ਡਾ. ਮਨਜੀਤ ਸਿੰਘ ਬੱਲ
ਦਿੱਲੀ ਦੇ ਚਾਂਦਨੀ ਚੌਂਕ ਵਿਖੇ ਨੌਵੇਂ ਪਾਤਸ਼ਾਹ, ਗੁਰੂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ, ਨਵੰਬਰ 1675 ਨੂੰ ਸ਼ਹਾਦਤ ਤੋਂ ਬਾਦ ਔਰੰਗਜ਼ੇਬ ਸਰਕਾਰ ਦੇ ਸਖਤ ਪਹਿਰਿਆਂ ਵਿਚੋਂ ਗੁਰੂ ਜੀ ਦਾ ਸੀਸ ਚੁੱਕ ਕੇ, ਬਚਦੇ ਬਚਾਉਂਦੇ, ਬੇਹੱਦ ਕਠਿਨ ਹਾਲਤਾਂ ਵਿਚ ਕੀਰਤਪੁਰ ਸਾਹਿਬ ਪਹੁੰਚਾਉਣ ਵਾਲੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਰੰਘਰੇਟਾ) ਬਾਰੇ ਭਾਵੇਂ ਸੰਗਤਾਂ ਚੰਗੀ ਤਰ੍ਹਾਂ ਜਾਣੂੰ ਹਨ ਪਰ ਲੇਖਕਾਂ ਤੇ ਪ੍ਰਬੰਧਕ ਕਮੇਟੀਆਂ ਦਵਾਰਾ ਇਸ ਸ਼ਹੀਦ ਨੂੰ ਉਜਾਗਰ ਨਾ ਕਰਨ ਕਰਕੇ ਭਾਈ ਜੈਤਾ ਜੀ ਦੀ ਪੂਰੀ ਸ਼ਖਸ਼ੀਅਤ ਸੰਗਤਾਂ ਦੇ ਸਾਹਮਣੇ ਨਹੀਂ ਆ ਸਕੀ।ਗੁਰੂ ਜੀ ਦਾ ਸੀਸ ਦਾ ਮਾਰਗ, ਦਿੱਲੀ ਤੋਂ ਤਰਾਵੜੀ, ਅੰਬਾਲਾ, ਜ਼ੀਰਕਪੁਰ (ਨਾਭਾ ਸਾਹਿਬ) ਹੁੰਦੇ ਹੋਏ ਕੀਰਤਪੁਰ ਸਾਹਿਬ ਤੱਕ ਹੈ ਜਿੱਥੇ ਬਾਲ ਗੋਬਿੰਦ ਰਾਏ ਤੇ ਮਾਤਾ ਗੁਜਰੀ ਜੀ ਆਨੰਦਪੁਰ ਤੋਂ ਸੰਗਤ ਸਮੇਤ ਪੁੱਜੇ ਹੋਏ ਸਨ।ਭਾਈ ਜੈਤਾ ਨੇ ਜਦ ਨੌਵੀਂ ਪਤਾਸ਼ਾਹੀ ਦਾ ਸੀਸ ਭੇਂਟ ਕੀਤਾ ਤਾਂ ਬਾਲ ਗੋਬਿੰਦ ਰਾਏ ਨੇ ਭਾਈ ਜੈਤੇ ਨੂੰ ਗਲ਼ ਨਾਲ ਲਾ ਕੇ “ਰੰਘਰੇਟਾ ਗੁਰੂ ਕਾ ਬੇਟਾ” ਕਿਹਾ।ਮਜ਼੍ਹਬੀ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਬਾਬਾ ਜੀਵਨ ਸਿੰਘ ਜੀ ਸੇਵਾ ਦੇ ਪੁੰਜ, ਸਬਰ ਸੰਤੋਖ ਵਾਲੇ, ਮਰ-ਮਿਟਣ ਵਾਲੇ, ਜੰਗਜੂ ਅਤੇ ਸੂਰਬੀਰ ਹੋਣ ਦੇ ਨਾਲ-ਨਾਲ ਲਿਖਾਰੀ ਤੇ ਸੰਗੀਤ ਦੀ ਜਾਣਕਾਰੀ ਵੀ ਰੱਖਦੇ ਸਨ ।
ਦਸਮੇਸ਼ ਪਿਤਾ ਨੇ ਬਾਬਾ ਜੀਵਨ ਸਿੰਘ ਦੀ ਦੇਖ-ਰੇਖ ਵਿਚ ਹੀ ਰਣਜੀਤ ਨਗਾਰੇ ਵਾਲੀ ਡਿਊਟੀ, ਲਗਾਈ ਹੋਈ ਸੀ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਨਗਾਰੇ ‘ਤੇ ਚੋਟ ਲਗਾਈ ਜਾਂਦੀ ਸੀ।ਪਹਾੜੀ ਰਾਜਿਆਂ ਨਾਲ ਜੰਗਾਂ ਵੇਲੇ ਵੱਡ-ਆਕਾਰੀ ਨਗਾਰੇ ‘ਤੇ ਡੱਗੇ ਦੀ ਚੋਟ ਦੀ ਪਹਾੜਾਂ ‘ਚ ਟਕਰਾ ਕੇ ਗੂੰਜਦੀ ਆਵਾਜ਼ ਨਾਲ ਦੁਸ਼ਮਣਾਂ ਦੇ ਦਿਲ ਕੰਬ ਜਾਂਦੇ ਸਨ।ਗੁਰੂ ਘਰ ਦੀ ਚੜ੍ਹਤ ਨੂੰ ਨਾ ਸਹਾਰਦੇ ਹੋਏ ਪਹਾੜੀ ਹਿੰਦੂ ਰਾਜਿਆਂ ਨੇ ਮੁਗਲਾਂ ਨਾਲ ਸੰਢ-ਗੰਢ ਕਰਕੇ ਉਹਨਾਂ ਨੂੰ ਆਨੰਦਪੁਰ ਛੱਡਣ ਲਈ ਮਜਬੂਰ ਕਰ ਦਿੱਤਾ।ਸੋ 7 ਪੋਹ, 21 ਦਸੰਬਰ 1704 ਵਾਲੇ ਦਿਨ, ਦਸਮੇਸ਼ ਪਿਤਾ ਨੂੰ ਪਰਿਵਾਰ ਸਮੇਤ ਆਨੰਦਪੁਰ ਛੱਡਣਾ ਪਿਆ।ਪਰਿਵਾਰਿਕ ਮੈਂਬਰ ਵਾਂਗ ਭਾਈ ਜੈਤਾ ਜੀ, ਖ਼ਾਸ ਸਿੰਘਾਂ ਵਿਚੋਂ ਸਨ।ਸਿਰਸਾ ਨਦੀ ‘ਤੇ ਜੰਗ ਵੇਲੇ ਜਦ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ‘ਚ ਘਿਰ ਗਏ ਸਨ ਤਾਂ ਭਾਈ ਜੈਤਾ ਜੀ ਬੇਹੱਦ ਫੁਰਤੀ ਨਾਲ ਅਜੀਤ ਸਿੰਘ ਦੇ ਘੋੜੇ ਤੇ ਸਵਾਰ ਹੋ ਗਏ, ਘੋੜੇ ਦੀ ਲਗਾਮ ਆਪਣੇ ਮੂੰਹ ਵਿਚ ਦੱਬ ਲਈ ਤੇ ਦੋਹਵਾਂ ਹਥਾਂ ‘ਚ ਤਲਵਾਰਾਂ ਫੜ ਕੇ ਦੁਸ਼ਮਣ ਦੇ ਆਹੂ ਲਾਹ ਸੁਟੇ।ਇਸ ਤਰਾਂ੍ਹ ਬਾਬਾ ਅਜੀਤ ਸਿੰਘ ਨੂੰ ਦੁਸ਼ਮਣਾਂ ਦੇ ਘੇਰੇ ‘ਚੋਂ ਛੁਡਵਾਉਣ ‘ਚ ਕਾਮਯਾਬ ਹੋ ਗਏ।ਦੁਨੀਆਂ ਵਿਚ ਸ਼ਾਇਦ ਹੀ ਕੋਈ ਐਸਾ ਸੂਰਮਾ ਹੋਵੇ ਜਿਹਨੇ ਮੂੰਹ ਨਾਲ ਘੋੜੇ ਦੀ ਲਗਾਮ ਫੜ ਕੇ, ਦੋਹਵਾਂ ਹੱਥਾਂ ਨਾਲ ਪੂਰੇ ਰੋਹ ‘ਚ ਆ ਕੇ ਕਿਰਪਾਨ ਵਾਹੀ ਹੋਵੇ।8 ਪੋਹ, 22 ਦਸੰਬਰ ਵਾਲੇ ਦਿਨ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਤੇ ਬਾਬਾ ਫਤਹਿ ਸਿੰਘ ਜੀ) ਸਰਹੰਦ ਵੱਲ ਨੂੰ ਚਲੇ ਗਏ ਅਤੇ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ) ਅਤੇ ਬਾਬਾ ਜੀਵਨ ਸਿੰਘ ਸਮੇਤ 40 ਸਿੰਘ ਜੋ ਗੁਰੂ ਜੀ ਦੇ ਨਾਲ ਸਨ, ਨੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਆਪਣਾ ਡੇਰਾ ਜਮਾਇਆ।

9 ਪੋਹ ਵਾਲੇ ਦਿਨ ਚਮਕੌਰ ਦੀ ਇਸ ਜੰਗ ਵਿਚ ਕੁਝ ਸਿੰਘਾਂ ਦੇ ਨਾਲ-ਨਾਲ ਜਦ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਵੀ ਹੋ ਗਏ ਤਾਂ ਦਸਮ ਪਿਤਾ ਦੇ ਨਾਲ ਬਾਬਾ ਜੀਵਨ ਸਿੰਘ ਸਮੇਤ ਬਾਕੀ ਬਚੇ 11 ਸਿੰਘਾਂ ਚੋਂ ਪੰਜ ਪਿਆਰਿਆਂ ਨੇ ਗੁਰੁ ਜੀ ਨੂੰ ਗੜ੍ਹੀ ਛੱਡਣ ਦਾ ਆਦੇਸ਼ ਦਿੱਤਾ।ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਗੁਰੂ ਜੀ ਜਾਣ ਵਾਸਤੇ ਤਿਆਰ ਹੋ ਗਏ। ਭਾਈ ਜੈਤਾ (ਬਾਬਾ ਜੀਵਨ ਸਿੰਘ ਜੀ) ਦੀ ਡੀਲ-ਡੌਲ ਤੇ ਚਿਰਹਾ-ਮੁਹਰਾ ਦਸਮ ਪਿਤਾ ਨਾਲ ਮਿਲਦਾ ਸੀ, ਸੋ ਚਮਕੌਰ ਦੀ ਗੜ੍ਹੀ ਛੱਡਣ ਤੋਂ ਪਹਿਲਾਂ, ਗੁਰੂ ਜੀ ਨੇ ਆਪਣਾ ਕਲਗੀ-ਤੋੜਾ, ਪੁਸ਼ਾਕ ਤੇ ਹਥਿਆਰ, ਬਾਬਾ ਜੀ ਨੂੰ ਦੇ ਦਿੱਤੇ ਤਾਂ ਕਿ ਮੁਗ਼ਲ ਫੌਜਾਂ ਸਮਝਣ ਕਿ ਗੜ੍ਹੀ ਵਿਚ ਗੁਰੁ ਜੀ ਹੀ ਮੌਜੂਦ ਹਨ। ਇਸ ਸਬੰਧੀ ਉਸ ਵੇਲੇ ਦੇ ਕਵੀ ਕੰਕਣ ਲਿਖਦਾ ਹੈ:
“ਨਿਜ ਕਲਗੀ ਸਿਰ ਦੇਹ ਸਜਾਇ, ਦਲ ਪੁਸ਼ਾਕ ਅਪਨੀ ਪਹਿਨਾਇ,
ਜੀਵਨ ਸਿੰਘ ਕੋ ਬੁਰਜ ਬਿਠਾਇ, ਤਹ ਗੜ੍ਹੀ ਗੁਰੂ ਗੋਬਿੰਦ ਜਾਇ,
ਅੰਤ ਅਕੇਲਾ ਗੜ੍ਹੀ ਮੇਂ ਬੰਦੂਕੀ ਪਰਬੀਨ,
ਜੀਵਨ ਸਿੰਘ ਰੰਘਰੇਟੜੋ ਜੂਝ ਗਇਓ ਸੰਗ ਦੀਨ,
ਵਜ਼ੀਰਾ ਅਤ ਪ੍ਰਸੰਨ ਭਇਓ ਲੀਓ ਮਾਰ ਗੋਬਿੰਦ,
ਦਿੱਲੀ ਧਾਇਓ ਸੀਸ ਲੈ ਖੁਸ਼ੀ ਕਰਨ ਨਰਿੰਦ।
ਸਾਰੇ ਸਿੰਘਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਆਖ਼ਰ, ਦੋਹਵਾਂ ਹੱਥਾਂ ਵਿਚ ਨਾਗਣੀ ਤੇ ਬਾਘਨੀ (ਬੰਦੂਕਾਂ) ਫੜੀ, ਬਾਬਾ ਜੀਵਨ ਸਿੰਘ ਇਕੱਲਾ ਜੰਗ ਦੇ ਮੈਦਾਨ ਵਿਚ ਨਿਕਲਿਆ।ਬਹੁਤ ਹੀ ਬਹਾਦਰੀ ਨਾਲ ਜੂਝਦੇ ਹੋਏ, ਲੜਦੇ ਹੋਏ ਕਈ ਦੁਸ਼ਮਣ ਮਾਰ ਮੁਕਾਏ।ਮੁਗ਼ਲ ਫੌਜ ਦੇ ਸਿਪਾਹੀ ਇਹੀ ਸਮਝਦੇ ਰਹੇ ਕਿ ਉੁਹ ਗੁਰੂ ਗੋਬਿੰਦ ਸਿੰਘ ਨਾਲ ਲੜ ਰਹੇ ਹਨ। ਇਸ ਜੰਗ ਵਿਚ ਜੂਝਦਿਆਂ ਆਖ਼ਰ ਕਾਰ 23 ਦਸੰਬਰ 1704 ਨੂੰ ਬਾਬਾ ਜੀਵਨ ਸਿੰਘ ਸ਼ਹੀਦੀ ਦਾ ਜਾਮ ਪੀ ਗਏ।ਮੁਗ਼ਲ ਫੌਜਾਂ ਬਹੁਤ ਖੁਸ਼ ਸਨ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ।ਉਹਨਾਂ ਨੇ ਭਾਈ ਜੈਤਾ ਜੀ ਦਾ ਸਿਰ ਧੜ ਨਾਲੋਂ ਵੱਖ ਕੀਤਾ ਤੇ ਦਿੱਲੀ ਦਰਬਾਰ ਲੈ ਗਏ ਪਰ ਔਰੰਗਜ਼ੇਬ ਦੀ ਧੀ ਨੇ ਵੇਖ ਕੇ ਕਹਿ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਕਿਸੇ ਹੋਰ ਸਿੰਘ ਦਾ ਸਿਰ ਹੈ।

ਬਾਬਾ ਜੀਵਨ ਸਿੰਘ ਨੇ ਦਸਮੇਸ਼ ਪਿਤਾ ਦੀਆਂ ਫੌਜਾਂ ਵਿਚ ਇਕ ਅਹਿਮ ਸੁਰਬੀਰ ਯੋਧੇ ਵਜੋਂ ਅਨੇਕਾਂ ਹੀ ਜੰਗਾਂ ਲੜੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ ਜਿਵੇਂ: ਭੰਗਾਣੀ ਦਾ ਯੁੱਧ (1688), ਨਦੌਣ ਦੀ ਲੜਾਈ (1691), ਆਨੰਦਪੁਰ ਦੀ ਪਹਿਲੀ ਲੜਾਈ (1700), ਆਨੰਦਪੁਰ ਦਾ ਦੂਜਾ ਯੁੱਧ (1701), ਨਿਰਮੋਹਗੜ੍ਹ ਵਾਲਾ ਯੁਧ (1702), ਚਮਕੌਰ ਦੀ ਪਹਿਲੀ ਜੰਗ (1702), ਬਸੋਲੀ ਵਾਲੀ ਜੰਗ (1702), ਆਨੰਦਪੁਰ ਦਾ ਤੀਜਾ ਯੁੱਧ (1704), ਆਨੰਦਪੁਰ ਦਾ ਚੌਥਾ ਯੁੱਧ (1704) ਸਿਰਸਾ ਨਦੀ ਵਾਲਾ ਯੁੱ੍ਧ (1704) ਤੇ ਆਖ਼ਰ ਵਿਚ ਚਮਕੌਰ ਦੀ ਗੜ੍ਹੀ ਵਾਲੀ ਜੰਗ (1704) ਜਿੱਥੇ ਉਹਨਾਂ ਨੇ ਸ਼ਹੀਦੀ ਪਾਈ । ਭਾਈ ਜੈਤਾ ਜੀ ਗੁਰੀਲਾ ਯੁੱਧ ਦੇ ਬੜੇ ਮਾਹਿਰ ਸਨ।ਗੁਰੂ ਜੀ ਨੇ ਉਹਨਾਂ ਨੂੰ ਸੂਹੀਆ ਖਬਰਾਂ ਵਾਸਤੇ ਵੀ ਡਿਊਟੀ ਦਿੱਤੀ ਹੋਈ ਸੀ। ਇਤਿਹਾਸਕ ਖੋਜਾਂ ਮੁਤਾਬਕ, ਬਾਬਾ ਜੀਵਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਜੰਗੀ ਸਿਖਲਾਈ ਵੀ ਦੇਂਦੇ ਸਨ। ਹੋਰ ਤੇ ਹੋਰ ਬਾਬਾ ਜੀ ਦੋਹਵਾਂ ਹੱਥਾਂ ‘ਚ ਰਫਲਾਂ (ਨਾਗਨੀ ਤੇ ਬਾਘਨੀ) ਫੜ ਕੇ, ਇਕੱਠੀਆਂ ਚਲਾਉਣ ਵਿਚ ਮਾਹਿਰ ਸਨ।ਪੂਰੇ ਜਹਾਨ ਅੰਦਰ, ਇਸ ਯੋਧੇ ਦਾ ਨਾ ਕੋਈ ਸਾਨੀ ਉਦੋਂ ਸੀ ਤੇ ਨਾ ਹੀ ਕੋਈ ਬਾਦ‘ਚ ਜੰਮਿਆਂ।ਇਤਿਹਾਸ ਨੂੰ ਤੋੜ-ਮਰੋੜ ਕਰਕੇ ਕਈ ਤਰ੍ਹਾਂ ਦੇ ਪਾਏ ਗਏ ਭਰਮ ਭੁਲੇਖਿਆਂ ਦਾ ਜ਼ਾਹਰਾ ਕਾਰਣ ਹੈ, ਗੁਰੂਆਂ ਸਾਹਿਬਾਨਾਂ ਦੀ ਸੋਚ ਦੇ ਉਲਟ ਸਿੱਖ ਜਗਤ ਵਿਚ ਜਾਤ-ਪਾਤ ਦਾ ਵਿਤਕਰਾ।ਹੋਰ ਤਾਂ ਹੋਰ ਸ਼੍ਰੀ ਆਨੰਦਪੁਰ ਸਾਹਿਬ ਵਿਚ ਵਿਰਾਸਤ-ਏ-ਖਾਲਸਾ ‘ਚ ਆਧੁਨਿਕ ਤਕਨੀਕਾਂ ਰਾਹੀਂ ਆਨੰਦਪੁਰ ਸਾਹਿਬ ਵਿਖੇ ਹੋਏ ਯੁੱਧਾਂ ਤੇ ਹੋਰ ਘਟਨਾਵਾਂ ਨੂੰ ਦਰਸਾਉਂਦੀਆਂ ਹੋਈਆਂ ਵੀਡੀਓ\ਫਿਲਮਾਂ ਵਿਚ ਬਾਬਾ ਜੀਵਨ ਸਿੰਘ ਦਾ ਅੱਜ ਤੱਕ ਕੋਈ ਜ਼ਿਕਰ ਨਹੀਂ ਆਉਂਦਾ। ਇਸੇ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾ ਵਿਚ ਬਾਕੀ ਬੁੰਗਿਆਂ ਵਾਂਗ, ਬਾਬਾ ਜੀਵਨ ਸਿੰਘ ਦੇ ਨਾਂ ‘ਤੇ ਵੀ ਬੁੰਗਾ (ਬੁਰਜ) ਮਜ਼੍ਹਬੀ ਸਿੱਖਾਂ ਹੈ।ਕਮੇਟੀ ਮੰਨਦੀ ਹੈ ਕਿ ਇਤਿਹਾਸ ਮੁਤਾਬਕ ਬਾਬਾ ਜੀਵਨ ਸਿੰਘ ਦੀਆਂ ਕਰਬਾਨੀਆਂ ਕਰਕੇ ਮਜ਼੍ਹਬੀ ਸਿੱਖਾਂ ਦਾ ਬੁੰਗਾ ਹੈ।ਪਰ ਜਾਤੀ ਵਿਤਕਰੇ ਕਾਰਣ ਕਮੇਟੀ ਨੇ, ਇੰਨੇ ਮਹਾਨ ਸੂਰਬੀਰ ਯੋਧੇ ਦੇ ਨਾਂ ਵਾਲਾ ਬੰਗਾ ਅੱਜ ਤੱਕ ਵੀ ਉਹਦੇ ਵਾਰਸਾਂ ਨੂੰ ਨਹੀਂ ਦਿੱਤਾ।ਕਈ ਤਰ੍ਹਾਂ ਦੇ ਰਾਜਨੀਤਕ ਯਤਨਾਂ ਤੇ ਅਦਾਲਤੀ ਫੈਸਲਿਆਂ ਦੇ ਬਾਵਜੂਦ ਵੀ ਹੁਣ ਤੱਕ ਭਾਈ ਜੈਤਾ ਜੀ ਦੇ ਵਾਰਸਾਂ ਨੂੰ ਕੁਝ ਹਾਸਲ ਨਹੀਂ ਹੋ ਸੱਕਿਆ।

ਡਾ. ਮਨਜੀਤ ਸਿੰਘ ਬੱਲ, Dr. Manjit S. Bal
MBBS; MD; FICP; PMES-I
Former Head of Pathology Govt. Medical College, Rajindra Hospital, Patiala (India)
Professor of Pathology, MM Medical College & Hospital, Kumarhatti Solan, (Himachal Pradesh) (India)
Former Principal Investigator Punjab Cancer Atlas, NCRP (ICMR)
Author of 13 books.
Cell: 09872843491