦਾਰ ਸਾਹਿਬ ' ਤੇ ਕੀਤੀ ਟਿੱਪਣੀ ਲਈ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਮੰਗੇ ਮੁਆਫੀ - ਐਡਵੋਕੇਟ ਧਾਮੀ
ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ 88 ਲੱਖ ਦੇ ਵਜੀਫੇ ਤਕਸੀਮ
ਸ੍ਰੀ ਅੰਮ੍ਰਿਤਸਰ ਸਾਹਿਬ ( ਮਹਿੰਦਰ ਸਿੰਘ ਸੀਟਾ) : ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੌਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਭਾਰਤ ਅੰਦਰ ਬੈਠ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜਾਬਤੇ ਅੰਦਰ ਰਹਿਣ ਲਈ ਕਿਹਾ ਹੈ। ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਆਖਿਆ ਕਿ ਸ਼ੋਸ਼ਲ ਮੀਡੀਆ ' ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਵਰਤਾਰੇ ਵਿਰੁੱਧ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਅਵਾਜ਼ ਨੂੰ ਸਰਕਾਰਾਂ ਦਬਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇਂ ਕੱਲ੍ਹ ਸ਼੍ਰੌਮਣੀ ਕਮੇਟੀ ਦਾ ਇਕ ਟਵਿੱਟਰ ਪੋਸਟ ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਬੈਨ ਕੀਤਾ ਗਿਆ ਅਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਕ ਟਵੀਟ ਨਿਸ਼ਾਨੇ ' ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਰਲ ਕੇ ਖੇਡੀ ਜਾ ਰਹੀ ਇਸ ਖੇਡ ਨੂੰ ਤੁਰੰਤ ਬੰਦ ਕਰਨ। ਐਡਵੋਕੇਟ ਧਾਮੀ ਨੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਇਕ ਟਵੀਟ ਰਾਹੀ ਕੀਤੀ ਟਿੱਪਣੀ ਦੀ ਵੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਸ.ਭਗਵੰਤ ਸਿੰਘ ਮਾਨ ਵੱਲੋਂ ਜਥੇਦਾਰ ਸਾਹਿਬ ਤੇ ਕੀਤਾ ਗਿਆ ਵਿਅੰਗ ਸ੍ਰੀ ਅਕਾਲ ਤਖਤ ਦੀ ਮਾਣ ਮਰਯਾਦਾ ਅਤੇ ਸਿੱਖ ਕੌਮ ਨੂੰ ਸਿੱਧੀ ਚੁਣੌਤੀ ਹੈ। ਉਹ ਇਸ ਅਵੱਗਿਆ ਲਈ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣ। ਸ਼੍ਰੌਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਦਾ ਅਟੱਲ ਹਨ ਅਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਮੁੱਖ ਮੰਤਰੀ ਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਇਕ ਇਮਾਰਤ ਦਾ ਨਾਂ ਨਹੀ , ਸਗੋਂ ਇਹ ਛੇਵੇਂ ਪਾਤਸ਼ਾਹ ਵੱਲੋਂ ਇਕ ਸਿਧਾਂਤ ਅਤੇ ਸੋਚ ਦੀ ਰੌਸ਼ਨੀ ਵਿਚ ਸਿਰਜਿਆ ਸੱਚਾ ਤਖਤ ਹੈ। ਇਸ ਨੂੰ ਝੁਕਾਉਣ ਲਈ ਮੁਗਲਾਂ , ਅੰਗਰੇਜ਼ਾਂ ਅਤੇ ਸਮੇਂ - ਸਮੇਂ ਸਰਕਾਰਾਂ ਨੇ ਜੋਰ ਲਗਾਇਆ , ਪਰ ਗੁਰੂ ਬਖਸ਼ੇ ਇਸ ਸਿਧਾਂਤ ਅੱਗੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਅੱਜ ਦੀਆਂ ਸਰਕਾਰਾਂ ਵੀ ਅਜਿਹੀ ਹੀ ਵੱਡੀ ਭੁੱਲ ਕਰ ਰਹੀਆਂ ਹਨ।ਸ਼੍ਰੌਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਵਉੱਚ ਅਸਥਾਨ ਹਨ ਅਤੇ ਇਥੇ ਕਿਸੇ ਵੀ ਕੌਮੀ ਮਸਲੇ ਨੂੰ ਵਿਚਾਰਨ ਲਈ ਸਿੱਖ ਪੰਥ ਇਕੱਠਾ ਹੁੰਦਾ ਹੈ। ਸਰਕਾਰਾਂ ਵੱਲੋਂ ਇਸ ਪੰਥਕ ਰਵਾਇਤ ਵਿਰੁੱਧ ਅਪਣਾਏ ਜਾ ਰਹੇ ਹੱਥਕੰਡੇ ਬਰਦਾਸ਼ਤ ਨਹੀ ਕੀਤੇ ਜਾ ਸਕਦੇ। ਇਸ ਤੋਂ ਪਹਿਲਾਂ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ' ਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਦੁਆਬਾ ਜੋਨ ਦੇ 1397 ਅੰਮ੍ਰਿਤਧਾਰੀ ਗੁਰਸਿੱਖ ਵਿਦਿਆਰਥੀਆਂ ਨੂੰ 88 ਲੱਖ 90 ਹਜ਼ਾਰ ਰੁਪਏ ਦੇ ਵਜੀਫੇ ਵੰਡੇ ਗਏ। ਐਡਵੋਕੇਟ ਧਾਮੀ ਅਨੁਸਾਰ ਇਸ ਤੋਂ ਪਹਿਲਾਂ ਮਾਝਾਂ ਜੋਨ ਅੰਦਰ 1 ਕਰੋੜ 13 ਲੱਖ ਰੁਪਏ ਦੀ ਵਜੀਫਾ ਰਾਸ਼ੀ ਤਕਸੀਮ ਕੀਤੇ ਜਾਣਗੇ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ , ਸ.ਸੁਖਵਰਸ਼ ਸਿੰਘ ਪੰਨੂ, ਸ.ਤੇਜਿੰਦਰਪਾਲ ਸਿੰਘ, ਸ.ਅਵਤਾਰ ਸਿੰਘ ਵਣਵਾਲਾ, ਸ.ਮਨਜੀਤ ਸਿੰਘ ਬੱਪੀਆਣਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ਼੍ਰੌਮਣੀ ਕਮੇਟੀ ਮੈਂਬਰ ਸ.ਸਰਵਣ ਸਿੰਘ ਕੁਲਾਰ, ਸ਼੍ਰੌਮਣੀ ਕਮੇਟੀ ਪ੍ਰਧਾਨ ਦੇ ੳਐਸਡੀ ਸ.ਸਤਬੀਰ ਸਿੰਘ ਧਾਮੀ , ਸਕੱਤਰ ਸ.ਸੁਖਮਿੰਦਰ ਸਿੰਘ, ਸ.ਬਲਵਿੰਦਰ ਸਿੰਘ ਕਾਹਲਵਾਂ, ਪ੍ਰੋਫੈਸਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ।