ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਸਪੀਕਿੰਗ ਪੰਜਾਬ ਬਿਊਰੋ): ਖਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਖ਼ਿਲਾਫ਼ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕੀਤੀ ਮੰਗ ਤੋਂ ਬਾਅਦ ਪੁਲਿਸ ਨੇ ਯੂ.ਏ.ਪੀ.ਏ. ਲਗਾਉਣ ਦੇ ਨਾਲ-ਨਾਲ ਅੱਗ ਲਗਾਉਣ ਦੀ ਕੋਸ਼ਿਸ਼, ਅੱਗ ਲਗਾ ਕੇ ਨੁਕਸਾਨ ਕਰਨ ਅਤੇ ਸਮਾਜ ਵਿਚ ਦੰਗੇ ਭੜਕਾਉਣ ਦੀ ਸਾਜ਼ਿਸ਼ ਆਦਿ ਦੀਆਂ ਧਾਰਾਵਾਂ ਵਿਚ ਵਾਧਾ ਕਰ ਦਿੱਤਾ ਹੈ।
ਪੁਲਿਸ ਵਲੋਂ ਦੋਸ਼ੀ ਪਰਮਜੀਤ ਸਿੰਘ ਵਾਸੀ ਲੁਧਿਆਣਾ ਦੇ ਖਿਲਾਫ਼ ਦਰਜ ਕੀਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ 295-ਏ ਦੇ ਮੁਕੱਦਮੇ ਦੇ ਨਾਲ ਅੱਜ ਯੂ.ਏ.ਪੀ.ਏ-18, ਆਈ.ਪੀ.ਸੀ. ਦੀ ਧਾਰਾ 153, 153-ਏ, 436 ਅਤੇ 511 ਦੀਆਂ ਧਾਰਾਵਾਂ ਵਿਚ ਵਾਧਾ ਕਰ ਦਿੱਤਾ ਹੈ। ਬੀਤੇ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੇਅਦਬੀ ਦੇ ਰੋਸ ਵਜੋਂ ਇਕੱਤਰ ਹੋਈਆਂ ਸੰਗਤਾਂ ਨਾਲ ਮੁਲਾਕਾਤ ਕਰਕੇ ਭਰੋਸਾ ਦਿਵਾਇਆ ਸੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਦੀ ਗੰਭੀਰਤਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਉੁਹ ਪੁਲਿਸ ਕੋਲੋਂ ਦੋਸ਼ੀ ਦੇ ਖਿਲਾਫ਼ ਯੂ.ਏ.ਪੀ.ਏ. ਐਕਟ ਲਗਾਉਣ ਦੀ ਮੰਗ ਕਰਨਗੇ।
ਉਨ੍ਹਾਂ ਨੇ ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨਾਲ ਵੀ ਗੱਲਬਾਤ ਕੀਤੀ ਅਤੇ ਪੰਜਾਬ ਪੁਲਿਸ ਮੁਖੀ ਤੱਕ ਵੀ ਦੋਸ਼ੀ ਖ਼ਿਲਾਫ਼ ਯੂ.ਏ.ਪੀ.ਏ. ਐਕਟ ਲਗਾਉਣ ਦੀ ਮੰਗ ਉਠਾਈ ਸੀ। ਇਸ ਤੋ ਪਹਿਲਾ ਦੋਸ਼ੀ ਪਰਮਜੀਤ ਸਿੰਘ ਨੂੰ ਅੱਜ ਸਵੇਰੇ ਸਵਾ ਅੱਠ ਵਜੇ ਦੇ ਕਰੀਬ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ੍ਰੀ ਆਨੰਦਪੁਰ ਸਾਹਿਬ ਵਿਖੇ ਐੱਸ ਡੀ ਜੇ ਐਮ ਜੱਗਮਿਲਾਪ ਸਿੰਘ ਖੁਸ਼ਦਿਲ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਸ ਨੇ ਇੱਕੀ 21 ਸਤੰਬਰ ਤੱਕ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਜੋ ਦੋਸ਼ੀ ਕੋਲੋਂ ਬੇਅਦਬੀ ਦੀ ਸਾਜਦਿੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਸਕੇ।