ਕਵੀਸ਼ਰੀ ਦਾ ਥੰਮ੍ਹ : ਦਰਸ਼ਨ ਸਿੰਘ ਭੰਮੇ
~ ਪ੍ਰੋ. ਨਵ ਸੰਗੀਤ ਸਿੰਘ
ਮਾਲਵੇ ਦੀ ਧੁੰਨੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਰਹਿੰਦੇ ਦਰਸ਼ਨ ਸਿੰਘ ਭੰਮੇ ਦਾ ਜਨਮ 26 ਅਕਤੂਬਰ 1959 ਪਿੰਡ ਭੰਮੇ ਕਲਾਂ (ਮਾਨਸਾ) ਵਿਖੇ ਹੋਇਆ। ਉਸ ਨੇ ਲੰਮਾ ਸਮਾਂ ਅਸਿਸਟੈਂਟ ਯੂਨਿਟ ਅਫਸਰ, ਸਿਵਲ ਸਰਜਨ ਦਫ਼ਤਰ, ਮਾਨਸਾ ਅਤੇ ਹੋਰ ਥਾਵਾਂ ਤੇ ਸੇਵਾ ਨਿਭਾਈ ਹੈ। ਸੇਵਾ-ਮੁਕਤੀ ਤੋਂ ਬਾਅਦ ਉਹ ਪੂਰੀ ਤਰ੍ਹਾਂ ਕਾਵਿ ਤੇ ਕਵੀਸ਼ਰੀ ਨਾਲ਼ ਜੁੜਿਆ ਹੋਇਆ ਹੈ।
ਭੰਮੇ ਹਰ ਵਿਸ਼ੇ ਤੇ ਖੂਬਸੂਰਤ ਛੰਦਬੱਧ ਕਵਿਤਾ ਲਿਖਣ ਦਾ ਮਾਹਿਰ ਹੈ। ਆਪਣੇ ਉਸਤਾਦ ਪੰਡਿਤ ਰੇਵਤੀ ਪ੍ਰਸ਼ਾਦ ਸ਼ਰਮਾ (ਰਾਸ਼ਟਰਪਤੀ ਐਵਾਰਡੀ) ਤੋਂ ਥਾਪੜਾ ਲੈ ਕੇ ਉਸ ਨੇ ਹੁਣ ਤਕ 10 ਕਿਤਾਬਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚ ਸੁੱਖਾਂ ਲੱਧੇ ਸੁਨੇਹੇ, ਦੋ ਪ੍ਰੀਤ ਕਿੱਸੇ, ਛੰਦ ਬਗ਼ੀਚਾ, ਗੰਗਾ ਮਾਤਾ, ਰੂਪ ਬਸੰਤ, ਛੰਦ ਗਠੜੀ, ਪਰਮ ਗਾਥਾਵਾਂ ਸਮੇਤ ਤਿੰਨ ਈ-ਬੁਕਸ ਏਕਲੱਵਿਆ, ਭਗਤ ਰਵਿਦਾਸ, ਅੱਖਰ ਬੋਲ ਪਏ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉਸ ਦੀਆਂ ਕੁਝ ਹੋਰ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ, ਜਿਨ੍ਹਾਂ ਵਿਚ ਬਾਬਾ ਬੋਤਾ ਸਿੰਘ, ਕ੍ਰਿਸ਼ਨ ਅਵਤਾਰ, ਸੀਤਾ ਪ੍ਰੀਖਿਆ, ਬਾਬਾ ਸਿੱਧ ਭੋਇ, ਗੁਰੂ ਨਾਨਕ ਦੇਵ ਜੀ ਦਾ ਨਾਂ ਸ਼ਾਮਲ ਹੈ।
ਉਸ ਨੇ ਬਹੁਤ ਸਾਰੇ ਆਨਲਾਈਨ ਪ੍ਰੋਗਰਾਮਾਂ ਵਿੱਚ ਪਿੰਗਲ ਅਤੇ ਛੰਦ ਬਾਰੇ ਮਹੱਤਵਪੂਰਨ ਜਾਣਕਾਰੀ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹਨ- ਕਲਮਾਂ ਦਾ ਕਾਫ਼ਲਾ, ਪਰਮਦੀਪ ਸਿੰਘ ਦੀਪ ਯਾਦਗਾਰੀ ਵੈੱਲਫੇਅਰ ਸੁਸਾਇਟੀ ਆਦਿ।
ਕਵੀਸ਼ਰੀ ਉਸ ਦੇ ਰੋਮ-ਰੋਮ ਵਿਚ ਰਚੀ ਹੋਈ ਹੈ। ਉਹ ਡੇਂਗੂ/ ਮਲੇਰੀਆ ਦੀ ਰੋਕਥਾਮ ਬਾਰੇ ਵੀ ਕਵਿਤਾ ਵਿਚ ਜਾਣਕਾਰੀ ਦਿੰਦਾ ਰਿਹਾ ਹੈ, ਜਿਸ ਦਾ ਇੱਕ ਨਮੂਨਾ ਪੇਸ਼ ਹੈ:
ਦਵਾ ਰੋਗ ਭਜਾਉਂਦੀ ਐ, ਜੇਕਰ ਸੰਜਮ ਦੇ ਨਾਲ ਖਾਈਏ। ਦੱਸਿਆ ਨੁਕਤਾ ਵੈਦਾਂ ਦਾ, ਇਸ ਨੂੰ ਕਦੇ ਨਾ ਮਨੋਂ ਭੁਲਾਈਏ। ਬਿਨ ਲੋੜੋਂ ਖਾਈਏ ਨਾ, ਦੱਸਦੇ ਜਿੰਨੇ ਸਿਹਤ ਵਿਗਿਆਨੀ।
ਦਵਾ ਦਵਾ ਨਹੀਂ ਰਹਿੰਦੀ, ਬਦਲੇ ਰੂਪ ਮਾਰੇ ਜ਼ਿੰਦਗਾਨੀ।
(ਇਸ ਲੰਮੀ ਕਵਿਤਾ ਵਿਚ ਪੈਰਾਸਿਟਾਮੋਲ, ਕੁਨੀਨ, ਬੀ ਕੰਪਲੈਕਸ, ਸੈਪਟਰਾਨ, ਏਵਲ, ਡਾਇਜ਼ਾਪਾਮ, ਆਦਿ ਗੋਲੀਆਂ ਦਾ ਬੜਾ ਸੁੰਦਰ ਅਤੇ ਸਾਰਥਕ ਵਰਣਨ ਕਰਕੇ ਉਸ ਨੇ ਬੀਮਾਰੀ ਦੇ ਇਲਾਜ ਨੂੰ ਸਮਝਾਇਆ ਹੈ।)
ਕਿਤਾਬ ਬਾਰੇ ਉਸ ਦੀਆਂ ਇਹ ਕਾਵਿ-ਸਤਰਾਂ ਵੀ ਬਹੁਤ ਖੂਬਸੂਰਤ ਹਨ:
ਪੁਸਤਕ ਬੋਲਦੀ ਸੁਣੋ ਪੁਕਾਰ ਮੇਰੀ
ਕਰਤੀ ਬੰਦ ਮੈਂ ਵਿੱਚ ਅਲਮਾਰੀਆਂ ਦੇ
ਕਦਰ ਕੀਮਤ ਨਾ ਰਹੀ ਅੱਜ ਕੋਈ
ਚੜ੍ਹਗੀ ਧੱਕੇ ਮੈਂ ਬੰਦੇ ਹੰਕਾਰੀਆਂ ਦੇ।
ਆਪਣੇ ਪਿੰਡ ਭੰਮੇ ਕਲਾਂ ਬਾਰੇ ਉਸ ਨੇ ਇਹ ਵੇਰਵਾ ਸਾਂਝਾ ਕੀਤਾ ਹੈ:
ਮਾਨਸਾ ਦੇ ਨੇਡ਼ੇ ਭੰਮੇ ਕਲਾਂ ਗਾਮ ਜੀ
ਜਾਂਦੀਆਂ ਨੇ ਬੱਸਾਂ ਜਿੱਥੇ ਆਮੋ ਆਮ ਜੀ
ਲੰਮੇ ਰੂਟ ਵਾਲੀ ਰੁਕਦੀ ਵੀ ਲਾਰੀ ਐ
ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀ ਐ।
ਵਾਤਾਵਰਣ ਦੀ ਸਾਂਭ-ਸੰਭਾਲ ਕਰਨ ਵਾਲਾ ਤੇ ਰੁੱਖ-ਪੌਦਿਆਂ ਨੂੰ ਪਿਆਰ ਕਰਨ ਵਾਲਾ ਦਰਸ਼ਨ ਸਿੰਘ ਭੰਮੇ ਇਸ ਤਰ੍ਹਾਂ ਲਿਖਦਾ ਹੈ:
ਪੌਦਿਆਂ ਦੇ ਸੰਗ ਪਹਿਲੇ ਦਿਨ ਤੋਂ ਪੱਕੀ ਯਾਰੀ
ਇਹ ਵੀ ਖੁਸ਼ ਨੇ ਮੈਂ ਵੀ ਖੁਸ਼ ਹਾਂ ਹਉਕੇ ਭਰੇ ਬਿਮਾਰੀ
ਤੀਆਂ ਵਾਂਗੂੰ ਦਿਨ ਲੰਘਣੇ ਕਰੋ ਇਨ੍ਹਾਂ ਸੰਗ ਬਾਤਾਂ
ਹਵਾ ਤੇ ਪਾਣੀ ਸ਼ੁੱਧ ਨੇ ਕਰਦੇ ਇਹ ਸਤਿਗੁਰ ਦੀਆਂ ਦਾਤਾਂ।
ਪ੍ਰਸਿੱਧ ਲੇਖਕ ਨਰਿੰਜਨ ਬੋਹਾ ਨੇ 'ਮੇਰੇ ਹਿੱਸੇ ਦਾ ਅਦਬੀ ਸੱਚ' ਕਾਲਮ ("ਮਹਿਰਮ"- ਮਾਰਚ 2019 ਅੰਕ) ਵਿੱਚ "ਪੰਜਾਬ ਦੇ ਕਿੱਸਾ ਕਾਵਿ ਵਿੱਚ ਜ਼ਿਲ੍ਹਾ ਮਾਨਸਾ ਦਾ ਯੋਗਦਾਨ" ਲਿਖਦਿਆਂ ਦਰਸ਼ਨ ਸਿੰਘ ਭੰਮੇ ਦੀਆਂ ਲਿਖਤਾਂ ਅਤੇ ਸਾਹਿਤ-ਸੇਵਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ।
ਕਿਸੇ ਵੀ ਪੁਸਤਕ ਦੀ ਰਚਨਾ ਕਰਨ ਸਮੇਂ ਭੰਮੇ ਪੂਰੀ ਖੋਜ-ਪੜਤਾਲ ਕਰਦਾ ਹੈ, ਤਾਂ ਕਿਤੇ ਜਾ ਕੇ ਸਹੀ ਤੇ ਪ੍ਰਮਾਣਿਕ ਤਸਵੀਰ ਪਾਠਕਾਂ ਦੀ ਨਜ਼ਰ ਕਰਦਾ ਹੈ। ਜਿਵੇਂ ਮਾਤਾ ਗੰਗਾ ਜੀ ਬਾਰੇ ਪੁਸਤਕ ਲਿਖਣ ਤੋਂ ਪਹਿਲਾਂ ਉਹਨੇ 15-20 ਦਿਨ ਮਉ ਸਾਹਿਬ (ਮਾਤਾ ਜੀ ਦਾ ਪੇਕਾ ਪਿੰਡ) ਜਾ ਕੇ ਪੂਰੀ ਜਾਣਕਾਰੀ ਹਾਸਲ ਕੀਤੀ ਤੇ ਹਾਲਾਤ ਤੋਂ ਜਾਣੂ ਹੋ ਕੇ ਕਈ ਵਾਰ ਭਾਵੁਕ ਵੀ ਹੋਇਆ।
ਉਸ ਵੱਲੋਂ ਵਰਤੇ ਗਏ ਛੰਦਾਂ ਵਿੱਚ ਕਬਿੱਤ, ਦੋਤਾਰਾ, ਦੋਹਿਰਾ, ਦਵੱਈਆ, ਮਨੋਹਰ ਭਵਾਨੀ, ਕਲੀ, ਕੋਰੜਾ, ਕੇਸਰੀ, ਬੈਂਤ, ਕੁੰਡਲੀਆ, ਕੇਸਰੀ ਕਬਿੱਤ, ਸੋਰਠਾ, ਮੁਕੰਦ, ਝੋਕ, ਡੇਢਾ ਕੇਸਰੀ, ਕਾਫ਼ੀ, ਸਤਾਰੀਆ, ਨਵੀਨ ਝੋਕ, ਚਟਪਟਾ ਆਦਿ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਾ ਸਕਦਾ ਹੈ।
ਉਸ ਦੀਆਂ ਪੁਸਤਕਾਂ ਸਬੰਧੀ ਮਾ. ਰੇਵਤੀ ਪ੍ਰਸ਼ਾਦ ਸ਼ਰਮਾ, ਸੁਲੱਖਣ ਸਰਹੱਦੀ, ਪ੍ਰੋ. ਗੁਰਦੀਪ ਸਿੰਘ, ਮਾ. ਸੁਖਰਾਜ ਸਿੰਘ ਸੰਦੋਹਾ, ਡਾ. ਅਮਰਜੀਤ ਸਿੰਘ ਆਦਿ ਨੇ ਮੁਕਤ- ਕੰਠ ਨਾਲ ਉਸ ਦੀ ਪ੍ਰਸੰਸਾ ਕੀਤੀ ਹੈ। ਇਸ ਸਾਲ ਭੰਮੇ ਨੇ ਤਲਵੰਡੀ ਸਾਬੋ ਇਲਾਕੇ ਦੇ 33 ਕਵੀਆਂ ਦੀਆਂ 148 ਕਵਿਤਾਵਾਂ ਨੂੰ ਇਕ ਮੰਚ ਤੇ ਇਕੱਠੇ ਕਰਕੇ 'ਕਲਮਾਂ ਦੇ ਰੰਗ' ਨਾਂ ਦੀ ਪੁਸਤਕ ਸੰਪਾਦਿਤ ਕੀਤੀ, ਜਿਸਦੀ ਖ਼ੂਬ ਪ੍ਰਸੰਸਾ ਹੋਈ। ਇਹ ਪੁਸਤਕ ਇਸ ਸਾਲ 15 ਅਗਸਤ ਨੂੰ ਰਿਲੀਜ਼ ਕੀਤੀ ਗਈ ਸੀ।
ਸਾਡੀ ਦੁਆ ਹੈ ਕਿ ਦਰਸ਼ਨ ਸਿੰਘ ਭੰਮੇ ਕਵਿਤਾ ਦੇ ਵਿਹੜੇ ਵਿੱਚ ਇਵੇਂ ਹੀ ਖ਼ੁਸ਼ਬੋਈਆਂ ਬਿਖੇਰਦਾ ਰਹੇ ਅਤੇ ਆਪਣੀ ਕਲਮ ਰਾਹੀਂ ਖ਼ੁਸ਼ੀਆਂ, ਖੇੜਿਆਂ ਦੇ ਨਾਲ-ਨਾਲ ਲੋਕਾਂ ਦੇ ਦੁੱਖਾਂ, ਮੁਸ਼ਕਲਾਂ ਤੇ ਔਕੜਾਂ ਦੀ ਬਾਤ ਵੀ ਪਾਉਂਦਾ ਰਹੇ।
ਉਸ ਦੇ ਕਾਵਿ-ਕੌਸ਼ਲ ਦੀਆਂ ਹੋਰ ਕੁਝ ਉਦਾਹਰਣਾਂ ਪੇਸ਼ ਹਨ:
ਰੂਪ ਜੋ ਰਾਜਾ ਮਿਸਰ ਦਾ ਸੰਗਲਦੀਪ ਬਸੰਤ
ਪਰਜਾ ਮੌਜਾਂ ਮਾਣਦੀ ਸੁੱਖ ਆਏ ਬੇਅੰਤ। (ਰੂਪ ਬਸੰਤ)
ਸੁਣ ਲੋ ਗੱਲ ਭਰਾਵੋ ਮੇਰੀ, ਸੋਲ਼ਾਂ ਆਨੇ ਚਾਲੀ ਸੇਰੀ
ਦੇਹੀ ਵਾਂਗ ਬੁਦਬੁਦੇ ਪਾਣੀ, ਦਸਦੀ ਪੜ੍ਹ ਕੇ ਵਾਚੋ ਬਾਣੀ
ਉੱਠ ਤੁਰ ਜਾਣਾ ਸਾਰਿਆਂ ਨੇ
ਬੈਠ ਕਿਸੇ ਨਾ ਰਹਿਣਾ, ਐਥੇ ਹੌਲੇ ਭਾਰਿਆਂ ਨੇ।
(ਛੰਦ ਗਠੜੀ)
ਦੇਖੋ ਭਗਤਾਂ ਦੇ ਰੰਗ, ਭਾਵੇਂ ਕੱਟੋ ਅੰਗ ਅੰਗ
ਹੁੰਦੇ ਰਾਮ ਤੋਂ ਨਿਸੰਗ ਨਾ ਰਤਾ ਵੀ ਡੋਲਦੇ
ਰਾਮ ਰਾਮ ਮੁੱਖੋਂ ਸਦਾ ਰਹਿੰਦੇ ਬੋਲਦੇ। (ਪਰਮ ਗਾਥਾਵਾਂ)
ਅੰਮ੍ਰਿਤ ਵੇਲੇ ਦਾ ਜਨਮ ਏਸਦਾ
ਦਾਮਨੀ ਸਮਾਨ ਚਮਕਾਰ ਫੇਸ ਦਾ
ਪਤਲੇ ਜੇ ਬੁੱਲ੍ਹ ਵਾਂਗ ਨੇ ਪਤੰਗ ਕੇ ਜੀ
ਬੱਚੀ ਦੇ ਮੁਖਾਰ ਤੇ ਰੂਹਾਨੀ ਰੰਗ ਜੀ। (ਮਾਤਾ ਗੰਗਾ ਜੀ)
**********
ਪ੍ਰੋ. ਨਵ ਸੰਗੀਤ ਸਿੰਘ
# ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
94176 92015