ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਸੰਮੇਲਨ ਦੀ ਕਾਮਯਾਬੀ ਲਈ ਦਿੱਤੀਆਂ ਮੁਬਾਰਕਾਂ - ਰਮੇਸ਼ ਕੁਮਾਰ ਗੇਂਟਾ
ਸ੍ਰੀ ਅੰਮ੍ਰਿਤਸਰ ਸਾਹਿਬ ( ਮਹਿੰਦਰ ਸੀਟਾ ) : ਹਾਲ ਹੀ ਵਿਚ ਅੰਮ੍ਰਿਤਸਰ ਵਿਚ ਹੋਏ ਜੀ- 20 ਸੰਮੇਲਨ ਦੌਰਾਨ ਸ਼ਹਿਰ ਨੂੰ ਸਿੱਖਿਆ ਤੇ ਕਿਰਤ ਦੇ ਵਿਸ਼ੇ ਦੀਆਂ ਮੀਟਿੰਗਾਂ ਲਈ ਕਈ ਦੇਸ਼ਾਂ ਦੇ ਅਧਿਕਾਰੀਆਂ ਦੀ ਮਹਿਮਾਨ ਨਿਵਾਜ਼ੀ ਕਰਨ ਦਾ ਮੌਕਾ ਮਿਲਿਆ ਸੀ। ਉਸ ਨੂੰ ਦੋਵਾਂ ਸਬੰਧਤ ਵਿਭਾਗਾਂ ਦੇ ਕੇਦਰੀ ਮੰਤਰਾਲਿਆਂ ਨੇ ਬਿਹਤਰੀਨ ਕਰਾਰ ਦਿੱਤਾ ਹੈ। ਅੱਜ ਜਿਲ੍ਹੇ ਦੇ ਇੰਚਾਰਜ ਸੈਕਟਰੀ ਰਮੇਸ਼ ਕੁਮਾਰ ਗੇਂਟਾ (ਆਈ.ਪੀ.ਐਸ਼) ਜੋ ਕਿਸੇ ਮੀਟਿੰਗ ਲਈ ਅੰਮ੍ਰਿਤਸਰ ਆਏ ਸਨ, ਨੇ ਜਿਲ੍ਹਾ ਅਧਿਕਾਰੀਆਂ ਨਾਲ ਇਹ ਖੁਸ਼ੀ ਸਾਂਝੀ ਕਰਦੇ ਦਿਲੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਕਿਰਤ ਮੰਤਰਾਲਿਆ ਨੇ ਅੰਮ੍ਰਿਤਸਰ ਸ਼ਹਿਰ ਦੀ ਸੁੰਦਰਤਾ , ਮਹਿਮਾਨ ਨਿਵਾਜੀ, ਸਲੀਕੇ, ਮੁੱਢਲਾ ਢਾਂਚਾ ਆਦਿ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਭਾਵੇਂ ਹੁਣ ਭਾਰਤ ਦੇ ਕਈ ਸ਼ਹਿਰਾਂ ਵਿਚ ਜੀ- 20 ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਜਿੰਨੇ ਉਤਸ਼ਾਹ ਨਾਲ ਅੰਮ੍ਰਿਤਸਰੀਆਂ ਨੇ ਸੰਮੇਲਨ ਦੀਆਂ ਤਿਆਰੀਆਂ ' ਤੇ ਕੰਮ ਕੀਤਾ , ਉਨਾਂ ਨੂੰ ਕਿਸੇ ਹੋਰ ਸ਼ਹਿਰ ਵਿੱਚ ਵੇਖਣ ਨੂੰ ਨਹੀ ਮਿਲਿਆ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸੰਮੇਲਨ ਦੀ ਕਾਮਯਾਬੀ ਲਈ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਜੀ-20 ਸੰਮੇਲਨ ਲਈ ਦਿੱਲੀ ਤੋਂ ਤਾਲਮੇਲ ਦਾ ਕੰਮ ਰਹੇ ਅਧਿਕਾਰੀ, ਇਸ ਗੱਲ ਤੋਂ ਹੈਰਾਨ ਰਹਿ ਗਏ ਕਿ 20 ਦਿਨ ਪਹਿਲਾਂ ਜਦ ਅਸੀ ਸਮਾਗਮ ਦੀਆਂ ਤਿਆਰੀਆਂ ਲਈ ਅੰਮ੍ਰਿਤਸਰ ਆਏ ਸੀ, ਤਾਂ ਮਾਹੌਲ ਬਿਲਕੁਲ ਵੱਖਰਾ ਸੀ, ਪਰ ਜਦ ਸੰਮੇਲਨ ਲਈ ਪੁੱਜੇ ਤਾਂ ਸ਼ਹਿਰ ਦੀ ਸੁੰਦਰਤਾ ਅਤੇ ਤਿਆਰੀ ਵੇਖ ਕੇ ਅੱਖਾਂ ਖੁੱਲੀਆਂ
ਰਹਿ ਗਈਆਂ।