ਅੱਧੀ ਰਾਤ ਇਕੱਲੀਆਂ ਔਰਤਾਂ ਦੇ ਘਰ ਜਬਰੀ ਦਾਖਿਲ ਹੋਣਾ ਮੰਦਭਾਗਾ - ਐਡਵੋਕੇਟ ਧਾਮੀ
ਸ੍ਰੀ ਅੰਮ੍ਰਿਤਸਰ ਸਾਹਿਬ (ਮਹਿੰਦਰ ਸਿੰਘ ਸੀਟਾ) : ਮੋਹਾਲੀ ਨਿਵਾਸੀ ਬੀਬੀ ਪ੍ਰਤੀਮ ਕੌਰ ਰਿਹਾਇਸ਼ ਤੇ ਅੱਧੀ ਰਾਤ ਜਾ ਕੇ ਉਨ੍ਹਾਂ ਦੀਆਂ ਬੇਟੀਆਂ ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਤੰਗ- ਪ੍ਰੇਸ਼ਾਨ ਕੀਤੇ ਜਾਣ ਦੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਸ਼ਬਦਾਂ ਵਿਚ ਨਿੰਦਾਂ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੀ ਰਾਤ ਬੀਬੀ ਪ੍ਰਤੀਮ ਕੌਰ ਦੇ ਘਰ ਪੁਲਿਸ ਵੱਲੋਂ ਕੰਧਾਂ ਟੱਪ ਕੇ ਜਬਰੀ ਦਾਖਲ ਹੋਣ ਮਾਨਵੀ ਸਰੋਕਾਰਾਂ ਦੇ ਬਿਲਕੁਲ ਵਿਰੁੱਧ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸ.ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬੇ ਅੰਦਰ ਧੀਆਂ ਭੈਣਾਂ ਨੂੰ ਜਲੀਲ ਕਰਨ ' ਤੇ ਉਤਰ ਆਈ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹੀ ਬਦਲਾਅ ਸੀ? ਸ਼੍ਰੌਮਣੀ ਕਮੇਟੀ ਨੇ ਕਿਹਾ ਕਿ ਜੇਕਰ ਕੋਈ ਪੁੱਛਗਿੱਛ ਕਰਨੀ ਸੀ ਤਾਂ ਇਸ ਲਈ ਦਿਨ ਸਮੇਂ ਜਾਣਾ ਚਾਹੀਦਾ ਸੀ। ਰਾਤ ਸਮੇਂ ਇਕੱਲੀਆਂ ਔਰਤਾਂ ਨੂੰ ਤੰਗ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਦੱਸਣ ਅਨੁਸਾਰ ਸਿਵਲ ਕੱਪੜਿਆਂ ਵਿਚ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿਚ ਵੜ ਕੇ ਗੁਰਬਾਣੀ ਦੀਆਂ ਪਾਵਨ ਪੋਥੀਆਂ ਵਾਲੀ ਅਲਮਾਰੀ ਦੀ ਵੀ ਛਾਣਬੀਣ ਕੀਤੀ, ਜੋ ਘੋਰ ਅਵੱਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਪੰਜਾਬ ਦੀ ਧਰਤੀ ਤੋਂ ਔਰਤ ਦੇ ਸਤਿਕਾਰ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਦੀ ਸਰਕਾਰ ਔਰਤਾਂ ਨੂੰ ਜਲੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਨਾ ਸਰਚ ਵਰੰਟ ਦੇ ਰਾਤ ਸਮੇਂ ਇਕੱਲੀਆਂ ਰਹਿ ਰਹੀਆਂ ਔਰਤਾਂ ਦੇ ਘਰ ਜਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜੋ ਸਰਕਾਰ
ਤੇ ਪੁਲਿਸ ਪ੍ਰਸ਼ਾਸਨ ਦੇ ਕਾਰਜ ਨਿਯਮਾਂ ਦੇ ਬਿਲਕੁਲ ਵਿਰੁੱਧ ਹੈ। ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਨੇ ਸ.ਭਗਵੰਤ ਸਿੰਘ ਮਾਨ ਨੂੰ ਇਸ ਵਰਤਾਰੇ ਨੂੰ ਤੁਰੰਤ ਰੋਕਣ ਤੇ ਪੰਜਾਬੀਆਂ ਪਾਸੋਂ ਮੁਆਫੀ ਮੰਗਣ ਲਈ ਕਿਹਾ।