'ਮੈਪੀਕੌਨ ਬਠਿੰਡਾ 2021' ਦੇ ਚੱਲਦਿਆਂ ਡਾ. ਮਨਜੀਤ ਸਿੰਘ ਬੱਲ ਆਪਣੀ ਪੁਸਤਕ 'ਕਾਰਵਾਂ ਚਲਦਾ ਰਹੇ' ਮਹਾਰਾਜਾ ਰਣਜੀਤ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਡਾ. ਮਨਪ੍ਰੀਤ ਧਾਲੀਵਾਲ ਨੂੰ ਭੇਟ ਕਰਦੇ ਹੋਏ।
ਬਠਿੰਡਾ, ਮਹਿਤਾਬ–ਉਦ–ਦੀਨ: ‘ਐਸੋਸੀਏਸ਼ਨ ਆੱਫ਼ ਫ਼ਿਜ਼ੀਸ਼ੀਅਨਜ਼ ਆੱਫ਼ ਇੰਡੀਆ’ (ਮਾਲਵਾ ਬ੍ਰਾਂਚ) ਦੀ 8ਵੀਂ ਸਾਲਾਨਾ ਕਾਨਫ਼਼ਰੰਸ ਇਸ ਵੇਲੇ ਬਠਿੰਡਾ ’ਚ ‘ਮੈਪਿਕੌਨ ਬਠਿੰਡਾ 2021’ (MAPICON Bathinda 2021) ਦੇ ਨਾਂਅ ਹੇਠ ਚੱਲ ਰਹੀ ਹੈ। ਇੱਥੇ MAPICON ਤੋਂ ਭਾਵ ਹੈ - Malwa Association of Physicians of India Conference (ਮਾਲਵਾ ਐਸੋਸੀਏਸ਼ਨ ਆੱਫ਼ ਫ਼ਿਜ਼ੀਸ਼ੀਅਨਜ਼ ਆੱਫ਼ ਇੰਡੀਆ ਕਾਨਫ਼ਰੰਸ)। ਡਾ. ਵਿੱਤੁਲ ਗੁਪਤਾ (Dr. Vittul Gupta) ਦੀ ਯੋਗ ਅਗਵਾਈ ਹੇਠ ਇਹ ਕਾਨਫ਼ਰੰਸ ਬੀਤੀ 16 ਸਤੰਬਰ ਨੂੰ ਸ਼ੁਰੂ ਹੋਈ ਹੈ ਤੇ ਇਹ ਭਲਕੇ ਐਤਵਾਰ 19 ਸਤੰਬਰ ਤੱਕ ਚੱਲਣੀ ਹੈ। ਇਸ ਵਿੱਚ ਦੇਸ਼ ਦੇ ਉੱਘੇ ਮੈਡੀਕਲ ਡਾਕਟਰ ਤੇ ਖੋਜੀ ਵਿਗਿਆਨੀ ਭਾਗ ਲੈ ਰਹੇ ਹਨ। ਇਸ ਮੌਕੇ ਪੰਜਾਬੀ ਦੇ ਉੱਘੇ ਲੇਖਕ ਅਤੇ ਡਾਕਟਰ ਮਨਜੀਤ ਸਿੰਘ ਬੱਲ ਵੀ ਭਾਗ ਲੈ ਰਹੇ ਹਨ। ਇੱਥੇ ਡਾ. ਬੱਲ ਨੇ ਆਪਣੀ ਮੈਡੀਕਲ ਖੋਜ ਬਾਰੇ ਬਹੁਤ ਹੀ ਅਹਿਮ ਖ਼ੁਲਾਸਾ ਕੀਤਾ।
ਡਾ. ਮਨਜੀਤ ਸਿੰਘ ਬੱਲ ਅੱਜ ਸਨਿੱਚਰਵਾਰ ਨੂੰ ਬਠਿੰਡਾ ਦੇ Hotel Sepal 'ਚ 'ਮੈਪੀਕੌਨ ਬਠਿੰਡਾ 2021' 'ਚ ਭਾਸ਼ਣ ਦਿੰਦੇ ਹੋਏ।
ਹਿਮਾਲਚ ਪ੍ਰਦੇਸ਼ ਦੇ ਸੋਲਨ ਸਥਿਤ ‘ਮਹਾਰਿਸ਼ੀ ਮਾਰਕੰਡੇਸ਼ਵਰ ਮੈਡੀਕਲ ਕਾਲਜ ਐਂਡ ਹੌਸਪਿਟਲ’ (MM Medical College & Hospital, Solan – H.P.) ਵੱਲੋਂ ਇਸ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਪੁੱਜੇ 13 ਕਿਤਾਬਾਂ ਦੇ ਲੇਖਕ ਡਾ. ਮਨਜੀਤ ਸਿੰਘ ਬੱਲ ਨੇ ਆਪਣੇ ‘The Utility of the Pre-Operative Diagnosis in Kidney Diseases’ ਸਿਰਲੇਖ ਹੇਠਲੇ ਭਾਸ਼ਣ ਦੌਰਾਨ ਦੱਸਿਆ ਕਿ ਗੁਰਦੇ ਖ਼ਰਾਬ ਹੋਣ, ਖ਼ਾਸ ਕਰ ਕੇ ਗੁਰਦਿਆਂ ਦੇ ਕੈਂਸਰ ਰੋਗ ਵਿੱਚ ਕੁਝ ਵਾਰ ਮਰੀਜ਼ ਨੂੰ ਬਚਾਉਣ ਲਈ ਉਨ੍ਹਾਂ ਨੂੰ ਆਪਰੇਸ਼ਨ ਕਰ ਕੇ ਕੱਢਣ ਦੀ ਜ਼ਰੂਰਤ ਨਹੀਂ ਹੁੰਦੀ; ਉਹ ਠੀਕ ਹੋ ਸਕਦੇ ਹੁੰਦੇ ਹਨ।
ਦਰਅਸਲ, ਡਾ. ਮਨਜੀਤ ਸਿੰਘ ਬੱਲ ਜਦੋਂ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ’ਚ ਪ੍ਰੋਫ਼ੈਸਰ ਨਿਯੁਕਤ ਸਨ, ਤਦ ਉਨ੍ਹਾਂ ਗੁਰਦੇ ਦੇ ਰੋਗੀਆਂ ਉੱਤੇ 50 ਕੇਸ–ਸਟੱਡੀਜ਼ ਕੀਤੀਆਂ ਸਨ। ਉਨ੍ਹਾਂ ਹੀ ਕੇਸ ਅਧਿਐਨਾਂ ਦੇ ਹਵਾਲੇ ਨਾਲ ਡਾ. ਬੱਲ ਨੇ ਅੱਜ ਦੱਸਿਆ ਕਿ ਆਮ ਤੌਰ ’ਤੇ ਜਦੋਂ ਰੋਗ ਦੀ ਐਡਵਾਂਸਡ ਹਾਲਤ ਵਿੱਚ ਜਦੋਂ ਗੁਰਦੇ ਗਲ਼–ਸੜ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸਰਜਰੀ ਰਾਹੀਂ ਸਰੀਰ ਤੋਂ ਵੱਖ ਕਰਨਾ ਪੈਂਦਾ ਹੈ। ਡਾਕਟਰ ਅਜਿਹਾ ਫ਼ੈਸਲਾ ਮਰੀਜ਼ ਦੀ ਜਾਨ ਬਚਾਉਣ ਲਈ ਹੀ ਲੈਂਦੇ ਹਨ।
ਡਾ. ਬੱਲ ਨੇ ਦੱਸਿਆ ਕਿ ਉਨ੍ਹਾਂ ਨੇ ਜਿਹੜੇ 50 ਕੇਸ–ਅਧਿਐਨ ਕੀਤੇ ਸਨ, ਉਨ੍ਹਾਂ ਵਿੱਚੋਂ ਦੋ ਮਰੀਜ਼ਾਂ ਦੇ ਗੁਰਦੇ ਕੱਢਣ ਦੀ ਲੋੜ ਨਹੀਂ ਸੀ। ਇਸ ਦਾ ਮਤਲਬ ਹੈ ਕਿ 4% ਰੋਗੀ ਦੇ ਗੁਰਦੇ ਬਚ ਸਕਦੇ ਹੁੰਦੇ ਹਨ; ਬਸ਼ਰਤੇ ਡਾਕਟਰ ਜੇ ਥੋੜ੍ਹਾ ਧਿਆਨ ਰੱਖਣ।
ਡਾ. ਮਨਜੀਤ ਸਿੰਘ ਬੱਲ ਬਠਿੰਡਾ 'ਚ ਡਾ. ਜਗਜੀਤ ਸਿੰਘ ਬਾਹੀਆ ਤੇ ਡਾ. ਮਨਪ੍ਰੀਤ ਸਿੰਘ ਨੰਦਾ (ਵਿਚਕਾਰ) ਨਾਲ
ਡਾ. ਮਨਜੀਤ ਸਿੰਘ ਬੱਲ ਨੇ ਇੱਕ ਮਿਸਾਲ ਦਿੱਤੀ ਕਿ ਇੱਕ ਮਰੀਜ਼ ਦੇ ਘਰ ’ਚ ਰੱਖੇ ਇੱਕ ਪਸ਼ੂ ਨੇ ਗੁਰਦੇ ਵਾਲੀ ਥਾਂ ਉੱਤੇ ਆਪਣਾ ਸਿੰਗ ਮਾਰਿਆ। ਸਾਲ ਕੁ ਬਾਅਦ ਜਦੋਂ ਉਸ ਦੇ ਦਰਦ ਨਾ ਹਟਿਆ, ਤਾਂ ਡਾਕਟਰਾਂ ਨੇ ਚੈੱਕ ਕੀਤਾ ਤੇ ਵੇਖਿਆ ਕਿ ਉਸ ਦਾ ਗੁਰਦਾ ਗਲ਼ ਚੁੱਕਾ ਹੈ ਤੇ ਉਸ ਨੂੰ ਕੱਢ ਦਿੱਤਾ। ਉਹ ਗੁਰਦਾ ਜਦੋਂ ਨਿਰੀਖਣ ਲਈ ਡਾ. ਬੱਲ ਕੋਲ ਆਇਆ, ਤਾਂ ਉਨ੍ਹਾਂ ਵੇਖਿਆ ਕਿ ਉਸ ਗੁਰਦੇ ਦੁਆਲੇ ਸਿਰਫ਼ ਖ਼ੂਨ ਜੰਮਿਆ ਹੋਇਆ ਸੀ ਤੇ ਉਸ ਨੂੰ ਸਾਫ਼ ਕਰ ਕੇ ਮਰੀਜ਼ ਦਾ ਗੁਰਦਾ ਬਚਾਇਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ।
ਹਾਲੇ ਇਹ ਕਾਨਫ਼ਰੰਸ ਚੱਲ ਰਹੀ ਹੈ। MM Medical College & Hospital, Solan ਤੋਂ ਡਾ. ਮੇਘਨਾ ਗੁਪਤਾ ਵੀ ਇਸ ਕਾਨਫ਼ਰੰਸ ਵਿੱਚ ਭਾਗ ਲੈ ਰਹੇ ਹਨ।