ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ ਹਫ਼ਤਾ ਕੁ ਪਹਿਲਾਂ ਭਾਰਤ ਦੀ ਸਰਕਾਰ ਤੇ ਉਸ ਦੇ ਇਸ਼ਾਰਿਆਂ ’ਤੇ ਕਠਪੁਤਲੀਆਂ ਵਾਂਗ ਨੱਚਣ ਵਾਲੇ ‘ਗੋਦੀ ਮੀਡੀਆ’ ਨੇ ਖ਼ੂਬ ਪ੍ਰਚਾਰ ਕੀਤਾ ਸੀ ਕਿ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ–ਦਿਨ ਮੌਕੇ ਦੇਸ਼ ਦੇ ਸਿਹਤ ਵਿਭਾਗ ਨੇ ਇੱਕੋ ਦਿਨ (17 ਸਤੰਬਰ ਨੂੰ) ’ਚ ਕੋਰੋਨਾ ਵੈਕਸੀਨ ਦੀਆਂ 2.5 ਕਰੋੜ ਖ਼ੁਰਾਕਾਂ ਆਮ ਲੋਕਾਂ ਨੂੰ ਦੇ ਕੇ ਇੱਕ ਵਿਲੱਖਣ ਰਿਕਾਰਡ ਕਾਇਮ ਕੀਤਾ ਹੈ, ਜੋ ਯਕੀਨੀ ਤੌਰ ਉੱਤੇ ਪ੍ਰਧਾਨ ਮੰਤਰੀ ਦੇ ਜਨਮ–ਦਿਨ ਦਾ ਵੱਡਾ ਤੋਹਫ਼ਾ ਹੈ; ਜਦ ਕਿ ਉਸ ਦਿਨ ਦੀ ਅਸਲੀਅਤ ਕੁਝ ਹੋਰ ਹੀ ਸੀ, ਜਿਸ ਨੂੰ ਹੁਣ ‘ਸਕ੍ਰੌਲ – Scroll’ ਨਾਂਅ ਦੇ ਪਰਚੇ ਨੇ ਜੱਗ–ਜ਼ਾਹਿਰ ਕੀਤਾ ਹੈ। ਆਮ ਜਨਤਾ ਨੂੰ ‘ਮੂਰਖ’ ਸਮਝਣ ਤੇ ‘ਮੂਰਖ’ ਬਣਾਉਣ ਵਾਲੇ ‘ਗੋਦੀ ਮੀਡੀਆ’ ਨੇ ਇਸ ਵਿੱਚ ਵੱਡੀ ਤੇ ਪ੍ਰਮੁੱਖ ਭੂਮਿਕਾ ਨਿਭਾਈ। ਦਰਅਸਲ, ਇਹ ਅੰਕੜਿਆਂ ਦਾ ਬਹੁਤ ਸੋਚਿਆ–ਸਮਝਿਆ ਹੇਰ–ਫੇਰ ਸੀ, ਹੋਰ ਕੁਝ ਨਹੀਂ।
ਹੁਣ ‘ਗੋਦੀ ਮੀਡੀਆ’ ਨੂੰ ਕੀ ਆਖੋਗੇ – ਜ਼ਿੰਦਾਬਾਦ ਜਾਂ ਹਾਏ–ਹਾਏ! ਇਹ ਵਿਕਿਆ ਹੋਇਆ ਤਲ਼ਵੇ–ਚੱਟ ਮੀਡੀਆ ‘ਜ਼ਿੰਦਾਬਾਦ’ ਤਾਂ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਇਸ ’ਤੇ ਸਦਾ ਥੂ–ਥੂ ਕਰਨਗੀਆਂ ਤੇ ਇਸ ਨੂੰ ਲਾਹਨਤਾਂ ਪਾਉਂਦਿਆਂ ਇਸ ਦੇ ਸਮਾਜ ਵਿੱਚ ਨਾਂਹ–ਪੱਖੀ ਯੋਗਦਾਨ ਨੂੰ ਇੱਕ ‘ਕਾਲਾ ਅਧਿਆਇ’ ਕਰਾਰ ਦੇਣਗੀਆਂ। ਅਜਿਹਾ ਇਸ ਲਈ ਕਿਉਂਕਿ ਜਿੱਥੇ ਇਸ ‘ਗੋਦੀ ਮੀਡੀਆ’ ਨੇ ਇੱਕ ਪਾਸੇ ਹਰ ਸਮੇਂ ਭਾਜਪਾ ਦੀ ਅਗਵਾਈ ਹੇਠਲੀ ਮੌਜੂਦਾ ਕੇਂਦਰ ਸਰਕਾਰ ਦੇ ਹੱਕ ’ਚ ਕੂੜ ਪ੍ਰਚਾਰ ਕੀਤਾ, ਉੱਥੇ ਦੂਜੇ ਪਾਸੇ ਸਮਾਜ ਵਿੱਚ ਫਿਰਕੂ ਜ਼ਹਿਰ ਵੀ ਫੈਲਾਇਆ ਹੈ।
ਨਰਿੰਦਰ ਮੋਦੀ ਨੂੰ ਆਮ ਜਨਤਾ ਲਈ ‘ਰੱਬ ਵਰਗੀ ਸ਼ਖ਼ਸੀਅਤ’ ਬਣਾ ਕੇ ਪੇਸ਼ ਕਰਨ ਦੀ ਚਾਲ ਅਸਲ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਈਟੀ ਸੈੱਲ ਦੀ ਹੈ।
‘ਸਕ੍ਰੌਲ’ ਦੀ ਪੱਤਰਕਾਰ ਤਬੱਸੁਮ ਬੜਨਗਰਵਾਲਾ ਨੇ ਕੇਂਦਰ ਸਰਕਾਰ ਦੀ ਪੋਲ ਖੋਲ੍ਹਣ ਲਈ ਬਿਹਾਰ ਦੇ ਅੰਕੜਿਆਂ ਨੂੰ ਆਧਾਰ ਬਣਾਇਆ ਤੇ ਕੇਂਦਰ ਸਰਕਾਰ ਦੇ 17 ਸਤੰਬਰ ਵਾਲੇ ਅਖੌਤੀ ਰਿਕਾਰਡ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਸ ਖ਼ਬਰ ’ਚ ਅੰਕੜੇ ਸਿਰਫ਼ ਬਿਹਾਰ ਦੇ ਹੀ ਦਿੱਤੇ ਗਏ ਹਨ – ਪੂਰੇ ਦੇਸ਼ ਦੇ ਹਰੇਕ ਸੂਬੇ ਵਿੱਚ ਇੰਝ ਹੀ ‘ਘੋਟਾਲਾ’ ਕੀਤਾ ਗਿਆ – ਖ਼ਾਸ ਕਰ ਕੇ ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ਵਿੱਚ।
ਦਰਅਸਲ, ਸ਼ੁੱਕਰਵਾਰ, 17 ਸਤੰਬਰ ਨੂੰ ਰਿਕਾਰਡ ਬਣਾਉਣ ਦੇ ਚੱਕਰ ਵਿੱਚ ਪਿਛਲੇ ਦੋ ਦਿਨਾਂ ਦੇ ਟੀਕਾਕਰਣ ਦੇ ਇੰਦਰਾਜ਼ (Entries) ਰੋਕ ਲਏ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ–ਦਿਨ ਮੌਕੇ ਵੈਕਸੀਨ ਲਾਏ ਜਾਣ ਦਾ ਵੱਡਾ ਰਿਕਾਰਡ ਵਿਖਾਉਣ ਲਈ 15 ਤੇ 16 ਸਤੰਬਰ ਨੂੰ ਨਾਮਾਤਰ ਐਂਟ੍ਰੀਜ਼ ਕੀਤੀਆਂ ਗਈਆਂ ਸਨ ਤੇ ਫਿਰ ਉਨ੍ਹਾਂ ਦੋ ਦਿਨਾਂ ਦੀਆਂ ਸਾਰੀਆਂ ਐਂਟ੍ਰੀਜ਼ 17 ਸਤੰਬਰ ਨੂੰ ਕੀਤੀਆਂ ਗਈਆਂ।
ਮੁਲਾਜ਼ਮਾਂ ਨੂੰ ਉਸ ਦਿਨ ਰਾਤ ਦੇ 11:59 ਵਜੇ ਤੱਕ ਕੰਮ ਕਰਨਾ ਪਿਆ ਤੇ ਉਸ ਲਈ ਹਰੇਕ ਕਰਮਚਾਰੀ ਨੂੰ 150 ਰੁਪਏ ਘੰਟਾ ਦੇ ਹਿਸਾਬ ਨਾਲ ਓਵਰ–ਟਾਈਮ ਦਾ ਭੁਗਤਾਨ ਵੀ ਕੀਤਾ ਗਿਆ।
ਇਹ ਸਾਰੇ ਅੰਕੜੇ CoWIN (ਕੋ–ਵਿਨ) ਨਾਂਅ ਦੀ ਸਰਕਾਰੀ ਐਪ. ਉੱਤੇ ਆਸਾਨੀ ਨਾਲ ਉਪਲਬਧ ਹਨ ਤੇ ਇਨ੍ਹਾਂ ਨੂੰ ਕੋਈ ਵੀ ਆਸਾਨੀ ਨਾਲ ਵੇਖ ਤੇ ਪਰਖ ਸਕਦਾ ਹੈ।
ਆਮ ਤੌਰ ’ਤੇ ਬਿਹਾਰ ’ਚ 2,000 ਥਾਵਾਂ ਉੱਤੇ ਰੋਜ਼ਾਨਾ ਕੋਰੋਨਾ ਵੈਕਸੀਨ ਲੱਗਦੀ ਹੈ ਪਰ ਉਸ ਦਿਨ 17 ਸਤੰਬਰ ਨੂੰ ਇਨ੍ਹਾਂ ਸਥਾਨਾਂ ਦੀ ਗਿਣਤੀ ਵਧਾ ਕੇ 14,483 ਕਰ ਦਿੱਤੀ ਗਈ ਸੀ ਤੇ 50,000 ਸਿਹਤ ਮੁਲਾਜ਼ਮਾਂ ਦੀ ਖ਼ਾਸ ਡਿਊਟੀ ਇਸ ਕੰਮ ਲਈ ਲਾਈ ਗਈ ਸੀ।
‘ਸਕ੍ਰੌਲ’ ਨੂੰ ਇਹ ਸਭ ਸਰਕਾਰੀ ਅਧਿਕਾਰੀਆਂ ਨੇ ਹੀ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਹੈ।
ਬਿਹਾਰ ’ਚ 16 ਸਤੰਬਰ ਨੂੰ ਸਿਰਫ਼ 1,333 ਟੀਕਾਕਰਣ ਕੇਂਦਰਾਂ ਉੱਤੇ 86,253 ਟੀਕੇ ਲੋਕਾਂ ਨੂੰ ਲਾਏ ਗਏ। ਇੰਝ ਹੀ 15 ਸਤੰਬਰ ਨੂੰ ਸਿਰਫ਼ 1 ਲੱਖ 45 ਹਜ਼ਾਰ 593 ਟੀਕੇ ਲਾਏ ਗਏ ਸਨ। ਉਂਝ ਬਿਹਾਰ ’ਚ ਔਸਤਨ ਰੋਜ਼ਾਨਾ ਸਾਢੇ ਪੰਜ ਲੱਖ ਵੈਕਸੀਨਾਂ ਲੱਗਦੀਆਂ ਹਨ।
ਅਜਿਹੇ ਸਬੂਤ ਵੀ ਮੌਜੂਦ ਹਨ ਕਿ ਦਰਭੰਗਾ ਤੇ ਸਹਿਰਸਾ ਜ਼ਿਲ੍ਹਿਆਂ ਦੇ ਸਥਾਨਕ ਸਿਹਤ ਅਧਿਕਾਰੀਆਂ ਨੂੰ ਜ਼ਿਲ੍ਹਾ ਮੈਜਿਸਟ੍ਰੇਟਸ ਨੇ ਹੁਕਮ ਜਾਰੀ ਕੀਤੇ ਸਨ ਕਿ ਉਹ 16 ਸਤੰਬਰ ਨੂੰ CoWIN ਪੋਰਟਲ ’ਤੇ ਵੈਕਸੀਨੇਸ਼ਨ ਭਾਵ ਟੀਕਾਕਰਣ ਦੇ ਅੰਕੜੇ ਦਰਜ ਨਾ ਕਰਨ।
16 ਸਤੰਬਰ ਨੂੰ ਦਰਭੰਗਾ ਜ਼ਿਲ੍ਹੇ ’ਚ ਸਿਰਫ਼ 752 ਟੀਕੇ ਲੱਗੇ ਵਿਖਾਏ ਗਏ। ਦਰਭੰਗਾ ਜ਼ਿਲ੍ਹੇ ’ਚ ਸਿਰਫ਼ 3,000 ਟੀਕੇ ਲੱਗੇ ਦਰਸਾਏ ਗਏ। ਪਰ 17 ਸਤੰਬਰ ਨੂੰ ਅਚਾਨਕ ਇਹ ਗਿਣਤੀ 11,000 ਹੋ ਗਈ। ਇੰਝ ਹੀ ਬਿਹਾਰ ਦੇ ਸਹਿਰਸਾ ਜ਼ਿਲ੍ਹੇ ’ਚ 14 ਸਤੰਬਰ ਨੂੰ ਸਿਰਫ਼ 253 ਟੀਕੇ ਲੱਗੇ ਵਿਖਾਏ ਗਏ, 15 ਸਤੰਬਰ ਨੂੰ ਕੋਈ ਟੀਕਾ ਲੱਗਾ ਨਹੀਂ ਦਰਸਾਇਆ ਗਿਆ ਤੇ 16 ਸਤੰਬਰ ਨੂੰ ਸਿਰਫ਼ 79 ਟੀਕੇ ਕਾਗਜ਼ਾਂ ’ਚ ਲੱਗੇ ਵਿਖਾੲ ਗਏ। ਪਰ 17 ਸਤੰਬਰ ਨੂੰ ਇਹ ਗਿਣਤੀ 82,826 ਹੋ ਗਈ।
ਦੇਸ਼ ਦੀ ਜਨਤਾ ਨੂੰ ‘ਮੂਰਖ’ ਸਮਝਣ ਤੇ ਬਣਾਉਣ ਅਤੇ ਅੰਕੜਿਆਂ ਨੂੰ ਲੁਕਾਉਣ ਦੀ ਇਸ ਤੋਂ ਵੱਡੀ ਘਟੀਆ ਸਾਜ਼ਿਸ਼ ਤੇ ਹੋਛੀ ਚਾਲ ਕੀ ਹੋ ਸਕਦੀ ਹੈ।